ਵੱਖ-ਵੱਖ ਖੇਤਰਾਂ ‘ਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੇ ਵਿਕਾਸ ਦੇ ਲੰਮੇ ਸਫ਼ਰ ਦੌਰਾਨ ‘ਸਮੂਹਿਕ ਪ੍ਰਾਪਤੀਆਂ’ ਦੇ ਰੂਪ ਵਿਚ ਕਰੋਨਾ ਵਾਇਰਸ ਖਿਲਾਫ ਭਾਰਤ ਦੀ ਲੜਾਈ, ਖੇਤੀ ਉਤਪਾਦਾਂ ਦੀ ਰਿਕਾਰਡ ਖਰੀਦ, ਮਹਿਲਾ ਸ਼ਕਤੀਕਰਨ ਲਈ ਕੀਤੇ ਯਤਨਾਂ, ਅੰਦਰੂਨੀ ਸੁਰੱਖਿਆ ਵਿਚ ਕੀਤੇ ਸੁਧਾਰਾਂ ਜਿਹੇ ਅਨੇਕਾਂ ਕਦਮ ਗਿਣਾਏ। ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਕੇਂਦਰੀ ਹਾਲ ਵਿਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਖੇਤੀਬਾੜੀ ਖੇਤਰ ਵਿਚ ਹੋਏ ਵਿਕਾਸ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਦੇਸ਼ ਦੀ ਲਗਾਤਾਰ ਸਫ਼ਲਤਾ ਤੇ ਵਧਦੀ ਸਮਰੱਥਾ ਦਾ ਸਭ ਤੋਂ ਵੱਡਾ ਸਿਹਰਾ ਉਹ ਦੇਸ਼ ਦੇ ਛੋਟੇ ਕਿਸਾਨਾਂ ਸਿਰ ਬੰਨ੍ਹਦੇ ਹਨ। ਦੇਸ਼ ਦੇ 80 ਪ੍ਰਤੀਸ਼ਤ ਕਿਸਾਨ ਛੋਟੇ ਕਿਸਾਨ ਹੀ ਹਨ, ਜਿਨ੍ਹਾਂ ਦੇ ਹਿੱਤਾਂ ਨੂੰ ਸਰਕਾਰ ਨੇ ਹਮੇਸ਼ਾ ਕੇਂਦਰ ਵਿਚ ਰੱਖਿਆ ਹੈ।
ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਰਾਹੀਂ 11 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਇਕ ਲੱਖ ਅੱਸੀ ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ। ਇਸ ਨਿਵੇਸ਼ ਨਾਲ ਖੇਤੀ ਖੇਤਰ ਵਿਚ ਅੱਜ ਵੱਡੇ ਬਦਲਾਅ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਸਲ ਬੀਮਾ ਯੋਜਨਾ ਵਿਚ ਕੀਤੀਆਂ ਤਬਦੀਲੀਆਂ ਦਾ ਲਾਭ ਵੀ ਦੇਸ਼ ਦੇ ਛੋਟੇ ਕਿਸਾਨਾਂ ਨੂੰ ਹੋਇਆ ਹੈ।
ਉਨ੍ਹਾਂ ਕਿਹਾ ਕਿ ਬਦਲਾਅ ਆਉਣ ਤੋਂ ਬਾਅਦ ਹੁਣ ਤੱਕ 8 ਕਰੋੜ ਤੋਂ ਵੱਧ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ‘ਤੇ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਸਾਲ 2020-21 ਵਿਚ ਸਾਡੇ ਕਿਸਾਨਾਂ ਨੇ 30 ਕਰੋੜ ਟਨ ਤੋਂ ਵੱਧ ਖੁਰਾਕੀ ਪਦਾਰਥਾਂ ਤੇ 33 ਕਰੋੜ ਟਨ ਤੋਂ ਵੱਧ ਬਾਗ਼ਬਾਨੀ ਉਤਪਾਦਾਂ ਦੀ ਪੈਦਾਵਾਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਿਕਾਰਡ ਉਤਪਾਦਨ ਨੂੰ ਧਿਆਨ ਵਿਚ ਰੱਖਦਿਆਂ ਰਿਕਾਰਡ ਸਰਕਾਰੀ ਖ਼ਰੀਦ ਕੀਤੀ ਹੈ।
ਕੋਵਿੰਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਜ਼ਾਦੀ, ਬਰਾਬਰਤਾ ਤੇ ਭਾਈਚਾਰੇ ਉਤੇ ਅਧਾਰਿਤ ਸਮਾਜਿਕ ਆਦਰਸ਼ਾਂ ਨੂੰ ਮੰਨਦੀ ਹੈ ਜੋ ਕਿ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਗਏ ਹਨ। ਇਸ ਲਈ ਸਰਕਾਰੀ ਨੀਤੀਆਂ ਵਿਚ ਗਰੀਬਾਂ, ਅਨੁਸੂਚਿਤ ਵਰਗਾਂ ਤੇ ਕਬੀਲਿਆਂ, ਪੱਛੜੇ ਭਾਈਚਾਰਿਆਂ ਨੂੰ ਪਹਿਲ ਮਿਲੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਮੰਨਦੀ ਹੈ ਕਿ ਅਤੀਤ ਨੂੰ ਯਾਦ ਰੱਖਣਾ ਤੇ ਇਸ ਤੋਂ ਸਿੱਖਣਾ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਜਿੰਨਾ ਹੀ ਮਹੱਤਵਪੂਰਨ ਹੈ।