Breaking News
Home / ਦੁਨੀਆ / ਭਾਰਤੀ ਚੋਣਾਂ ਵਿੱਚ ਪਰਵਾਸੀਆਂ ਦੀ ਦਿਲਚਸਪੀ ਘਟੀ

ਭਾਰਤੀ ਚੋਣਾਂ ਵਿੱਚ ਪਰਵਾਸੀਆਂ ਦੀ ਦਿਲਚਸਪੀ ਘਟੀ

ਵੈਨਕੂਵਰ : ਭਾਰਤ ਵਿੱਚ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਪਰਵਾਸੀਆਂ ਦੀ ਘਾਟ ਸਭ ਨੂੰ ਰੜਕੇਗੀ। ਪਿਛਲੀਆਂ ਕਈ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵਿਦੇਸ਼ ਬੈਠੇ ਭਾਰਤੀਆਂ ਵਿੱਚ ਉੱਥੇ ਜਾ ਕੇ ਚੋਣ ਮੁਹਿੰਮ ਵਿੱਚ ਵਿਚਰਨ, ਉਮੀਦਵਾਰਾਂ ਨੂੰ ਫੰਡ ਦੇਣ ਅਤੇ ਪ੍ਰਚਾਰ ਕਰਨ ਪ੍ਰਤੀ ਕੋਈ ਰੁਚੀ ਦਿਖਾਈ ਨਹੀਂ ਦੇ ਰਹੀ ਹੈ।
ਚੋਣ ਕਮਿਸ਼ਨ ਵੱਲੋਂ ਚੋਣਾਂ ਸਬੰਧੀ ਪ੍ਰੋਗਰਾਮ ਐਲਾਨੇ ਜਾਣ ਤੋਂ ਬਾਅਦ ਵੀ ਭਾਰਤੀ ਸਿਆਸਤ ਨਾਲ ਜੁੜੇ ਲੋਕਾਂ ਨੇ ਕੋਈ ਹਿਲਜੁਲ ਨਹੀਂ ਕੀਤੀ ਹੈ। ਬੇਸ਼ੱਕ ਵਿਦੇਸ਼ਾਂ ਵਿੱਚ ਵੱਸੇ ਭਾਰਤੀ ਲੋਕ ਮੂਲ ਨਾਲ ਜੁੜੇ ਰਹਿੰਦੇ ਤੇ ਵਾਪਰਦੇ ਘਟਨਾਕ੍ਰਮ ‘ਤੇ ਨਜ਼ਰ ਰੱਖਦੇ ਹਨ ਪਰ ਜਿਹੋ ਜਿਹੇ ‘ਵਤਨ ਮੋਹ ਦੇ ਉਬਾਲੇ’ ਪੰਜਾਬੀਆਂ ਦੇ ਮਨਾਂ ਵਿੱਚ ਪਹਿਲਾਂ ਸਭ ਤੋਂ ਵੱਧ ਉੱਠਿਆ ਕਰਦੇ ਸੀ, ਉਹ ਤਪਸ਼ ਇਸ ਵਾਰ ਮਹਿਸੂਸ ਨਹੀਂ ਹੋ ਰਹੀ ਹੈ। ਇਸ ਨੂੰ ਖੋਰਾ ਲੱਗਣ ਦੇ ਕਈ ਕਾਰਨ ਹਨ, ਜਿਨ੍ਹਾਂ ‘ਚੋਂ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਡਰ ਪ੍ਰਮੁੱਖ ਮੰਨਿਆ ਜਾ ਰਿਹਾ ਹੈ। ਪਿਛਲੀਆਂ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਸੰਭਾਵੀ ਉਮੀਦਵਾਰਾਂ ਦੇ ਸਮਰਥਕ ਸਥਾਨਕ ਰੇਡੀਓ ਜਾਂ ਟੀਵੀ ਸ਼ੋਅ ਵਿੱਚ ਹੁੰਦੀਆਂ ਬਹਿਸਾਂ ਵਿੱਚ ਸ਼ਾਮਲ ਹੋ ਕੇ ਜਿਵੇਂ ਆਪਣੇ ਆਕਾਵਾਂ ਦੀ ਤਾਰੀਫ ਦੇ ਪੁਲ ਬੰਨ੍ਹਦੇ ਸਨ, ਇਸ ਵਾਰ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੀ ਅਜਿਹੀ ਕੋਈ ਗੱਲ ਸੁਣਨ ਜਾਂ ਦੇਖਣ ਨੂੰ ਨਹੀਂ ਮਿਲ ਰਹੀ ਹੈ। ਉਕਤ ਬੇਰੁਖੀ ਦਾ ਇੱਕ ਕਾਰਨ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਤੋਂ ਲਾਈਆਂ ਵੱਡੀਆਂ ਆਸਾਂ ਤੇ ਨਿੱਜੀ ਇੱਛਾਵਾਂ ਨੂੰ ਫਲ ਨਾ ਪੈਣਾ ਵੀ ਮੰਨਿਆ ਜਾ ਰਿਹਾ ਹੈ। ਕਦੇ ਇਸ ਪਾਰਟੀ ਦੇ ਥੰਮ੍ਹ ਅਖਵਾਉਂਦੇ ਰਹੇ ਵਿਅਕਤੀਆਂ ਨਾਲ ਇਸ ਬਾਰੇ ਗੱਲ ਹੋਈ ਤਾਂ ਉਨ੍ਹਾਂ ਪਾਰਟੀ ਦੀ ਗੱਲ ਤੋਂ ਹੀ ਟਾਲਾ ਵੱਟਣ ਦਾ ਯਤਨ ਕੀਤਾ।

Check Also

ਪਾਕਿਸਤਾਨ ਇਸ ਸਾਲ ਦੇ ਅੰਤ ਤੱਕ ਲਿਆਏਗਾ ਨਵੇਂ ਪਲਾਸਟਿਕ ਕਰੰਸੀ ਨੋਟ

ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਦਾ ਕੇਂਦਰੀ ਬੈਂਕ ਇਸ ਸਾਲ ਦੇ ਅੰਤ ਵਿਚ ਪ੍ਰਯੋਗਾਤਮਕ ਆਧਾਰ ‘ਤੇ …