
ਭਾਰਤ ’ਤੇ ਹੁਣ ਤੱਕ 50 ਫੀਸਦੀ ਟੈਰਿਫ ਲਗਾਇਆ ਗਿਆ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਨੇ ਰੂਸ ’ਤੇ ਦਬਾਅ ਬਣਾਉਣ ਦੇ ਲਈ ਭਾਰਤ ’ਤੇ ਆਰਥਿਕ ਪਾਬੰਦੀਆਂ ਲਗਾਈਆਂ ਹਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਪ੍ਰਸ਼ਾਸਨ ਰੂਸ ਤੋਂ ਤੇਲ ਲੈਣ ’ਤੇ ਭਾਰਤ ਦੇ ਖਿਲਾਫ ਕੀਤੀ ਗਈ ਆਰਥਿਕ ਕਾਰਵਾਈ ਨੂੰ ਪੈਨੈਲਟੀ ਜਾਂ ਟੈਰਿਫ ਦੱਸਦਾ ਰਿਹਾ ਹੈ। ਟਰੰਪ ਨੇ ਭਾਰਤ ’ਤੇ ਹੁਣ ਤੱਕ ਕੁੱਲ 50 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਵਿਚੋਂ 25 ਫੀਸਦੀ ‘ਜੈਸੋ ਕੋ ਤੈਸਾ’ ਟੈਰਿਫ ਅਤੇ ਰੂਸ ਤੋਂ ਤੇਲ ਖਰੀਦਣ ’ਤੇ 25 ਫੀਸਦੀ ਪੈਨੈਲਟੀ ਹੈ। ਦੱਸਣਯੋਗ ਹੈ ਕਿ ਜੈਸੇ ਕੋ ਤੈਸਾ ਟੈਰਿਫ ਲੰਘੀ 7 ਅਗਸਤ ਤੋਂ ਲਾਗੂ ਹੋ ਗਿਆ ਹੈ, ਜਦੋਂ ਕਿ ਪੈਨੈਲਟੀ ਟੈਰਿਫ 27 ਅਗਸਤ ਤੋਂ ਲਾਗੂ ਹੋਣਾ ਹੈ। ਕੈਰੋਲੀਨ ਲੀਵਿਟ ਦਾ ਕਹਿਣਾ ਸੀ ਕਿ ਇਸਦਾ ਮਕਸਦ ਰੂਸ ’ਤੇ ਦਬਾਅ ਪਾਉਣਾ ਹੈ ਤਾਂ ਕਿ ਉਹ ਯੁੱਧ ਖਤਮ ਕਰਨ ਲਈ ਮਜਬੂਰ ਹੋ ਜਾਏ।

