ਮੁਸਲਿਮ ਮਹਿਲਾਵਾਂ ਨੂੰ ਤੀਹਰੇ ਤਲਾਕ ਤੋਂ ਮਿਲਿਆ ਛੁਟਕਾਰਾ
ਕਿਹਾ, ਮੁਸਲਿਮ ਮਾਵਾਂ ਅਤੇ ਭੈਣਾਂ ‘ਤੇ ਤੀਹਰੇ ਤਲਾਕ ਕਾਰਨ ਹੁੰਦਾ ਸੀ ਤਸ਼ੱਦਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਰ੍ਹਿਆਂ ਦੀ ਤਕਲੀਫ਼ ਤੋਂ ਬਾਅਦ ਮੁਸਲਿਮ ਮਹਿਲਾਵਾਂ ਨੂੰ ਫ਼ੌਰੀ ਤੀਹਰੇ ਤਲਾਕ ਤੋਂ ਖਹਿੜਾ ਛੁਡਾਉਣ ਦਾ ਰਾਹ ਮਿਲ ਗਿਆ ਹੈ। ਦੋ ਵੱਖੋ-ਵੱਖਰੇ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਨੇ ਮੁਸਲਿਮ ਔਰਤਾਂ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਦਿੱਤੇ ਗਏ ਬਰਾਬਰੀ ਦੇ ਮੌਕਿਆਂ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਲੋਕ ਸਭਾ ਵਿਚ ਪਾਸ ਹੋਏ ਬਿੱਲ ਦਾ ਜ਼ਿਕਰ ਕੀਤੇ ਬਿਨਾ ਉਨ੍ਹਾਂ ਕਿਹਾ, ”ਮੁਸਲਿਮ ਮਾਵਾਂ ਅਤੇ ਭੈਣਾਂ ‘ਤੇ ਤੀਹਰੇ ਤਲਾਕ ਕਾਰਨ ਹੁੰਦਾ ਤਸ਼ੱਦਦ ਕਿਸੇ ਤੋਂ ਛੁਪਿਆ ਨਹੀਂ ਹੈ। ਕਈ ਵਰ੍ਹਿਆਂ ਦੇ ਸੰਘਰਸ਼ ਮਗਰੋਂ ਉਨ੍ਹਾਂ ਨੂੰ ਫ਼ੌਰੀ ਤੀਹਰੇ ਤਲਾਕ ਤੋਂ ਮੁਕਤ ਹੋਣ ਦਾ ਰਾਹ ਮਿਲਿਆ ਹੈ।” ਵੀਡੀਓ ਕਾਨਫਰੰਸ ਰਾਹੀਂ ਕੇਰਲਾ ਦੇ ਵਰਕਲਾ ਵਿਚ ਸਿਵਾਗਿਰੀ ਮੱਠ ਦੇ ਜਸ਼ਨਾਂ ਦੇ ਉਦਘਾਟਨੀ ਭਾਸ਼ਣ ਨੂੰ ਸੰਬੋਧਨ ਕਰਦਿਆ ਮੋਦੀ ਨੇ ਇਹ ਪ੍ਰਤੀਕਰਮ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਜਿਹੜੇ 18 ਵਰ੍ਹਿਆਂ ਦੇ ਹੋ ਰਹੇ ਹਨ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ। ਸਾਲ ਦੀ ਆਖਰੀ ‘ਮਨ ਕੀ ਬਾਤ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵੋਟ ਨਵੇਂ ਭਾਰਤ ਦੀ ਨੀਂਹ ਲਈ ਅਹਿਮ ਸਾਬਿਤ ਹੋਣਗੇ। ਉਨ੍ਹਾਂ 15 ਅਗਸਤ ਦੇ ਨੇੜੇ ‘ਮੌਕ ਪਾਰਲੀਮੈਂਟ’ ਦਾ ਸੁਝਾਅ ਵੀ ਦਿੱਤਾ ਜਿਸ ਵਿਚ ਮੁਲਕ ਦੇ ਹਰੇਕ ਜ਼ਿਲ੍ਹੇ ਦੇ ਨੌਜਵਾਨ ਨੁਮਾਇੰਦੇ ਚੁਣੇ ਜਾਣ। ਉਨ੍ਹਾਂ ਕਸ਼ਮੀਰ ਪ੍ਰਸ਼ਾਸਕੀ ਸੇਵਾ ਪ੍ਰੀਖਿਆ ਦੇ ਟੌਪਰ ਅੰਜੁਮ ਬਸ਼ੀਰ ਖ਼ਾਨ ਖਟਕ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਨੇ ਅੱਤਵਾਦ ਅਤੇ ਹਿੰਸਾ ਨਾਲੋਂ ਵੱਖਰਾ ਰਾਹ ਚੁਣਿਆ। ਮੋਦੀ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ ਮੌਕੇ ਇਕ ਨਹੀਂ 10 ਮੁੱਖ ਮਹਿਮਾਨ ਹੋਣਗੇ ਅਤੇ ਇਹ ਆਸੀਆਨ ਆਗੂ ਹੋਣਗੇ।
ਹੱਜ ਲਈ ਔਰਤਾਂ ਦਾ ‘ਮਹਿਰਮ’ ਤੋਂ ਛੁੱਟਿਆ ਖਹਿੜਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ ਯਾਤਰਾ ਵੇਲੇ ਮੁਸਲਿਮ ਔਰਤਾਂ ਨਾਲ ਮਰਦਾਂ ਦੀ ਹਾਜ਼ਰੀ ‘ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਗਿਆ ਹੈ ਅਤੇ ਹੁਣ ਉਹ ਇਕੱਲੀਆਂ ਹੀ ਹੱਜ ਕਰ ਸਕਣਗੀਆਂ। ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਉਨ੍ਹਾਂ ਕਿਹਾ ਕਿ ਉਹ ਪਾਬੰਦੀ ਬਾਰੇ ਸੁਣ ਕੇ ਹੈਰਾਨ ਹੋਏ ਸਨ ਜਦਕਿ ਕਈ ਇਸਲਾਮਿਕ ਮੁਲਕਾਂ ਵਿਚ ਅਜਿਹੀਆਂ ਪਾਬੰਦੀਆਂ ਨਹੀਂ ਹਨ। ਪਹਿਲਾਂ ਲਾਟਰੀ ਸਿਸਟਮ ਰਾਹੀਂ ਹਜ ਯਾਤਰੂਆਂ ਦੀ ਚੋਣ ਹੁੰਦੀ ਸੀ ਪਰ ਹੁਣ ਇਕੱਲੀਆਂ ਮਹਿਲਾਵਾਂ ਨੂੰ ਹੱਜ ਲਈ ਵਿਸ਼ੇਸ਼ ਸ਼੍ਰੇਣੀ ਤਹਿਤ ਮੌਕਾ ਮਿਲਣਾ ਚਾਹੀਦਾ ਹੈ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …