Breaking News
Home / ਦੁਨੀਆ / ਨਵਾਜ਼ ਸ਼ਰੀਫ਼ ਨੂੰ ਇਕ ਹੋਰ ਮਾਮਲੇ ‘ਚ ਸੱਤ ਸਾਲ ਦੀ ਜੇਲ੍ਹ

ਨਵਾਜ਼ ਸ਼ਰੀਫ਼ ਨੂੰ ਇਕ ਹੋਰ ਮਾਮਲੇ ‘ਚ ਸੱਤ ਸਾਲ ਦੀ ਜੇਲ੍ਹ

ਅਦਾਲਤ ਨੇ ਇਕ ਮਾਮਲੇ ‘ਚ ਨਵਾਜ਼ ਨੂੰ ਬਰੀ ਵੀ ਕੀਤਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਵਿਰੋਧੀ ਇਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਬਾਰੇ ਆਪਣਾ ਅੰਤਿਮ ਫ਼ੈਸਲਾ ਸੁਣਾਉਂਦਿਆਂ ਇਕ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਕ ਹੋਰ ਮਾਮਲੇ ਵਿਚ ਉਨ੍ਹਾਂ ਨੂੰ ਬਰੀ ਕੀਤਾ ਹੈ। ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਅਰਸ਼ਦ ਮਲਿਕ ਨੇ ਸ਼ਰੀਫ਼ ਨੂੰ ਅਲ-ਅਜ਼ੀਜ਼ੀਆ ਸਟੀਲ ਮਿੱਲ ਕੇਸ ਵਿਚ ਦੋਸ਼ੀ ਠਹਿਰਾਏ ਜਾਣ ‘ਤੇ 7 ਸਾਲ ਕੈਦ ਦੀ ਸਜ਼ਾ ਸੁਣਾਈ।
ਇਸ ਦੇ ਇਲਾਵਾ ਨਵਾਜ਼ ਸ਼ਰੀਫ਼ ‘ਤੇ 25 ਲੱਖ ਅਮਰੀਕੀ ਡਾਲਰ (ਕਰੀਬ 35 ਕਰੋੜ ਪਾਕਿਸਤਾਨੀ ਰੁਪਏ) ਅਤੇ 15 ਲੱਖ ਪੌਂਡ (ਕਰੀਬ 26.53 ਕਰੋੜ ਪਾਕਿਸਤਾਨੀ ਰੁਪਏ) ਕੁੱਲ 61 ਕਰੋੜ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਅਲ-ਅਜ਼ੀਜ਼ੀਆ ਅਤੇ ਹਿਲ ਮੈਟਲ ਪ੍ਰਾਪਰਟੀਜ਼ ਨੂੰ ਜ਼ਬਤ ਕਰਨ ਦਾ ਆਦੇਸ਼ ਵੀ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਨਵਾਜ਼ ਸ਼ਰੀਫ਼ ਨੂੰ ਬਹੁ-ਚਰਚਿਤ ਪਨਾਮਾ ਪੇਪਰਜ਼ ਵਿਚਲੇ ਫ਼ਲੈਗਸ਼ਿਪ ਇਨਵੈਸਟਮੈਂਟ ਭ੍ਰਿਸ਼ਟਾਚਾਰ ਕੇਸ ‘ਚ ਬਰੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ੈਸਲੇ ਦੀ ਸੁਣਵਾਈ ਸਮੇਂ ਨਵਾਜ਼ ਸ਼ਰੀਫ਼ ਅਦਾਲਤ ਵਿਚ ਹਾਜ਼ਰ ਸਨ ਅਤੇ ਸੁਣਵਾਈ ਦੌਰਾਨ ਉਹ ਬਿਲਕੁਲ ਸ਼ਾਂਤ ਬੈਠੇ ਰਹੇ। ਉਨ੍ਹਾਂ ਦੇ ਅਦਾਲਤ ਵਿਚ ਪਹੁੰਚਣ ਦੇ ਕੁਝ ਮਿੰਟਾਂ ਬਾਅਦ ਹੀ ਜੱਜ ਮੁਹੰਮਦ ਅਰਸ਼ਦ ਮਲਿਕ ਵਲੋਂ ਆਪਣਾ ਫ਼ੈਸਲਾ ਸੁਣਾ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਫ਼ਲੈਗਸ਼ਿਪ ਇਨਵੈਸਟਮੈਂਟ ਮਾਮਲੇ ਵਿਚ ਮੁਲਜ਼ਮ ਦੇ ਖ਼ਿਲਾਫ਼ ਕੋਈ ਕੇਸ ਨਹੀਂ ਬਣਦਾ ਹੈ, ਜਦਕਿ ਅਲ-ਅਜ਼ੀਜ਼ੀਆ ਸਟੀਲ ਮਿੱਲ ਕੇਸ ‘ਚ ਉਹ ਪੂਰੀ ਤਰ੍ਹਾਂ ਨਾਲ ਦੋਸ਼ੀ ਸਾਬਤ ਹੋਏ ਹਨ। ਫ਼ੈਸਲੇ ਤੋਂ ਤੁਰੰਤ ਬਾਅਦ ਨਵਾਜ਼ ਸ਼ਰੀਫ਼ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਨਵਾਜ਼ ਸ਼ਰੀਫ਼ ਨੂੰ ਕੋਟ ਲਖ਼ਪਤ ਜੇਲ੍ਹ ਵਿਚ ਭੇਜਿਆ ਗਿਆ। ਨਵਾਜ਼ ਸ਼ਰੀਫ਼ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰ ਸਕਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਰੀਫ਼ ਦੇ ਦੋਵੇਂ ਪੁੱਤਰ ਹਸਨ ਅਤੇ ਹੁਸੈਨ ਭ੍ਰਿਸ਼ਟਾਚਾਰ ਦੇ ਇਨ੍ਹਾਂ ਮਾਮਲਿਆਂ ਵਿਚ ਅਜੇ ਤੱਕ ਭਗੌੜੇ ਚੱਲੇ ਆ ਰਹੇ ਹਨ। ਉਹ ਕੇਸ ਦੀ ਸੁਣਵਾਈ ਦੌਰਾਨ ਇਕ ਵਾਰ ਵੀ ਅਦਾਲਤ ‘ਚ ਹਾਜ਼ਰ ਨਹੀਂ ਹੋਏ ਅਤੇ ਅਦਾਲਤ ਉਨ੍ਹਾਂ ਦੇ ਮਾਮਲੇ ਦੀ ਸੁਣਵਾਈ ਵੱਖਰੇ ਤੌਰ ‘ਤੇ ਕਰੇਗੀ। ਅਦਾਲਤ ਨੇ ਸ਼ਰੀਫ਼ ਦੇ ਦੋਵਾਂ ਪੁੱਤਰਾਂ ਖ਼ਿਲਾਫ਼ ਪੱਕੇ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਹਨ। ਨਵਾਜ਼ ਸ਼ਰੀਫ਼ ‘ਤੇ ਇਸ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗ ਚੁੱਕੇ ਹਨ ਅਤੇ ਇਸੇ ਦੇ ਚੱਲਦਿਆਂ ਉਨ੍ਹਾਂ ਨੂੰ 10 ਸਾਲ ਲਈ ਚੋਣ ਲੜਨ ਲਈ ਅਯੋਗ ਐਲਾਨਿਆ ਗਿਆ ਹੈ। ਨਵਾਜ਼ ਸ਼ਰੀਫ਼ ਦੇ ਸਮਰਥਕ ਵੱਡੀ ਗਿਣਤੀ ਵਿਚ ਸੁਣਵਾਈ ਦੇ ਦੌਰਾਨ ਅਦਾਲਤ ਦੇ ਬਾਹਰ ਮੌਜੂਦ ਸਨ। ਫ਼ੈਸਲੇ ਤੋਂ ਬਾਅਦ ਨਵਾਜ਼ ਸ਼ਰੀਫ਼ ਦੀ ਪਾਰਟੀ ਪੀ.ਐਮ.ਐਲ.-ਐਨ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਵੀ ਹੋਈਆਂ। ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਖ਼ਦੇੜਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਲਾਠੀਚਾਰਜ ਕਰਨਾ ਪਿਆ।
ਦੱਸਣਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਉਕਤ ਦੋਵਾਂ ਮਾਮਲਿਆਂ ਵਿਚ ਅਦਾਲਤ ਵਲੋਂ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਜਿਸ ਦੇ ਬਾਅਦ ਸ਼ਰੀਫ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਵਲੋਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਸੀ ਕਿ ਉਹ ਘੱਟੋ-ਘੱਟ 78 ਵਾਰ ਅਦਾਲਤ ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਵਿਰੁੱਧ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਸਾਬਤ ਨਹੀਂ ਹੋਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੀ ਚੋਣ ਮੁਹਿੰਮ ਵਿਚ ਸ਼ਰੀਫ਼ ਪਰਿਵਾਰ ਦੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਚੁੱਕਦਿਆਂ ਇਹ ਐਲਾਨ ਕੀਤਾ ਸੀ ਕਿ ਸੱਤਾ ਸੰਭਾਲਦਿਆਂ ਹੀ ਸ਼ਰੀਫ਼ ਪਰਿਵਾਰ ਤੇ ਹੋਰਨਾਂ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ।
2017 ‘ਚ ਦੋਸ਼ੀ ਠਹਿਰਾਏ ਗਏ ਸਨ ਸ਼ਰੀਫ਼
ਜਵਾਬਦੇਹੀ ਅਦਾਲਤ ਨੇ ਜੁਲਾਈ 2017 ਵਿਚ ਪਨਾਮਾ ਪੇਪਰਜ਼ ਮਾਮਲੇ ‘ਚ ਸ਼ਰੀਫ਼ ਨੂੰ ਅਯੋਗ ਕਰਾਰ ਦਿੱਤਾ ਸੀ ਅਤੇ ਅਗਸਤ 2017 ਵਿਚ ਆਮਦਨ ਤੋਂ ਵਧੇਰੇ ਜਾਇਦਾਦ ਰੱਖਣ ਲਈ ਸ਼ਰੀਫ਼ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਪਾਕਿਸਤਾਨ ਸੁਪਰੀਮ ਕੋਰਟ ਦੇ ਹੁਕਮ ਦੇ ਬਾਅਦ 8 ਸਤੰਬਰ 2017 ਨੂੰ ਕੌਮੀ ਜਵਾਬਦੇਹੀ ਬਿਊਰੋ ਨੇ ਏਵਨਫ਼ੀਲਡ ਪ੍ਰਾਪਰਟੀਜ਼, ਫ਼ਲੈਗਸ਼ਿਪ ਇਨਵੈਸਟਮੈਂਟ ਤੇ ਅਲ-ਅਜ਼ੀਜੀਆ ਸਟੀਲ ਮਿੱਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪਾਕਿ ਸਰਬਉੱਚ ਅਦਾਲਤ ਨੇ ਪਹਿਲਾਂ ਮੁੱਦੇ ਨੂੰ ਸੁਲਝਾਉਣ ਲਈ 6 ਮਹੀਨਿਆਂ ਦੀ ਸਮਾਂ-ਹੱਦ ਨਿਰਧਾਰਤ ਕੀਤੀ, ਪਰ ਬਾਅਦ ਵਿਚ ਜਵਾਬਦੇਹੀ ਅਦਾਲਤ ਦੀ ਅਪੀਲ ‘ਤੇ ਇਸ ਨੂੰ 8 ਵਾਰ ਵਧਾਇਆ ਗਿਆ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …