ਕੈਲੇਫੋਰਨੀਆ : ਅਮਰੀਕੀ ਅਦਾਲਤ ਵੱਲੋਂ ਅਮਰੀਕਾ ਵਿਚ ਵਰਕ ਵੀਜ਼ੇ ਉਪਰ ਰਹਿ ਰਹੇ ਇਕ ਭਾਰਤੀ ਨੂੰ ਜਹਾਜ਼ ਵਿਚ ਸੁੱਤੀ ਪਈ ਇਕ ਔਰਤ ਉਪਰ ਸਰੀਰਕ ਸ਼ੋਸ਼ਣ ਦੇ ਇਰਾਦੇ ਨਾਲ ਹਮਲਾ ਕਰਨ ਦੇ ਦੋਸ਼ ਵਿਚ 9 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਸਾਲ ਜਨਵਰੀ ਵਿਚ ਪ੍ਰਭੂ ਰਾਮਾਮੂਰਤੀ ਨਾਮੀ ਵਿਅਕਤੀ ਆਪਣੀ ਪਤਨੀ ਨਾਲ ਸਪਿਰਟ ਏਅਰਲਾਈਨਜ਼ ਦੇ ਜਹਾਜ਼ ਵਿਚ ਲਾਸਵੇਗਾਸ ਤੋਂ ਸਵਾਰ ਹੋਇਆ ਸੀ। ਇਹ ਜਹਾਜ਼ ਡੈਟਰਾਇਟ ਜਾ ਰਿਹਾ ਸੀ। ਉਹ ਆਪਣੀ ਪਤਨੀ ਤੇ ਇਕ ਹੋਰ ਔਰਤ ਦੇ ਵਿਚਕਾਰ ਬੈਠਾ ਸੀ। 23 ਸਾਲਾ ਔਰਤ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਰਾਤ ਵੇਲੇ ਉਸ ਨਾਲ ਛੇੜਛਾੜ ਕੀਤੀ। ਸਜ਼ਾ ਪੂਰੀ ਹੋਣ ‘ਤੇ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਇਸਤਗਾਸਾ ਪੱਖ ਨੇ ਦੋਸ਼ੀ ਨੂੰ 11 ਸਾਲ ਸਜ਼ਾ ਦੇਣ ਦੀ ਵਕਾਲਤ ਕੀਤੀ ਸੀ ਪਰ ਜਿਲ੍ਹਾ ਜੱਜ ਟੈਰੈਂਸ ਬਰਗ ਨੇ 9 ਸਾਲ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਸ ਨੂੰ ਆਸ ਹੈ ਕਿ ਇਹ ਸਜ਼ਾ ਹੋਰ ਲੋਕਾਂ ਨੂੰ ਅਜਿਹਾ ਗੁਨਾਹ ਕਰਨ ਤੋਂ ਰੋਕਣ ਲਈ ਕਾਫੀ ਹੈ।

