Breaking News
Home / ਭਾਰਤ / ਸਾਈਕਲ ਨਾਲ ਦੁਨੀਆ ਦਾ ਸਭ ਤੋਂ ਤੇਜ਼ ਚੱਕਰ ਲਗਾਉਣ ਵਾਲੀ ਮਹਿਲਾ ਬਣੀ ਵੇਦਾਂਗੀ ਕੁਲਕਰਨੀ

ਸਾਈਕਲ ਨਾਲ ਦੁਨੀਆ ਦਾ ਸਭ ਤੋਂ ਤੇਜ਼ ਚੱਕਰ ਲਗਾਉਣ ਵਾਲੀ ਮਹਿਲਾ ਬਣੀ ਵੇਦਾਂਗੀ ਕੁਲਕਰਨੀ

14 ਦੇਸ਼ਾਂ ਦਾ ਸਫਰ 159 ਦਿਨਾਂ ‘ਚ ਕੀਤਾ, ਹਰ ਰੋਜ਼ 300 ਕਿਲੋਮੀਟਰ ਚਲਾਈ ਸਾਈਕਲ
ਮੁੰਬਈ/ਬਿਊਰੋ ਨਿਊਜ਼ : ਪੁਣੇ ਦੀ 20 ਸਾਲਾਂ ਦੀ ਵੇਦਾਂਗੀ ਕੁਲਕਰਨੀ ਸਾਈਕਲ ਨਾਲ ਦੁਨੀਆ ਦਾ ਚੱਕਰ ਲਾਉਣ ਵਾਲੀ ਸਭ ਤੋਂ ਤੇਜ਼ ਏਸ਼ੀਆਈ ਮਹਿਲਾ ਬਣ ਗਈ ਹੈ। ਵੇਦਾਂਗੀ ਨੇ ਐਤਵਾਰ ਨੂੰ ਕੋਲਕਾਤਾ ਵਿਚ ਤੜਕੇ ਸਾਈਕਲ ਚਲਾ ਕੇ ਇਸ ਲਈ ਜ਼ਰੂਰੀ 29 ਹਜ਼ਾਰ ਕਿਲੋਮੀਟਰ ਦੀ ਮਾਣਕ ਦੂਰੀ ਤੈਅ ਕੀਤੀ। ਉਸ ਨੇ ਇਸ ਸਫ਼ਰ ਦੀ ਸ਼ੁਰੂਆਤ ਜੁਲਾਈ ਵਿੱਚ ਪਰਥ ਤੋਂ ਕੀਤੀ ਸੀ ਅਤੇ ਇਸ ਰਿਕਾਰਡ ਨੂੰ ਪੂਰਾ ਕਰਨ ਲਈ ਉਹ ਆਸਟਰੇਲੀਆ ਦੇ ਇਸ ਸ਼ਹਿਰ ਵਿਚ ਵਾਪਸ ਜਾਵੇਗੀ। ਵੇਦਾਂਗੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ 14 ਦੇਸ਼ਾਂ ਦਾ ਸਫ਼ਰ ਕੀਤਾ ਅਤੇ 159 ਦਿਨਾਂ ਤੱਕ ਰੋਜ਼ਾਨਾ ਲਗਪਗ 300 ਕਿਲੋਮੀਟਰ ਸਾਈਕਲ ਚਲਾਈ ਸੀ। ਇਸ ਦੌਰਾਨ ਉਸ ਨੂੰ ਕੁਝ ਚੰਗੇ ਤੇ ਮਾੜੇ ਤਜ਼ਰਬੇ ਹੋਏ।
ਉਸ ਦੇ ਪਿਤਾ ਵਿਵੇਕ ਕੁਲਕਰਨੀ ਨੇ ਦੱਸਿਆ ਕਿ ਦੁਨੀਆ ਵਿਚ ਕੁਝ ਹੀ ਲੋਕਾਂ ਨੇ ਇਸ ਮੁਸ਼ਕਿਲ ਚੁਣੌਤੀ ਨੂੰ ਪੂਰਾ ਕੀਤਾ ਹੈ ਅਤੇ ਉਨ੍ਹਾਂ ਦੀ ਬੇਟੀ ਦੁਨੀਆ ਦਾ ਚੱਕਰ ਲਾਉਣ ਦੇ ਮਾਮਲੇ ਵਿਚ ਸਭ ਤੋਂ ਤੇਜ਼ ਏਸ਼ੀਆਈ ਹੈ। ਬਰਤਾਨੀਆ ਦੀ ਜੈਨੀ ਗ੍ਰਾਹਮ (38) ਦੇ ਨਾਮ ਮਹਿਲਾਵਾਂ ਵਿਚੋਂ ਸਭ ਤੋਂ ਘੱਟ ਦਿਨਾਂ ਵਿੱਚ ਸਾਈਕਲ ਨਾਲ ਚੱਕਰ ਲਾਉਣ ਦਾ ਰਿਕਾਰਡ ਹੈ ਜਿਸ ਨੇ ਇਸ ਲਈ 124 ਦਿਨਾਂ ਦਾ ਸਮਾਂ ਲਿਆ ਸੀ। ਇਹ ਰਿਕਾਰਡ ਪਿਛਲੇ ਰਿਕਾਰਡ ਤੋਂ ਤਿੰਨ ਹਫਤੇ ਘੱਟ ਸੀ।
ਇਸ ਚੁਣੌਤੀ ਨੂੰ ਪੂਰਾ ਕਰਨ ਦੌਰਾਨ ਵੇਦਾਂਗੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਪਿਆ। ਕੈਨੇਡਾ ਵਿਚ ਇਕ ਰਿੱਛ ਉਸ ਦੇ ਪਿੱਛੇ ਪੈਣ ਲੱਗਿਆ ਸੀ। ਰੂਸ ਵਿੱਚ ਬਰਫ਼ ਨਾਲ ਘਿਰੀਆਂ ਜਗ੍ਹਾ ‘ਤੇ ਉਸ ਨੇ ਕਈ ਰਾਤਾਂ ਇਕੱਲੇ ਗੁਜ਼ਾਰੀਆਂ ਤਾਂ ਸਪੇਨ ਵਿਚ ਚਾਕੂ ਦੀ ਨੋਕ ‘ਤੇ ਉਸ ਨਾਲ ਲੁੱਟ ਹੋਈ। ਬਰਤਾਨੀਆ ਦੇ ਬਾਊਰਨੇਮਾਊਥ ਯੂਨੀਵਰਸਿਟੀ ਦੀ ਖੇਡ ਪ੍ਰਬੰਧ ਦੀ ਇਸ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਇਸ ਵਾਸਤੇ ਦੋ ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਸਾਈਕਲ ‘ਤੇ ਲਗਪਗ 80 ਫ਼ੀਸਦ ਯਾਤਰਾ ਇਕੱਲੇ ਪੂਰੀ ਕੀਤੀ।ਯਾਤਰਾ ਦੌਰਾਨ ਉਸ ਨੇ ਸਿਫ਼ਰ ਤੋਂ 20 ਡਿਗਰੀ ਘੱਟ ਤੋਂ ਲੈ ਕੇ 37 ਡਿਗਰੀ ਸੈਲਸੀਅਸ ਤਾਪਮਾਨ ਨੂੰ ਝੱਲਣਾ ਪਿਆ। ਇਸ ਦੌਰਾਨ ਉਹ ਆਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ, ਆਈਸਲੈਂਡ, ਪੁਰਤਗਾਲ, ਸਪੇਨ, ਫਰਾਂਸ, ਬੈਲਜੀਅਮ, ਜਰਮਨੀ, ਡੈਨਮਾਰਕ, ਸਵੀਡਨ, ਫਿਨਲੈਂਡ ਅਤੇ ਰੂਪ ਵਿੱਚੋਂ ਹੋ ਕੇ ਲੰਘੀ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …