ਪੰਜਾਬ, ਗੋਆ, ਮਣੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ਰੱਖੀ ਜਾਵੇਗੀ ਨਿਗਰਾਨੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਪ੍ਰਕਿਰਿਆ ਦੇ ਤਜ਼ਰਬੇ ਵਾਲੇ 15 ਸੇਵਾਮੁਕਤ ਸੀਨੀਅਰ ਅਧਿਕਾਰੀਆਂ ਨੂੰ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਸ਼ੇਸ਼ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਵਿਸ਼ੇਸ਼ ਅਬਜ਼ਰਵਰ ਉਨ੍ਹਾਂ ਨੂੰ ਦਿੱਤੇ ਗਏ ਰਾਜਾਂ ਵਿਚ ਚੋਣ ਮਸ਼ੀਨਰੀ ਦੇ ਕੰਮ ਦੀ ਨਿਗਰਾਨੀ ਕਰਨਗੇ ਅਤੇ ਖ਼ੁਫੀਆ ਜਾਣਕਾਰੀ ਤੇ ਸ਼ਿਕਾਇਤਾਂ ਦੇ ਆਧਾਰ ‘ਤੇ ਸਖ਼ਤ ਤੇ ਪ੍ਰਭਾਵੀ ਕਾਰਵਾਈ ਕਰਨੀ ਯਕੀਨੀ ਬਣਾਉਣਗੇ। ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਇਹ ਅਧਿਕਾਰੀ ਜ਼ਮੀਨੀ ਪੱਧਰ ‘ਤੇ ਕਮਿਸ਼ਨ ਦੀਆਂ ਅੱਖਾਂ ਤੇ ਕੰਨ ਬਣ ਕੇ ਸਮੁੱਚੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਇਹ 15 ਅਧਿਕਾਰੀ ਪੰਜਾਬ, ਗੋਆ, ਮਣੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ਆਮ, ਪੁਲੀਸ ਤੇ ਖਰਚਾ ਵਿਸ਼ੇਸ਼ ਆਬਜ਼ਰਵਰ ਵਜੋਂ ਕੰਮ ਕਰਨਗੇ। ਇਨ੍ਹਾਂ ਵਿਸ਼ੇਸ਼ ਅਬਜ਼ਰਵਰਾਂ ਦਾ ਸਵਾਗਤ ਕਰਦਿਆਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਆਬਜ਼ਰਵਰਾਂ ਨੂੰ ਨਿਯੁਕਤ ਕਰਨ ਦਾ ਮੁੱਖ ਮਕਸਦ ਚੋਣਾਂ ਦੀਆਂ ਤਿਆਰੀਆਂ ਦਾ ਨਿਰਪੱਖਤਾ ਨਾਲ ਮੁਲਾਂਕਣ ਕਰਨਾ, ਗੰਭੀਰ ਕਮੀਆਂ ਦੀ ਪਛਾਣ ਕਰਨਾ ਅਤੇ ਨਿਰਪੱਖ, ਸ਼ਾਂਤ ਅਤੇ ਕੋਵਿਡ ਮੁਕਤ ਚੋਣਾਂ ਕਰਵਾਉਣ ਵਿਚ ਚੋਣ ਮਸ਼ੀਨਰੀ ਨੂੰ ਸੇਧ ਦੇਣਾ ਹੈ।
ਸ੍ਰੀ ਚੰਦਰਾ ਨੇ ਕਿਹਾ ਕਿ ਹਰੇਕ ਚੋਣ ਆਪਣੇ-ਆਪ ਵਿਚ ਵੱਖਰੀ ਹੁੰਦੀ ਹੈ ਅਤੇ ਹਰੇਕ ਚੋਣ ਵਿਚ ਵੱਖਰੀ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਹਨ। ਫਿਰ ਵੀ, ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਇਸ ਵਾਸਤੇ, ਵਿਸ਼ੇਸ਼ ਅਬਜ਼ਰਵਰਾਂ ਨੂੰ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਵਧੇਰੇ ਚੌਕਸ ਅਤੇ ਕਮਿਸ਼ਨ ਦੇ ਸੰਪਰਕ ਵਿਚ ਰਹਿਣਾ ਹੋਵੇਗਾ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …