Breaking News
Home / ਹਫ਼ਤਾਵਾਰੀ ਫੇਰੀ / ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ

ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ

ਸਿੱਧੂ ਨੇ ਘਰ ਜਾ ਕੇ ਪਾਤਰ ਨੂੰ ਸੌਂਪਿਆ ਨਿਯੁਕਤੀ ਪੱਤਰ
ਲੁਧਿਆਣਾ/ਬਿਊਰੋ ਨਿਊਜ਼
ਕਾਂਗਰਸ ਸਰਕਾਰ ਨੇ ਸਤਿੰਦਰ ਸੱਤੀ ਨੂੰ ਹਟਾ ਕੇ ਉੱਘੇ ਸ਼ਾਇਰ ਡਾ.ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਾ. ਪਾਤਰ ਨੂੰ ਉਨ੍ਹਾਂ ਦੇ ਘਰ ਜਾ ਕੇ ਨਿਯੁਕਤੀ ਪੱਤਰ ਸੌਂਪਿਆ। ਲੁਧਿਆਣਾ ਪਹੁੰਚੇ ਸਿੱਧੂ ਨੇ ਕਿਹਾ ਕਿ ਸੂਬੇ ਦੇ ਅਮੀਰ ਸਭਿਆਚਾਰ ਨੂੰ ਪ੍ਰਫੁਲਤ ਕਰਨਾ ਸਰਕਾਰ ਦਾ ਮੁੱਖ ਮਕਸਦ ਹੈ। ਇਸ ਲਈ ਪੁਰਾਤਨ ਸੱਭਿਆਚਾਰ ਦੀ ਨੁਮਾਇੰਦਗੀ ਕਰਦੀਆਂ ਥਾਵਾਂ ਨੂੰ ਸੈਰ ਸਪਾਟੇ ਲਈ ਵਿਕਸਤ ਕੀਤਾ ਜਾਵੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਵੀ ਅਹਿਮ ਪ੍ਰੋਗਰਾਮ ਉਲੀਕੇ ਜਾਣਗੇ।
ਸਿੱਧੂ ਨੇ ਕਿਹਾ ਕਿ ਡਾ. ਪਾਤਰ ਦੀ ਨਿਯੁਕਤੀ ਨਾਲ ਸਭਿਆਚਾਰ/ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਨਿਯੁਕਤੀ ਨਾਲ ਨਵੀਆਂ ਪੁਲਾਂਘਾਂ ਪੁੱਟੇ ਜਾਣ ਦੀ ਆਸ ਵੀ ਬੱਝੀ ਹੈ। ਡਾ. ਪਾਤਰ ਨੂੰ ਨਵੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਦੱਸਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਸਮੇਂ ਵਿਚ ਪੰਜਾਬ ਕਲਾ ਪ੍ਰੀਸ਼ਦ ਨਾਲ ਸਿੱਧੇ ਤੌਰ ‘ਤੇ ਇੱਕ ਲੱਖ ਦੇ ਕਰੀਬ ਸੱਭਿਆਚਾਰ ਅਤੇ ਕਲਾ ਪ੍ਰੇਮੀਆਂ ਨੂੰ ਜੋੜਿਆ ਜਾਵੇਗਾ। ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਇੱਕ ਮਹੀਨੇ ਵਿਚ ਪੰਜਾਬੀ ਕਲਾ ਤੇ ਸੱਭਿਆਚਾਰ ਦੀ ਪਾਰਲੀਮੈਂਟ ਸਿਰਜੀ ਜਾਵੇ, ਜਿਸ ਵਿਚ ਪੰਜਾਬੀ ਕਲਾ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਕਾਰਾਤਮਕ ਵਿਚਾਰਾਂ ਕੀਤੀਆਂ ਜਾ ਸਕਣ।
ਡਾ. ਸੁਰਜੀਤ ਪਾਤਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਤੇ ਕਲਾ ਪ੍ਰੇਮੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜ੍ਹੀ ਕਰਕੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਸਮਰਪਿਤ ਹੋ ਕੇ ਯੋਗਦਾਨ ਦੇਣਗੇ। ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਕੋਨੇ-ਕੋਨੇ ਵਿਚ ਸੰਗੀਤ, ਕਵਿਤਾ ਤੇ ਗਾਇਨ ਆਦਿ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਕਲਾ ਤੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਇਸ ਦਾ ਦਾਇਰਾ ਹੋਰ ਵਿਸ਼ਾਲ ਹੋ ਸਕੇ। ਇਸ ਦੇ ਪਸਾਰੇ ਲਈ ਸਕੂਲਾਂ/ਕਾਲਜਾਂ ਤੱਕ ਵੀ ਪਹੁੰਚ ਕੀਤੀ ਜਾਵੇਗੀ। ਥੀਏਟਰ ਅਤੇ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਨੂੰ ਵੀ ਪ੍ਰਫੁਲਿਤ ਕੀਤਾ ਜਾਵੇਗਾ। ਡਾ. ਪਾਤਰ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ ਤੇ ਸੁਰਿੰਦਰ ਡਾਬਰ, ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਨਗਰ ਨਿਗਮ ਦੇ ਕਮਿਸ਼ਨਰ ਜਸਕਿਰਨ ਸਿੰਘ, ਗਾਇਕ ਪੰਮੀ ਬਾਈ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਨੇ ਡਾ. ਸੁਰਜੀਤ ਪਾਤਰ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਾਮਜ਼ਦ ਕੀਤੇ ਜਾਣ ‘ਤੇ ਵਧਾਈ ਦਿੱਤੀ ਹੈ। ਅਕੈਡਮੀ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦਾ ਮਾਣ ਹਨ।
ਸਿੱਧੂ ਨੇ ਪੰਜਾਬ ਕਲਾ ਪ੍ਰੀਸ਼ਦ ਬਣਾਈ ‘ਹਾਸੇ ਦੀ ਪਾਤਰ’
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਭੰਗ ਕਰਨ ਤੋਂ ਪਹਿਲਾਂ ਹੀ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ ਕਾਰਨ ਭੰਬਲਭੂਸਾ ਪੈ ਗਿਆ ਹੈ। ਥੀਏਟਰ ਦੀ ਨਾਮਵਰ ਸ਼ਖ਼ਸੀਅਤ ਨੀਲਮ ਮਾਨ ਸਿੰਘ ਨੂੰ ਕਲਾ ਪ੍ਰੀਸ਼ਦ ਵਿਚ ਅਹੁਦੇਦਾਰ ਨਾਮਜ਼ਦ ਕਰਨ ਦੀ ਜਾਣਕਾਰੀ ਮਿਲੀ ਹੈ ਜਦੋਂ ਕਿ ਪੰਜਾਬ ਕਲਾ ਪ੍ਰੀਸ਼ਦ ਦੇ ਸੰਵਿਧਾਨ ਅਨੁਸਾਰ ਪ੍ਰੀਸ਼ਦ ਦੀ ਮਿਆਦ ਖ਼ਤਮ ਹੋਣ ਜਾਂ ਇਸ ਨੂੰ ਭੰਗ ਕਰਕੇ ਹੀ ਸਰਕਾਰ ਕੇਵਲ ਤਿੰਨ ਮੈਂਬਰ ਨਾਮਜ਼ਦ ਕਰ ਸਕਦੀ ਹੈ। ਪਰ ਸਰਕਾਰ ਵੱਲੋਂ ਪ੍ਰੀਸ਼ਦ ਨੂੰ ਭੰਗ ਕੀਤੇ ਬਿਨਾਂ ਤੇ ਸੰਵਿਧਾਨ ਅਨੁਸਾਰ ਪਹਿਲਾਂ ਤਿੰਨ ਮੈਂਬਰ ਨਾਮਜ਼ਦ ਕਰਨ ਬਜਾਏ ਸਿੱਧੇ ਤੌਰ ‘ਤੇ ਡਾ. ਪਾਤਰ ਨੂੰ ਚੇਅਰਮੈਨ ਲਾਏ ਜਾਣ ਕਾਰਨ ਕਲਾ ਪ੍ਰੀਸ਼ਦ ਦੇ ਗਲਿਆਰਿਆਂ ਵਿਚ ਚਰਚਾ ਛਿੜੀ ਰਹੀ। ਉਧਰ ਪੁਰਾਣੀ ਟੀਮ ਪਹਿਲਾਂ ਵਾਂਗ ਹੀ ਸਰਗਰਮੀਆਂ ਚਲਾ ਰਹੀ ਹੈ ਕਿਉਂਕਿ ਕਲਾ ਪ੍ਰੀਸ਼ਦ ਨੂੰ ਨਵੇਂ ਫੈਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਰਾਹੀਂ ਸੁਰਜੀਤ ਪਾਤਰ ਨੂੰ ਭੇਜੇ ਪੱਤਰ ਵਿਚ ਉਨਾਂ ਨੂੰ ਪ੍ਰੀਸ਼ਦ ਵਿਚ ਬਤੌਰ ਮੈਂਬਰ ਜੁਆਇਨ ਕਰਨ ਅਤੇ ਇਸ ਸੰਸਥਾ ਦੀ ਅਗਵਾਈ ਕਰਨ ਲਈ ਸਹਿਮਤੀ ਦੇਣ ਦੀ ਹੀ ਅਪੀਲ ਕੀਤੀ ਗਈ ਸੀ। ਸੰਪਰਕ ਕਰਨ ‘ਤੇ ਕਲਾ ਪ੍ਰੀਸ਼ਦ ਦੀ ਪਹਿਲੀ ਚੇਅਰਪਰਸਨ ਸਤਿੰਦਰ ਸੱਤੀ ਨੇ ਕਿਹਾ ਕਿ ਸਰਕਾਰ ਨੇ ਉਨਾਂ ਨੂੰ ਪ੍ਰੀਸ਼ਦ ਦਾ ਨਵਾਂ ਚੇਅਰਮੈਨ ਲਾਉਣ ਬਾਰੇ ਲਿਖਤੀ ਜਾਂ ਜ਼ੁਬਾਨੀ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਕਾਰਨ ਉਹ ਭੰਬਲਭੂਸੇ ਵਿੱਚ ਹਨ। ਪ੍ਰੀਸ਼ਦ ਦੇ ਉਪ ਚੇਅਰਮੈਨ ਐਸ.ਐਸ. ਵਿਰਦੀ ਨੇ ਹੈਰਾਨੀ ਭਰੇ ਢੰਗ ਨਾਲ ਦੱਸਿਆ ਕਿ ਸੁਰਜੀਤ ਪਾਤਰ ਨੂੰ ਨਵਾਂ ਚੇਅਰਮੈਨ ਲਾਉਣ ਜਾਂ ਪ੍ਰੀਸ਼ਦ ਨੂੰ ਭੰਗ ਕਰਕੇ ਉਨਾਂ ਨੂੰ ਅਹੁਦੇ ਤੋਂ ਲਾਹੁਣ ਬਾਰੇ ਅਜੇ ਤਕ ਸਰਕਾਰੀ ਤੌਰ ‘ਤੇ ਕੋਈ ਸੂਚਨਾ ਜਾਂ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਸਵਾਲ ਉਠ ਰਹੇ ਹਨ ਕਿ ਕਲਾ ਪ੍ਰੀਸ਼ਦ ਨੂੰ ਭੰਗ ਕੀਤੇ ਬਿਨਾ ਡਾ. ਪਾਤਰ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ ਕਾਰਨ ਸਤਿੰਦਰ ਸੱਤੀ ਦਾ ਕੀ ਸਟੇਟਸ ਹੈ? ਸੱਭਿਆਚਾਰ ਵਿਭਾਗ ਦੇ ਸਕੱਤਰ ਜਸਪਾਲ ਸਿੰਘ ਨੇ ਸਪੱਸ਼ਟ ਕੀਤਾ, ‘ਪੰਜਾਬ ਕਲਾ ਪ੍ਰੀਸ਼ਦ ਨੂੰ ਭੰਗ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।’
ਪ੍ਰੀਸ਼ਦ ਭੰਗ ਕਰਨ ਦੀ ਲੋੜ ਨਹੀਂ: ਤਰਜਮਾਨ : ਸਰਕਾਰੀ ਬੁਲਾਰੇ ਨੇ ਕਿਹਾ ਕਿ ਕਲਾ ਪ੍ਰੀਸ਼ਦ ਵਿੱਚ ਦੋ ਨਵੀਆਂ ਨਾਮਜ਼ਦਗੀਆਂ ਕਰ ਦਿੱਤੀਆਂ ਹਨ ਅਤੇ ਇਕ ਹੋਰ ਨਾਮਜ਼ਦਗੀ ਕਰਨੀ ਬਾਕੀ ਹੈ। ਇਸ ਤੋਂ ਤੁਰੰਤ ਬਾਅਦ ਮੀਟਿੰਗ ਸੱਦ ਕੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਦੌਰਾਨ ਪ੍ਰੀਸ਼ਦ ਭੰਗ ਕਰਨ ਦੀ ਕੋਈ ਲੋੜ ਨਹੀਂ ਹੈ।
ਕਲਾ ਪ੍ਰੀਸ਼ਦ ਵਿੱਚ ਨਵੀਆਂ ਨਿਯੁਕਤੀਆਂ ਦੀ ਪ੍ਰਕਿਰਿਆ : ਪ੍ਰੀਸ਼ਦ ਦੇ ਸੰਵਿਧਾਨ ਅਨੁਸਾਰ ਪੰਜਾਬ ਕਲਾ ਪ੍ਰੀਸ਼ਦ ਵਿਚ ਨਵੀਆਂ ਨਿਯੁਕਤੀਆਂ ਪ੍ਰੀਸ਼ਦ ਦੀ ਮਿਆਦ ਖ਼ਤਮ ਹੋਣ ਜਾਂ ਇਸ ਨੂੰ ਭੰਗ ਕਰਨ ਬਾਅਦ ਹੀ ਕੀਤੀਆਂ ਜਾ ਸਕਦੀਆਂ ਹਨ। ਸਰਕਾਰ ਸਿੱਧੇ ਤੌਰ ‘ਤੇ ਅਹੁਦੇਦਾਰ ਨਾਮਜ਼ਦ ਨਹੀਂ ਕਰ ਸਕਦੀ ਅਤੇ ਕੇਵਲ ਤਿੰਨ ਮੈਂਬਰ ਹੀ ਨਾਮਜ਼ਦ ਕੀਤੇ ਜਾ ਸਕਦੇ ਹਨ। ਸਰਕਾਰ ਵੱਲੋਂ ਨਾਮਜ਼ਦ ਕੀਤੇ ਤਿੰਨ ਮੈਂਬਰ ਅੱਗੇ ਆਪਣੇ ਪੱਧਰ ‘ਤੇ 11 ਹੋਰ ਕਲਾਕਾਰਾਂ ਆਦਿ ਨੂੰ ਨਾਮਜ਼ਦ ਕਰਦੇ ਹਨ। ਤਿੰਨ ਯੂਨੀਵਰਸਿਟੀਆਂ ਦੇ ਉਪ ਕੁਲਪਤੀ ਤੇ ਸਰਕਾਰੀ ਅਧਿਕਾਰੀ ਵੀ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਇਸ 16 ਮੈਂਬਰੀ ਕਮੇਟੀ ਦੀ ਮੀਟਿੰਗ ਵਿਚ ਚੇਅਰਮੈਨ, ਉਪ ਚੇਅਰਮੈਨ ਤੇ ਸਕੱਤਰ ਜਨਰਲ ਦੀ ਚੋਣ ਸੰਭਵ ਹੁੰਦੀ ਹੈ। ਸੰਵਿਧਾਨ ਅਨੁਸਾਰ ਇਨਾਂ ਤਿੰਨ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਖ਼ਤਮ ਹੋਣ ਬਾਅਦ ਕੁੱਲ 26 ਮੈਂਬਰ ਨਾਮਜ਼ਦ ਕਰਕੇ ਜਨਰਲ ਕੌਂਸਲ ਦਾ ਗਠਨ ਕੀਤਾ ਜਾਂਦਾ ਹੈ। ਇਸ ਬਾਅਦ 15 ਦਿਨਾਂ ਦਾ ਨੋਟਿਸ ਦੇ ਕੇ ਕੌਂਸਲ ਦੀ ਮੀਟਿੰਗ ਹੁੰਦੀ ਹੈ, ਜਿਸ ਵਿਚ ਸੰਗੀਤ ਨਾਟਕ ਅਕੈਡਮੀ, ਸਾਹਿਤ ਅਕੈਡਮੀ ਅਤੇ ਲਲਿਤ ਕਲਾ ਅਕੈਡਮੀ ਲਈ ਪ੍ਰਧਾਨਾਂ ਅਤੇ ਸਕੱਤਰਾਂ ਦੀ ਚੋਣ ਕੀਤੀ ਜਾਂਦੀ ਹੈ।

Check Also

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …