Breaking News
Home / ਦੁਨੀਆ / ਪਾਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ

ਪਾਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ

ਇਮਰਾਨ ਖ਼ਾਨ ਲੜ ਰਹੇ ਪੰਜ ਸੀਟਾਂ ਤੋਂ ਚੋਣ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣ ਦੀ ਤਸਵੀਰ ਸਾਫ਼ ਹੋ ਗਈ ਹੈ। ਚੋਣ ਕਮਿਸ਼ਨ ਨੇ ਨਾਮਜ਼ਦਗੀ ਕਾਗ਼ਜ਼ਾਂ ਦੀ ਜਾਂਚ ਪਿੱਛੋਂ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ।ਪਾਕਿਸਤਾਨ ਦੀਆਂ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਮੁਖੀ ਕਈ-ਕਈ ਸੀਟਾਂ ਤੋਂ ਚੋਣ ਮੈਦਾਨ ਵਿਚ ਉਤਰੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਧਾਨ ਇਮਰਾਨ ਖ਼ਾਨ ਪੰਜ ਸੀਟਾਂ ਤੋਂ ਚੋਣ ਮੈਦਾਨ ਵਿਚ ਹਨ।ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਭਰਾ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਚਾਰ ਸੀਟਾਂ ਤੋਂ ਚੋਣ ਲੜ ਰਹੇ ਹਨ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਵੀ ਤਿੰਨ ਸੀਟਾਂ ਤੋਂ ਕਿਸਮਤ ਅਜ਼ਮਾ ਰਹੇ ਹਨ। ਜਮੀਅਤ ਉਲਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਦੋ ਸੀਟਾਂ ਤੋਂ ਕਾਗ਼ਜ਼ ਦਾਖ਼ਲ ਕੀਤੇ ਹਨ। ਸਾਬਕਾ ਗ੍ਰਹਿ ਮੰਤਰੀ ਨਿਸਾਰ ਅਲੀ ਖ਼ਾਨ ਵੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਮੁਲਤਾਨ ਤੋਂ ਕਿਸਮਤ ਅਜ਼ਮਾ ਰਹੇ ਹਨ।
ਹਾਫ਼ਿਜ਼ ਦਾ ਬੇਟਾ, ਦਾਮਾਦ ਵੀ ਚੋਣ ਮੈਦਾਨ ਵਿਚ : ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੀ ਸਿਆਸੀ ਪਾਰਟੀ ਮਿੱਲੀ ਮੁਸਲਿਮ ਲੀਗ ਨੇ ‘ਅੱਲਾਹ-ਹੂ-ਅਕਬਰ ਤਹਿਰੀਕ’ ਦੇ ਬੈਨਰ ਹੇਠ ਸੰਸਦੀ ਅਤੇ ਸੂਬਾਈ ਚੋਣਾਂ ਵਿਚ 260 ਉਮੀਦਵਾਰ ਉਤਾਰੇ ਹਨ। ਹਾਫ਼ਿਜ਼ ਦਾ ਬੇਟਾ ਹਾਫ਼ਿਜ਼ ਤੱਲ੍ਹਾ ਅਤੇ ਦਾਮਾਦ ਹਾਫ਼ਿਜ਼ ਖਾਲਿਦ ਵਹੀਦ ਵੀ ਚੋਣ ਮੈਦਾਨ ਵਿਚ ਹਨ।
‘ਔਰਤਾਂ ਨੂੰ ਵੋਟ ਦੇਣਾ ਹਰਾਮ’ : ਪੀਐੱਮਐੱਲ-ਐੱਨ ਦੇ ਉਮੀਦਵਾਰ ਹਾਰੂਨ ਸੁਲਤਾਨ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਨੇ ਔਰਤ ਉਮੀਦਵਾਰਾਂ ਲਈ ਵੋਟ ਦੇਣ ਨੂੰ ਹਰਾਮ ਕਰਾਰ ਦਿੱਤਾ ਹੈ। ਉਹ ਨੈਸ਼ਨਲ ਅਸੈਂਬਲੀ ਲਈ ਪੀਟੀਆਈ ਦੀ ਔਰਤ ਉਮੀਦਵਾਰ ਜੇਹਰਾ ਵਾਸਿਤ ਖ਼ਿਲਾਫ਼ ਚੋਣ ਲੜ ਰਹੇ ਹਨ। ਉਹ ਪੰਜਾਬ ਸੂਬੇ ਦੇ ਸਮਾਜਿਕ ਕਲਿਆਣ ਮੰਤਰੀ ਰਹਿ ਚੁੱਕੇ ਹਨ।
272 ਸੀਟਾਂ ਲਈ 3,459 ਉਮੀਦਵਾਰ
ਚੋਣ ਕਮਿਸ਼ਨ ਅਨੁਸਾਰ ਪਾਕਿਸਤਾਨ ਦੀ ਸੰਸਦ ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ ਲਈ 3,459 ਉਮੀਦਵਾਰ ਚੋਣ ਲੜਨਗੇ। ਸੰਸਦੀ ਚੋਣ ਦੇ ਨਾਲ ਚਾਰ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਵੀ ਚੋਣ ਕਰਾਈ ਜਾ ਰਹੀ ਹੈ। ਇਨ੍ਹਾਂ ਦੀ 577 ਸੀਟਾਂ ਲਈ 8,396 ਉਮੀਦਵਾਰ ਮੈਦਾਨ ਵਿਚ ਹਨ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …