ਪਾਕਿਸਤਾਨ ਦੀ ਹਾਕੀ ਟੀਮ ਪਹੁੰਚੀ ਭਾਰਤ
ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਲਵੇਗੀ ਹਿੱਸਾ
ਅਟਾਰੀ/ਬਿਊਰੋ ਨਿਊਜ਼
ਪਾਕਿਸਤਾਨ ਦੀ ਹਾਕੀ ਟੀਮ ਚੇਨਈ ’ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਹਿੱਸਾ ਲੈਣ ਲਈ ਅੰਤਰਰਾਸ਼ਟਰੀ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚ ਗਈ ਹੈ। 17 ਖਿਡਾਰੀਆਂ ਨਾਲ ਪਹੁੰਚੀ ਇਸ ਟੀਮ ’ਚ ਕੁੱਲ 26 ਮੈਂਬਰ ਹਨ। ਟੀਮ ਦੇ ਕੋਚ ਦੇ ਨਾਲ ਮੈਡੀਕਲ ਟੀਮ ਵੀ ਆਈ ਹੈ। ਪਾਕਿਸਤਾਨ ਦੀ ਹਾਕੀ ਟੀਮ ਦੇ ਕੋਚ ਮੁਹੰਮਦ ਸਕਲੈਨ ਦਾ ਕਹਿਣਾ ਹੈ ਕਿ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਖੇਡਣ ਲਈ ਪਹੁੰਚੀ ਹੈ ਤੇ ਪੂਰੇ ਏਸ਼ੀਆ ਦੀਆਂ ਟੀਮਾਂ ਇਸ ਟੂਰਨਾਮੈਂਟ ’ਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਜ਼ਰੀਏ ਅਸੀਂ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਉਮੀਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਖੇਡਾਂ ਤੇ ਫਿਲਮ ਉਦਯੋਗ ਜ਼ਰੀਏ ਭਾਰਤ ਨਾਲ ਸਾਡੇ ਰਿਸ਼ਤੇ ਮਜ਼ਬੂਤ ਹੋਣਗੇ। ਦੋਵਾਂ ਦੇਸ਼ਾਂ ਦੇ ਲੋਕ ਵੱਡੇ ਦਿਲ ਵਾਲੇ ਹਨ ਤੇ ਆਪਣੇ ਮਹਿਮਾਨਾਂ ਨਾਲ ਚੰਗਾ ਵਿਵਹਾਰ ਕਰਦੇ ਹਨ। ਧਿਆਨ ਰਹੇ ਕਿ ਪਾਕਿਸਤਾਨ ਦੇ ਹਾਕੀ ਖ਼ਿਡਾਰੀਆਂ ਦੇ ਭਾਰਤ ਪਹੁੰਚਣ ’ਤੇ ਅਟਾਰੀ ਸਰਹੱਦ ਵਿਖੇ ਉਲੰਪੀਅਨ ਤੇਜਬੀਰ ਸਿੰਘ, ਉਲੰਪੀਅਨ ਅਮਰੀਕ ਸਿੰਘ ਪੁਵਾਰ, ਮੈਨੇਜਰ ਸੁਤੀਸ਼ ਧਿਆਨੀ ਅਤੇ ਹਰਚਰਨ ਸਿੰਘ ਬਿ੍ਰਗੇਡੀਅਰ ਨੇ ਸਵਾਗਤ ਕੀਤਾ। ਇਸ ਮੌਕੇ ਟੀਮ ਮੈਨੇਜਰ ਕਰਨਲ ਆਰ ਮੁਹੰਮਦ ਉਮਰ ਸਾਬੀਰ, ਟੀਮ ਕੋਚ ਪੈਨਲ ਓਲੰਪੀਅਨ ਰੇਹਾਨ ਬੱਟ, ਓਲੰਪੀਅਨ ਮੁਹੰਮਦ ਸਕਲੈਨ ਅਤੇ ਹੋਰ ਟੀਮ ਮੈਨੇਜਮੈਂਟ ਵੀ ਮੌਜੂਦ ਰਹੀ। ਦੱਸਣਯੋਗ ਹੈ ਕਿ ਪਾਕਿਸਤਾਨ ਦੀ ਹਾਕੀ ਟੀਮ ਆਪਣਾ ਪਹਿਲਾ ਮੈਚ 3 ਅਗਸਤ ਨੂੰ ਮਲੇਸ਼ੀਆ ਤੇ ਪੰਜਵਾਂ ਮੈਚ ਭਾਰਤ ਨਾਲ 9 ਅਗਸਤ ਨੂੰ ਖੇਡੇਗੀ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 12 ਅਗਸਤ ਨੂੰ ਖੇਡਿਆ ਜਾਵੇਗਾ।