
ਨਵੀਂ ਦਿੱਲੀ/ਬਿਊਰੋ ਨਿਊਜ਼
ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੂੰ ‘ਮਿਸ ਯੂਨੀਵਰਸ 2026’ ਦਾ ਤਾਜ ਪਹਿਨਾਇਆ ਗਿਆ ਹੈ। ਉਨ੍ਹਾਂ ਨੇ 116 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਇਹ ਖਿਤਾਬ ਆਪਣੇ ਨਾਮ ਕੀਤਾ। ਵੈਨੇਜ਼ੁਏਲਾ ਦੀ ਕਲਾਰਾ ਗੋਏਟਜ਼ ਅਤੇ ਡੋਮਿਨਿਕਨ ਰੀਪਬਲਿਕ ਦੀ ਮੇਲਿਸਾ ਨੁਨੇਜ਼ ਫਾਈਨਲਿਸਟਾਂ ਵਿੱਚ ਸ਼ਾਮਲ ਸਨ, ਜਦਕਿ 19 ਸਾਲਾ ਕਾਜ਼ੀਆ ਲਿਜ਼ ਮੇਜੋ ਦੇ ਟੌਪ-12 ਵਿੱਚ ਥਾਂ ਨਾ ਬਣਾ ਸਕਣ ਕਾਰਨ ਭਾਰਤ ਦੀਆਂ ਉਮੀਦਾਂ ਖਤਮ ਹੋ ਗਈਆਂ। ਮਿਸ ਯੂਨੀਵਰਸ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਜੇਤੂ ਦਾ ਐਲਾਨ ਕਰਦਿਆਂ ਲਿਖਿਆ ਗਿਆ, ‘‘ਬ੍ਰਹਿਮੰਡ ਆਪਣੀ ਨਵੀਂ ਰਾਣੀ, ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਦਾ ਸਵਾਗਤ ਕਰਦਾ ਹੈ!’’ ਕੇਰਲਮ ਦੀ ਕਾਨੂੰਨ (ਲਾਅ) ਦੀ ਵਿਦਿਆਰਥਣ ਮੇਜੋ ਈਵਨਿੰਗ ਗਾਊਨ ਮੁਕਾਬਲੇ ਤੋਂ ਪਹਿਲਾਂ ਅਗਲੇ ਦੌਰ ਲਈ ਕੁਆਲੀਫਾਈ ਨਹੀਂ ਕਰ ਸਕੀ, ਜਿਸ ਨਾਲ ਇਸ ਕੌਮਾਂਤਰੀ ਸੁੰਦਰਤਾ ਮੁਕਾਬਲੇ ਵਿੱਚ ਉਨ੍ਹਾਂ ਦਾ ਸਫਰ ਖ਼ਤਮ ਹੋ ਗਿਆ। ਹਾਲਾਂਕਿ, ਕੇਰਲਮ ਲਈ ਉਨ੍ਹਾਂ ਦੀ ਸ਼ਮੂਲੀਅਤ ਬੇਹੱਦ ਖ਼ਾਸ ਸੀ ਕਿਉਂਕਿ ਉਹ ‘ਮਿਸ ਯੂਨੀਵਰਸ ਇੰਡੀਆ’ ਦਾ ਖਿਤਾਬ ਜਿੱਤਣ ਵਾਲੀ ਇਸ ਸੂਬੇ ਦੀ ਪਹਿਲੀ ਮਹਿਲਾ ਬਣੀ ਸੀ। ਉਹ ਇਸ ਵੇਲੇ ਬੰਗਲੁਰੂ ਤੋਂ ਕਾਨੂੰਨ ਦੀ ਡਿਗਰੀ ਕਰ ਰਹੀ ਹੈ ਅਤੇ ਨਾਲ ਹੀ ਮਾਡਲਿੰਗ ਵੀ ਕਰਦੀ ਹੈ। ਦੂਜੇ ਪਾਸੇ, ਭਾਰਤ ਨੇ ਹੁਣ ਤੱਕ ਤਿੰਨ ਵਾਰ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਹੈ। ਸੁਸ਼ਮਿਤਾ ਸੇਨ ਨੇ 1994 ਵਿੱਚ ਇਹ ਖਿਤਾਬ ਭਾਰਤ ਦੀ ਝੋਲੀ ਪਾਇਆ ਸੀ, ਜਿਸ ਤੋਂ ਬਾਅਦ ਲਾਰਾ ਦੱਤਾ ਨੇ 2000 ਵਿੱਚ ਅਤੇ ਹਰਨਾਜ਼ ਸੰਧੂ ਨੇ 2021 ਵਿੱਚ ਇਹ ਮੁਕਾਮ ਹਾਸਲ ਕੀਤਾ।

