-2.4 C
Toronto
Wednesday, November 25, 2026
spot_img
HomeਕੈਨੇਡਾFrontਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਸਰਪੰਚ ਦੇ ਪਤੀ ’ਤੇ ਸ਼ਰੇਆਮ ਗੋਲ਼ੀਆਂ ਚੱਲਣਾ...

ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਸਰਪੰਚ ਦੇ ਪਤੀ ’ਤੇ ਸ਼ਰੇਆਮ ਗੋਲ਼ੀਆਂ ਚੱਲਣਾ ‘ਆਪ’ ਰਾਜ ’ਚ ਜੰਗਲਰਾਜ ਦਾ ਪ੍ਰਤੱਖ ਸਬੂਤ: ਕੇਵਲ ਸਿੰਘ ਢਿੱਲੋਂ

ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਸਰਪੰਚ ਦੇ ਪਤੀ ’ਤੇ ਸ਼ਰੇਆਮ ਗੋਲ਼ੀਆਂ ਚੱਲਣਾ ‘ਆਪ’ ਰਾਜ ’ਚ ਜੰਗਲਰਾਜ ਦਾ ਪ੍ਰਤੱਖ ਸਬੂਤ: ਕੇਵਲ ਸਿੰਘ ਢਿੱਲੋਂ
ਜਿੱਥੇ ਸੱਤਾਧਾਰੀ ਪਾਰਟੀ ਦੇ ਆਗੂ ਹੀ ਸੁਰੱਖਿਅਤ ਨਹੀਂ, ਉੱਥੇ ਆਮ ਲੋਕਾਂ ਦਾ ਕੀ ਹਵਾਲ: ਭਾਜਪਾ
ਚੰਡੀਗੜ੍ਹ, 25 ਨਵੰਬਰ – ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਨਵਾਂ ਪਿੰਡ ਦਲੇਕੇ ਵਿਖੇ ਆਮ ਆਦਮੀ ਪਾਰਟੀ ਦੀ ਸਰਪੰਚ ਮਨਜੀਤ ਕੌਰ ਦੇ ਪਤੀ ਸੁਖਬੀਰ ਸਿੰਘ ’ਤੇ ਕਥਿਤ ਨਸ਼ਾ ਤਸਕਰਾਂ ਵੱਲੋਂ ਦਿਨ-ਦਿਹਾੜੇ ਗੋਲ਼ੀਆਂ ਚਲਾ ਕੇ ਕਾਤਲਾਨਾ ਹਮਲਾ ਕਰਨ ਦੀ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਇਸ ਕਦਰ ਨਿੱਘਰ ਚੁੱਕੀ ਹੈ ਕਿ ਹੁਣ ਸੱਤਾਧਾਰੀ ਧਿਰ ਨਾਲ ਸਬੰਧਤ ਪੰਚਾਇਤ ਨੁਮਾਇੰਦੇ ਵੀ ਨਸ਼ਾ ਮਾਫ਼ੀਆ ਅੱਗੇ ਸੁਰੱਖਿਅਤ ਨਹੀਂ ਰਹੇ। ਜੇਕਰ ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਸਰਪੰਚ ਦੇ ਪਰਿਵਾਰ ਨੂੰ ਸੜਕ ’ਤੇ ਘੇਰ ਕੇ ਗੋਲ਼ੀਆਂ ਮਾਰੀਆਂ ਜਾ ਸਕਦੀਆਂ ਹਨ, ਤਾਂ ਸੂਬੇ ਦੇ ਆਮ ਨਾਗਰਿਕਾਂ ਦੀ ਸੁਰੱਖਿਆ ਰੱਬ ਆਸਰੇ ਹੀ ਹੈ।

ਨਸ਼ਾ ਵੇਚਣ ਤੋਂ ਰੋਕਣ ਦਾ ਬਦਲਾ ਲੈਣ ਲਈ ਸ਼ਰੇਆਮ ਹਮਲਾ; ਤਸਕਰਾਂ ਅੰਦਰ ਕਾਨੂੰਨ ਦਾ ਕੋਈ ਡਰ ਨਹੀਂ
ਵੇਰਵੇ ਸਾਂਝੇ ਕਰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਸੁਖਬੀਰ ਸਿੰਘ ਨੇ ਪਿੰਡ ਵਿੱਚ ਨਸ਼ਾ ਤਸਕਰੀ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਦਾ ਵਿਰੋਧ ਕਰਦਿਆਂ ਪੁਲਿਸ ਨੂੰ ਸੂਚਿਤ ਕੀਤਾ ਸੀ। ਇਸੇ ਰੰਜਿਸ਼ ਤਹਿਤ ਨਸ਼ਾ ਤਸਕਰਾਂ ਨੇ ਸੁਖਬੀਰ ਸਿੰਘ ਅਤੇ ਉਸ ਦੀ ਪਤਨੀ ਨੂੰ ਮੋਟਰਸਾਈਕਲ ’ਤੇ ਜਾਂਦਿਆਂ ਘੇਰ ਲਿਆ ਅਤੇ ਸਿੱਧੀਆਂ ਗੋਲ਼ੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਅੰਦਰ ਨਸ਼ਾ ਤਸਕਰਾਂ ਕੋਲ ਨਾਜਾਇਜ਼ ਅਸਲੇ ਦੀ ਸ਼ਰੇਆਮ ਵਰਤੋਂ ਸਾਬਤ ਕਰਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਦੇ ਕੀਤੇ ਜਾ ਰਹੇ ਸਾਰੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਹਨ। ਨਸ਼ਾ ਮਾਫ਼ੀਆ ਪੁਲਿਸ ਅਤੇ ਕਾਨੂੰਨ ਦੇ ਖ਼ੌਫ਼ ਤੋਂ ਪੂਰੀ ਤਰ੍ਹਾਂ ਬੇਪਰਵਾਹ ਹੋ ਕੇ ਬਦਲੇ ਦੀ ਕਾਰਵਾਈ ਨੂੰ ਅੰਜਾਮ ਦੇ ਰਿਹਾ ਹੈ।

ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ; ਨਸ਼ਾ ਤਸਕਰਾਂ ਦੀ ਸਿਆਸੀ ਪੁਸ਼ਤਪਨਾਹੀ ਬੰਦ ਹੋਵੇ
ਕੇਵਲ ਸਿੰਘ ਢਿੱਲੋਂ ਨੇ ਮੰਗ ਕੀਤੀ ਕਿ ਸੁਖਬੀਰ ਸਿੰਘ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਸਜ਼ਾਵਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਜਾਗਰੂਕ ਪੰਚਾਂ-ਸਰਪੰਚਾਂ ਅਤੇ ਆਮ ਲੋਕਾਂ ਨੂੰ ਪੁਖ਼ਤਾ ਸੁਰੱਖਿਆ ਮੁਹੱਈਆ ਕਰਵਾਏ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਪਸਤ ਕੀਤੇ ਜਾ ਸਕਣ। ਸੂਬਾ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਨੂੰ ਤੁਰੰਤ ਖ਼ਤਮ ਕੀਤਾ ਜਾਵੇ ਅਤੇ ਨਸ਼ਾ-ਗੈਂਗਸਟਰ ਗੱਠਜੋੜ ਨੂੰ ਜੜ੍ਹੋਂ ਉਖਾੜਨ ਲਈ ਪੰਜਾਬ ਪੁਲਿਸ ਨੂੰ ਖੁੱਲ੍ਹੇ ਹੱਥ ਦਿੱਤੇ ਜਾਣ, ਤਾਂ ਜੋ ਪੰਜਾਬ ਦੀ ਜਵਾਨੀ ਅਤੇ ਅਮਨ-ਕਾਨੂੰਨ ਦੀ ਰਾਖੀ ਕੀਤੀ ਜਾ ਸਕੇ।

RELATED ARTICLES
POPULAR POSTS