18.2 C
Toronto
Wednesday, August 12, 2026
spot_img
Homeਭਾਰਤਪੰਜਾਬ ਦੇ ਤਿੰਨ ਬੱਚਿਆਂ ਨੂੰ ਕੌਮੀ ਬਹਾਦਰੀ ਪੁਰਸਕਾਰ

ਪੰਜਾਬ ਦੇ ਤਿੰਨ ਬੱਚਿਆਂ ਨੂੰ ਕੌਮੀ ਬਹਾਦਰੀ ਪੁਰਸਕਾਰ

ਪੰਜਾਬ ਦੇ ਤਿੰਨ ਬੱਚਿਆਂ ਨੂੰ ਕੌਮੀ ਬਹਾਦਰੀ ਪੁਰਸਕਾਰਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਵੱਲੋਂ ਅਮਨਦੀਪ ਕੌਰ, ਕੁਸੁਮ ਅਤੇ ਅਜ਼ਾਮ ਕਪੂਰ ਦਾ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਵੱਲੋਂ ਪੰਜਾਬ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਸਮੇਤ 56 ਬੱਚਿਆਂ ਦਾ ਕੌਮੀ ਬਹਾਦਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਪੰਜਾਬ ਦੀ ਅਮਨਦੀਪ ਕੌਰ, ਕੁਸੁਮ ਅਤੇ ਅਜ਼ਾਮ ਕਪੂਰ ਨੂੰ ਇਹ ਪੁਰਸਕਾਰ ਮਿਲੇ ਹਨ। ਜ਼ਿਕਰਯੋਗ ਹੈ ਕਿ ਅਮਨਦੀਪ ਕੌਰ ਨੇ ਅੱਗ ਲੱਗੇ ਵਾਹਨ ਵਿੱਚ ਫਸੇ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਸੀ। ਕੁਸੁਮ ਨੇ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਸੀ, ਜਦੋਂਕਿ ਅਜ਼ਾਮ ਨੇ ਅਮਰਨਾਥ ਗੁਫ਼ਾ ਦੀ ਯਾਤਰਾ ਦੌਰਾਨ ਜ਼ਮੀਨ ਖਿਸਕਣ ਸਬੰਧੀ ਚੌਕਸ ਕਰਕੇ ਲੋਕਾਂ ਦੀ ਜਾਨ ਬਚਾਈ ਸੀ। ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ਆਈਸੀਸੀਡਬਲਿਊ) ਨੇ ਤਿੰਨ ਸਾਲਾਂ ਮਗਰੋਂ 17 ਸੂਬਿਆਂ ਦੇ ਬਹਾਦਰ ਬੱਚਿਆਂ ਨੂੰ ਪੁਰਸਕਾਰ ਦਿੱਤੇ ਹਨ। ਆਈਸੀਸੀਡਬਲਿਊ ਵੱਲੋਂ ਜਾਰੀ ਬਿਆਨ ਮੁਤਾਬਕ, ਸਾਲ 2020, 2021 ਅਤੇ 2022 ਲਈ ਕ੍ਰਮਵਾਰ 22, 16 ਅਤੇ 18 ਬਹਾਦਰ ਬੱਚਿਆਂ ਨੂੰ ਕੌਮੀ ਬਹਾਦਰੀ ਪੁਰਸਕਾਰ ਦਿੱਤੇ ਗਏ। ਇਨ੍ਹਾਂ ਵਿੱਚ ਵਿਸ਼ੇਸ਼ ਪੁਰਸਕਾਰ ਮਾਰਕੰਡੇ ਐਵਾਰਡ, ਪ੍ਰਹਲਾਦ ਐਵਾਰਡ, ਏਕਲਵਿਆ ਐਵਾਰਡ, ਅਭਿਮਨਿਊ ਐਵਾਰਡ, ਸਰਵਣ ਐਵਾਰਡ ਤੇ ਧਰੁਵ ਐਵਾਰਡ ਸ਼ਾਮਲ ਹਨ। ਅਮਨਦੀਪ ਕੌਰ ਨੇ ਅੱਗ ਲੱਗੇ ਵਾਹਨ ਵਿੱਚ ਫਸੇ ਚਾਰ ਬੱਚਿਆਂ ਨੂੰ ਬਚਾਉਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਬਿਨਾਂ ਸਮਾਂ ਗੁਆਏ ਇਹ ਫ਼ੈਸਲਾ ਲਿਆ। ਉਸ ਨੇ ਕਿਹਾ ਕਿ ਉਹ ਪੁਲਿਸ ਅਫਸਰ ਬਣ ਕੇ ਇਸੇ ਤਰ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣਾ ਚਾਹੁੰਦੀ ਹੈ। ਕੁਸੁਮ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਹ ਪੁਰਸਕਾਰ ਦੂਜਿਆਂ ਨੂੰ ਵੀ ਪ੍ਰੇਰਿਤ ਕਰਦਾ ਰਹੇਗਾ।

RELATED ARTICLES
POPULAR POSTS