ਅੰਮ੍ਰਿਤਸਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 179ਵੀਂ ਬਰਸੀ ਲਾਹੌਰ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ ਮਨਾਈ ਗਈ, ਜਿਸ ਵਿਚ ਬਰਸੀ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੇ ਭਾਰਤ ਤੋਂ ਗਏ 266 ਸਿੱਖ ਸ਼ਰਧਾਲੂਆਂ ਸਮੇਤ ਲਾਹੌਰ, ਸ੍ਰੀ ਨਨਕਾਣਾ ਸਾਹਿਬ, ਪਿਸ਼ਾਵਰ ਤੋਂ ਇਲਾਵਾ ਹੋਰਨਾਂ ਦੇਸ਼ਾਂ ਤੋਂ ਪਹੁੰਚੀ ਸੰਗਤ ਵੀ ਹਾਜ਼ਰ ਸੀ। ਲਾਹੌਰ ਤੋਂ ਬਾਬਰ ਜਲੰਧਰੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਡੇਰਾ ਸਾਹਿਬ ਦੇ ਕੋਲ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਬਰਸੀ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਕਥਾਵਾਚਕ ਭਾਈ ਗੁਰਸੇਵਕ ਸਿੰਘ, ਭਾਈ ਹਰਪਾਲ ਸਿੰਘ ਤੇ ਰਾਗੀ ਭਾਈ ਸਤਨਾਮ ਸਿੰਘ ਦੇ ਜਥਿਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।
ਪਾਕਿ ਦੇ ਘੱਟ ਗਿਣਤੀ ਮੰਤਰੀ, ਈ. ਟੀ. ਪੀ. ਬੀ. ਦੇ ਨਿਗਰਾਨ ਚੇਅਰਮੈਨ ਤਾਹਿਰ ਅਹਿਸਾਨ, ਸਕੱਤਰ ਮੁਹੰਮਦ ਤਾਰਿਕ ਵਜ਼ੀਰ, ਡਿਪਟੀ ਸਕੱਤਰ ਧਾਰਮਿਕ ਸਥਾਨ ਇਮਰਾਨ ਖ਼ਾਂ ਗਾਦਲ, ਫ਼ਜ਼ਲ ਰਾਬੀ, ਤਾਰਿਕ ਗਿਲਾਨੀ, ઠਅਜ਼ਹਰ ਅੱਬਾਸ, ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਪ੍ਰੋ: ਕਲਿਆਣ ਸਿੰਘ ਕਲਿਆਣ , ਮਹਿੰਦਰਪਾਲ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਦੇ ਆਗੂ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਬਲਵਿੰਦਰ ਸਿੰਘ ਜੌੜਾ ਸਿੰਘਾ, ਵਰਿੰਦਰ ਸਿੰਘ ਠਰੂ, ਖਾਲੜਾ ਮਿਸ਼ਨ ਕਮੇਟੀ ਦੇ ਪਾਰਟੀ ਆਗੂ ਦਰਸ਼ਨ ਸਿੰਘ ਰੌਸ਼ਨਵਾਲਾ, ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪਾਰਟੀ ਆਗੂ ਗੁਰਮੁਖ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਰਟੀ ਆਗੂ ਜਗਮੋਹਨ ਸਿੰਘ ਆਦਿ ਵੀ ਹਾਜ਼ਰ ਸਨ। ਬਰਸੀ ਸਮਾਗਮ ਦੌਰਾਨ ਬਲਵਿੰਦਰ ਸਿੰਘ ਜੌੜਾ ਸਿੰਘਾ ਅਤੇ ਭਾਰਤੀ ਸਿੱਖ ਜਥਿਆਂ ਦੇ ਹੋਰਨਾਂ ਆਗੂਆਂ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਵਿਚ ਵੱਡੇ ਪੱਧਰ ‘ਤੇ ਹੋਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …