Breaking News
Home / ਭਾਰਤ / ਸ਼ਿਮਲਾ ‘ਚ ਮਹਿਲਾ ਸਿਪਾਹੀ ਤੇ ਆਸ਼ਾ ਕੁਮਾਰੀ ਥੱਪੜੋ-ਥੱਪੜੀ

ਸ਼ਿਮਲਾ ‘ਚ ਮਹਿਲਾ ਸਿਪਾਹੀ ਤੇ ਆਸ਼ਾ ਕੁਮਾਰੀ ਥੱਪੜੋ-ਥੱਪੜੀ

ਪਹਿਲਾਂ ਵਿਧਾਇਕਾ ਨੇ ਮਾਰਿਆ ਮਹਿਲਾ ਸਿਪਾਹੀ ਨੂੰ ਥੱਪੜ, ਜਵਾਬ ਵੀ ਅਜਿਹਾ ਹੀ ਮਿਲਿਆ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਸ਼ੁੱਕਰਵਾਰ ਸ਼ਿਮਲਾ ਆਏ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰੋਗਰਾਮ ਤੋਂ ਪਹਿਲਾਂ ਹੰਗਾਮਾ ਹੋ ਗਿਆ ਜਦੋਂ ਪਾਰਟੀ ਦੀ ਕੌਮੀ ਸਕੱਤਰ ਆਸ਼ਾ ਕੁਮਾਰੀ ਨੇ ਮਹਿਲਾ ਸਿਪਾਹੀ ਨੂੰ ਥੱਪੜ ਮਾਰ ਦਿੱਤਾ। ਇਸ ਦੇ ਜਵਾਬ ਵਿਚ ਮਹਿਲਾ ਸਿਪਾਹੀ ਨੇ ਵੀ ਆਸ਼ਾ ਕੁਮਾਰੀ ਨੂੰ ਥੱਪੜ ਜੜਿਆ। ਮਹਿਲਾ ਸਿਪਾਹੀ ਦੀ ਸ਼ਿਕਾਇਤ ‘ਤੇ ਕਾਂਗਰਸ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।
ਇਹ ਘਟਨਾ ਕਾਂਗਰਸ ਦਫ਼ਤਰ ਦੇ ਮੁੱਖ ਗੇਟ ‘ਤੇ ਉਸ ਸਮੇਂ ਵਾਪਰੀ ਜਦੋਂ ਰਾਹੁਲ ਗਾਂਧੀ ਦੇ ਆਉਣ ਮਗਰੋਂ ਪਾਰਟੀ ਆਗੂ ਮੀਟਿੰਗ ਲਈ ਦਫ਼ਤਰ ਅੰਦਰ ਜਾਣ ਲੱਗੇ। ਵਿਧਾਇਕ ਮੁਕੇਸ਼ ਅਗਨੀਹੋਤਰੀ ਦੇ ਅੰਦਰ ਜਾਣ ਮਗਰੋਂ ਆਸ਼ਾ ਕੁਮਾਰੀ ਤੇ ਕਰਨਲ ਧਨੀ ਰਾਮ ਸ਼ਾਂਡਿਲ ਅੰਦਰ ਜਾਣ ਲੱਗੇ ਤਾਂ ਮਹਿਲਾ ਸਿਪਾਹੀ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ‘ਤੇ ਆਸ਼ਾ ਕੁਮਾਰੀ ਤੇ ਮਹਿਲਾ ਸਿਪਾਹੀ ਵਿਚਾਲੇ ਬਹਿਸ ਹੋ ਗਈ। ਗੁੱਸੇ ਵਿਚ ਆਈ ਵਿਧਾਇਕਾ ਨੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ, ਜਿਸ ਦਾ ਜਵਾਬ ਮਹਿਲਾ ਸਿਪਾਹੀ ਵੱਲੋਂ ਥੱਪੜ ਮਾਰ ਦੇ ਹੀ ਦਿੱਤਾ ਗਿਆ।ਇਸ ਘਟਨਾ ਤੋਂ ਰਾਹੁਲ ਗਾਂਧੀ ਖਾਸੇ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਮੀਟਿੰਗ ਦੌਰਾਨ ਮੰਚ ਤੋਂ ਕਿਹਾ, ‘ਆਸ਼ਾ ਜੀ ਥੱਪੜ ਮਾਰਨਾ ਸਾਡਾ ਸੱਭਿਆਚਾਰ ਨਹੀਂ ਹੈ। ਅਸੀਂ ਗਾਂਧੀਵਾਦੀ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਦੇ ਹਾਂ ਅਤੇ ਇਹ ਵਿਚਾਰਧਾਰਾ ਅਹਿੰਸਾ ਦੀ ਹੈ।’ ਉਨ੍ਹਾਂ ઠਕਿਹਾ ਕਿ ਜੋ ਹੋਇਆ ਉਹ ઠਠੀਕ ਨਹੀਂ ਹੈ। ਕੁੱਟ-ਮਾਰ ਦਾ ਸੱਭਿਆਚਾਰ ਭਾਜਪਾ ਦਾ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਪੁਲਿਸ ਕਲਿਆਣ ਸੰਘ ਦੇ ਪ੍ਰਧਾਨ ਰਮੇਸ਼ ਚੌਹਾਨ ਨੇ ਕਿਹਾ ਕਿ ਜੇਕਰ ਡੀਜੀਪੀ ਨੇ ਵਿਧਾਇਕ ਖ਼ਿਲਾਫ਼ ਪੁਲਿਸ ਡਿਊਟੀ ਵਿਚ ਅੜਿੱਕਾ ਪਾਉਣ ਦਾ ਕੇਸ ਦਰਜ ਨਾ ਕੀਤਾ ਤਾਂ ਉਹ ਅਦਾਲਤ ਜਾਣਗੇ। ਇਸੇ ਦੌਰਾਨ ਮਹਿਲਾ ਸਿਪਾਹੀ ਨੇ ਕਾਂਗਰਸ ਵਿਧਾਇਕਾ ਆਸ਼ਾ ਕੁਮਾਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸ਼ਿਮਲਾ ਦੇ ਐੱਸਪੀ ਸੌਮਿਆ ਨੇ ਦੱਸਿਆ ਕਿ ਕਾਂਗਰਸ ਆਗੂ ਖ਼ਿਲਾਫ਼ ਆਈਪੀਸੀ ਦੀ ਧਾਰਾ 353 ਤੇ 332 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਆਸ਼ਾ ਕੁਮਾਰੀ ਨੇ ਇਸ ਘਟਨਾ ‘ਤੇ ਦੁਖ ਜ਼ਾਹਰ ਕੀਤਾ, ਪਰ ਮਹਿਲਾ ਸਿਪਾਹੀ ਤੋਂ ਨਿੱਜੀ ਤੌਰ ‘ਤੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਸ ਘਟਨਾ ਲਈ ਮਹਿਲਾ ਸਿਪਾਹੀ ਨੂੰ ਦੋਸ਼ੀ ਠਹਿਰਾਇਆ।
ਆਸ਼ਾ ਕੁਮਾਰੀ ਨੇ ਮਹਿਲਾ ਸਿਪਾਹੀ ਖਿਲਾਫ ਕੀਤਾ ਕੇਸ : ਆਸ਼ਾ ਕੁਮਾਰੀ ਵੱਲੋਂ ਮਹਿਲਾ ਸਿਪਾਹੀ ਰਾਜਵੰਤੀ ਨੂੰ ਥੱਪੜ ਮਾਰਨ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ। ਪਹਿਲਾਂ ਮਹਿਲਾ ਸਿਪਾਹੀ ਨੇ ਕਾਂਗਰਸ ਵਿਧਾਇਕਾ ਖ਼ਿਲਾਫ਼ ਕੇਸ ਦਰਜ ਕਰਾਇਆ ਸੀ, ਹੁਣ ਆਸ਼ਾ ਕੁਮਾਰੀ ਨੇ ਸ਼ਿਮਲਾ ਦੇ ਥਾਣਾ ਸਦਰ ਵਿੱਚ ਮਹਿਲਾ ਕਾਂਸਟੇਬਲ ਖ਼ਿਲਾਫ਼ ਰਿਪੋਰਟ ਦਰਜ ਕਰਾਈ ਹੈ। ਆਸ਼ਾ ਕੁਮਾਰੀ ਨੇ ਆਪਣੀ ਸ਼ਿਕਾਇਤ ਵਿੱਚ ਮਹਿਲਾ ਸਿਪਾਹੀ ‘ਤੇ ਉਸ ਨੂੰ ਜਾਣ-ਬੁੱਝ ਕੇ ਪਾਰਟੀ ਵਿਚ ਨਾ ਬੈਠਣ ਦੇਣ, ਧੱਕਾ-ਮੁੱਕੀ ਕਰਨ ਅਤੇ ਥੱਪੜ ਮਾਰਨ ਦਾ ਦੋਸ਼ ਲਾਇਆ ਹੈ। ਆਸ਼ਾ ਕੁਮਾਰੀ ਨੇ ਇਹ ਵੀ ਲਿਖਿਆ ਹੈ ਕਿ ਸਬੰਧਤ ਮਹਿਲਾ ਸਿਪਾਹੀ ਨੇ ਉਸ ਨੂੰ ਨਤੀਜੇ ਭੁਗਤਣ ਤੇ ਜਾਨੋਂ ਮਾਰਨ ਦੀਆਂ ਧਮਕੀ ਵੀ ਦਿੱਤੀ। ਕਾਂਗਰਸ ਆਗੂ ਨੇ ਮਹਿਲਾ ਸਿਪਾਹੀ ‘ਤੇ ਗਾਲ੍ਹਾਂ ਕੱਢਣ ਤੇ ਭੱਦੀ ਭਾਸ਼ਾ ਵਰਤਣ ਦਾ ਦੋਸ਼ ਵੀ ਲਾਇਆ ਹੈ।
ਰਾਹੁਲ ਗਾਂਧੀ ਨੇ ਆਸ਼ਾ ਨੂੰ ਪਾਈ ਝਾੜ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦਫਤਰ ਵਿਚ ਹੋਏ ਥੱਪੜ ਕਾਂਡ ਦਾ ਸਖਤ ਨੋਟਿਸ ਲਿਆ ਹੈ। ਇਸੇ ਲੜੀ ਵਿਚ ਪਾਰਟੀ ਅਹੁਦੇਦਾਰਾਂ ਨਾਲ ਚੱਲ ਰਹੀ ਬੈਠਕ ਵਿਚ ਰਾਹੁਲ ਗਾਂਧੀ ਨੇ ਮੰਚ ਤੋਂ ਆਸ਼ਾ ਕੁਮਾਰੀ ਨੂੰ ਝਾੜ ਪਾਉਂਦਿਆਂ ਕਿਹਾ ਕਿ ਕਾਂਗਰਸ ਅਹਿੰਸਾਵਾਦੀ ਪਾਰਟੀ ਹੈ ਅਤੇ ਕਿਸੇ ਵੀ ਆਗੂ ਵਲੋਂ ਜੇਕਰ ਪਾਰਟੀ ਦੀ ਵਿਚਾਰਧਾਰਾ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਨੂੰ ਕਿਸੇ ਵੀ ਹਾਲਤ ਵਿਚ ਸਹਿਣ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਣਹੀਣਤਾ ਤਾਂ ਕਰਨੀ ਕਾਂਗਰਸ ਦਾ ਸਭਿਆਚਾਰ ਨਹੀਂ। ਸੂਤਰਾਂ ਅਨੁਸਾਰ ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਅਤੇ ਵਰਕਰ ਨੂੰ ਇਹ ਹੱਕ ਨਹੀਂ ਕਿ ਉਹ ਕਿਸੇ ‘ਤੇ ਹੱਥ ਚੁੱਕੇ।
ਆਸ਼ਾ ਨੇ ਮੰਗੀ ਮੁਆਫੀ, ਰਾਹੁਲ ਦੀਆਂ ਝਿੜਕਾਂ ਤਾਂ ਰੋਜ਼ ਪੈਂਦੀਆਂ ਹਨ
ਆਸ਼ਾ ਕੁਮਾਰੀ ਨੇ ਕਿਹਾ ਕਿ ਮੈਂ ਉਸ ਲੜਕੀ ਕੋਲੋਂ ਮੁਆਫੀ ਮੰਗਦੀ ਹਾਂ। ਉਨ੍ਹਾਂ ਕਿਹਾ ਕਿ ਪੂਰਾ ਮਾਮਲਾ ਗੇਟ ‘ਤੇ ਸਹੀ ਪ੍ਰਬੰਧ ਨਾ ਹੋਣ ਕਾਰਨ ਹੀ ਸਾਹਮਣੇ ਆਇਆ। ਬਹੁਤ ਸਾਰੇ ਲੋਕ ਗੇਟ ‘ਤੇ ਮੌਜੂਦ ਸਨ, ਜਿਨ੍ਹਾਂ ਨੂੰ ਪਾਰਟੀ ਦਫਤਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਅਜਿਹੇ ਵਿਚ ਧੱਕਾ-ਮੁੱਕੀ ਹੋਈ ਤੇ ਇਹ ਵਿਵਾਦ ਸਾਹਮਣੇ ਆਇਆ। ਆਸ਼ਾ ਨੇ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਹਨ ਤੇ ਉਨ੍ਹਾਂ ਦੀਆਂ ਝਿੜਕਾਂ ਤਾਂ ਰੋਜ਼ ਪੈਂਦੀਆਂ ਹਨ।
ਆਸ਼ਾ ਕੁਮਾਰੀ ਜਨਤਕ ਤੌਰ ‘ਤੇ ਮੁਆਫੀ ਮੰਗੇ: ਸੁਖਪਾਲ ਖਹਿਰਾ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਖਿਆ ઠਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਆਗੂ ਆਸ਼ਾ ਕੁਮਾਰੀ ਵੱਲੋਂ ਸ਼ਿਮਲਾ ਵਿੱਚ ਪੁਲਿਸ ਮਹਿਲਾ ਕਰਮਚਾਰੀ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਆਸ਼ਾ ਕੁਮਾਰੀ ਨੂੰ ਨਾ ਸਿਰਫ ਪੁਲਿਸ ਮਹਿਲਾ ਕਰਮਚਾਰੀ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਸਗੋਂ ਇਸ ਮਾਮਲੇ ਵਿੱਚ ਮਹਿਲਾ ਕਰਮਚਾਰੀ ਨੂੰ ਢੁੱਕਵਾਂ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …