Breaking News
Home / ਦੁਨੀਆ / ਅਫਗਾਨ ਦੇ ਸਿੱਖਾਂ ‘ਚ ਸਖਤ ਰੋਸ, ਦੇਸ਼ ਛੱਡਣ ਬਾਰੇ ਲੱਗੇ ਸੋਚਣ

ਅਫਗਾਨ ਦੇ ਸਿੱਖਾਂ ‘ਚ ਸਖਤ ਰੋਸ, ਦੇਸ਼ ਛੱਡਣ ਬਾਰੇ ਲੱਗੇ ਸੋਚਣ

ਘੱਟ ਗਿਣਤੀਆਂ ਨੂੰ ਬਣਾਏ ਨਿਸ਼ਾਨੇ ਦੌਰਾਨ ਸਿੱਖ ਤੇ ਹਿੰਦੂ ਭਾਈਚਾਰੇ ਦੇ 19 ਵਿਅਕਤੀਆਂ ਦੀ ਗਈ ਸੀ ਜਾਨ
ਕਾਬੁਲ,ਜਲਾਲਾਬਾਦ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਸਿੱਖ ਤੋ ਹਿੰਦੂ ਭਾਈਚਾਰੇ ਦੇ 19 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਉੱਥੇ ਰਹਿ ਰਹੇ ਸਿੱਖ ਭਾਈਚਾਰੇ ਦਾ ਇਰਾਦਾ ਦੇਸ਼ ਛੱਡਣ ਦਾ ਬਣ ਰਿਹਾ ਹੈ। ਐਤਵਾਰ ਨੂੰ ਹੋਏ ਇਸ ਹਮਲੇ ਵਿੱਚ ਭਾਈਚਾਰੇ ਦੇ 11 ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਭਾਈਚਾਰੇ ਦੇ ਕੁਝ ਸਿਆਸੀ ਆਗੂ ਵੀ ਸ਼ਾਮਲ ਹਨ। ਆਤਮਘਾਤੀ ਬੰਬ ਧਮਾਕੇ ਦਾ ਸ਼ਿਕਾਰ ਹੋਏ ਇਕ ਸਿੱਖ ਦੇ ਰਿਸ਼ਤੇਦਾਰ ਅਤੇ ਹਿੰਦੂਆਂ ਤੇ ਸਿੱਖਾਂ ਦੇ ਕੌਮੀ ਪੈਨਲ ਦੇ ਸਕੱਤਰ ਤੇਜਵੀਰ ਸਿੰਘ (35) ਨੇ ਕਿਹਾ ਕਿ ਉਹ ਹੁਣ ਅਫ਼ਗਾਨਿਸਤਾਨ ਵਿੱਚ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਇਸਲਾਮਿਕ ਅੱਤਵਾਦੀ ਉਨ੍ਹਾਂ ਦੀਆਂ ਧਾਰਮਿਕ ਰੀਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਹ ਮੁੱਢੋਂ ਅਫ਼ਗਾਨ ਹਨ, ਇਸ ਸਚਾਈ ਨੂੰ ਸਰਕਾਰ ਤਾਂ ਮੰਨਦੀ ਹੈ ਪਰ ਅੱਤਵਾਦੀ ਉਨ੍ਹਾਂ ਨੂੰ ਮੁਸਲਿਮ ਨਾ ਹੋਣ ਕਰਕੇ ਨਿਸ਼ਾਨਾ ਬਣਾ ਰਹੇ ਹਨ। ਕਰੀਬ 300 ਸਿੱਖ ਪਰਿਵਾਰ ਇਸ ਵੇਲੇ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਹਨ। ਜਦਕਿ ਕੁਝ ਹੋਰ ਸਿੱਖ, ਜਿਨ੍ਹਾਂ ਦੇ ਇੱਥੇ ਕਾਰੋਬਾਰ ਹਨ ਤੇ ਭਾਰਤ ਵਿੱਚ ਉਨ੍ਹਾਂ ਦਾ ਕੋਈ ਸਕਾ-ਸਬੰਧੀ ਨਹੀਂ ਹੈ, ਅਫ਼ਗਾਨ ਧਰਤੀ ਛੱਡਣ ਤੋਂ ਇਨਕਾਰੀ ਹਨ।
ਕਾਬੁਲ ਵਿੱਚ ਇਕ ਸਿੱਖ ਦੁਕਾਨਦਾਰ ਸੰਦੀਪ ਸਿੰਘ ਨੇ ਕਿਹਾ ਕਿ ਉਹ ਡਰਪੋਕ ਨਹੀਂ ਹਨ ਤੇ ਅਫ਼ਗਾਨਿਸਤਾਨ ਉਨ੍ਹਾਂ ਦਾ ਮੁਲਕ ਹੈ। ਆਤਮਘਾਤੀ ਹਮਲੇ ਵਿੱਚ ਮਾਰੇ ਗਏ ਦੋਸਤਾਂ-ਰਿਸ਼ਤੇਦਾਰਾਂ ਦੇ ਸਸਕਾਰ ਮੌਕੇ ਇਕੱਠੇ ਹੋਏ ਅਫ਼ਗਾਨਿਸਤਾਨ ਦੇ ਸਿੱਖ ਤੇ ਹਿੰਦੂ ਭਾਈਚਾਰੇ ਨੇ ਰਲੇ-ਮਿਲੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕੁਝ ਨੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਦੀ ਕਰੜੀ ਨਿਖੇਧੀ ਕੀਤੀ। ਹਮਲੇ ਦਾ ਸ਼ਿਕਾਰ ਹੋਏ ਅਤੇ ਅਸੈਂਬਲੀ ਚੋਣਾਂ ਲਈ ਸਿੱਖ ਉਮੀਦਵਾਰ ਅਵਤਾਰ ਸਿੰਘ ਦੇ ਪੁੱਤਰ ਨਰਿੰਦਰ ਸਿੰਘ ਨੇ ਕਿਹਾ ਕਿ ਇਸ ਹਮਲੇ ਵਿੱਚ ਉਨ੍ਹਾਂ ਦੇ ਬਹੁਤ ਸਾਰੇ ਬਜ਼ੁਰਗਾਂ ਨੂੰ ਜਾਨ ਗੁਆਉਣੀ ਪਈ ਹੈ ਤੇ ਉਹ ਇਸ ਮੁਲਕ ਨੂੰ ਜਾਨੋਂ ਵੱਧ ਪਿਆਰ ਕਰਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੁਰੱਖਿਆ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਤੇ ਬਹੁਤਾ ਭਾਈਚਾਰਾ ਦੇਸ਼ ਛੱਡ ਗਿਆ। ਜ਼ਿਆਦਾਤਰ ਸਿੱਖ ਭਾਈਚਾਰਾ ਜਲਾਲਾਬਾਦ ਤੋਂ ਇਲਾਵਾ ਦੱਖਣ ਪੂਰਬੀ ਸ਼ਹਿਰ ਗ਼ਜ਼ਨੀ ਤੇ ਰਾਜਧਾਨੀ ਕਾਬੁਲ ਵਿੱਚ ਵਸਿਆ ਹੋਇਆ ਹੈ।
ਇਸਲਾਮਿਕ ਸਟੇਟ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਕਾਬੁਲ: ਅਫ਼ਗਾਨਿਸਤਾਨ ਵਿੱਚ ਐਤਵਾਰ ਨੂੰ ਘੱਟ ਗਿਣਤੀ ਸਿੱਖ ਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਇਸ ਹਮਲੇ ਵਿੱਚ 19 ਵਿਅਕਤੀ ਮਾਰੇ ਗਏ ਸਨ। ਰਿਲੀਜ਼ ਕੀਤੇ ਇਕ ਬਿਆਨ ਵਿਚ ਆਈਐੱਸ ਨੇ ਕਿਹਾ ਹੈ ਕਿ ਉਨ੍ਹਾਂ ‘ਇਕ ਤੋਂ ਵੱਧ ਦੇਵਤਿਆਂ ਦੀ ਪੂਜਾ ਕਰਨ ਵਾਲੇ’ ਵਿਅਕਤੀਆਂ ਦੇ ਗਰੁੱਪ ਉਤੇ ਇਹ ਹਮਲਾ ਕੀਤਾ ਹੈ।
ਸਿੱਖਾਂ ‘ਤੇ ਹੋਏ ਹਮਲੇ ਦੀ ਸੰਯੁਕਤ ਰਾਸ਼ਟਰ ਵਲੋਂ ਨਿਖੇਧੀ
ਸੰਯੁਕਤ ਰਾਸ਼ਟਰ : ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਅੱਤਵਾਦੀ ਆਤਮਘਾਤੀ ਹਮਲੇ ਵਿਚ ਮਾਰੇ ਸਿੱਖਾਂ ਤੇ ਹਿੰਦੂਆਂ ਦੀ ਮੌਤ ‘ਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਨਟੋਨੀਓ ਗਟਰਸ ਨੇ ਸਖਤੀ ਨਾਲ ਇਸ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਮਲੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿੰਦਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਵਿਚ ਅੱਤਵਾਦੀ ਹਮਲੇ ਨੂੰ ਦੇਸ਼ ਦੇ ਬਹੁਸਭਿਆਚਾਰਕ ਤਾਣੇ ‘ਤੇ ਹਮਲਾ ਆਖਿਆ ਹੈ। ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਆਤਮਘਾਤੀ ਹਮਲੇ ਵਿਚ ਘੱਟੋ ਘੱਟ 19 ਵਿਅਕਤੀ ਮਾਰੇ ਗਏ, ਜਿਨ੍ਹਾਂ ਵਿਚੋਂ ਬਹੁਤੇ ਸਿੱਖ ਤੇ ਹਿੰਦੂ ਸਨ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਭਾਰਤ ਅਫਗਾਨਿਸਤਾਨ ਸਰਕਾਰ ਦੀ ਸਹਾਇਤਾ ਲਈ ਤਿਆਰ ਹੈ।
ਅਫਗਾਨੀ ਸਿੱਖ ਆਉਣਾ ਚਾਹੁੰਦੇ ਹਨ ਭਾਰਤ
ਦੋ ਦਹਾਕਿਆਂ ਤੋਂ ਨਹੀਂ ਮਿਲੀ ਅਫ਼ਗਾਨ ਸਿੱਖਾਂ ਨੂੰ ਭਾਰਤੀ ਨਾਗਰਿਕਤਾ
ਜਲੰਧਰ : ਅਫ਼ਗਾਨਿਸਤਾਨ ਵਿੱਚ ਐਤਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕਿਆਂ ਵਿੱਚ ਮਾਰੇ ਗਏ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਇੱਥੇ ਰਹਿੰਦੇ ਦੋਸਤ-ਰਿਸ਼ਤੇਦਾਰ ਵੀ ਡੂੰਘੇ ਸਦਮੇ ਵਿੱਚ ਹਨ। ਅੰਮ੍ਰਿਤਸਰ ਨਾਲ ਸਬੰਧਤ ਵਪਾਰੀ ਸਿੰਧੀ ਸਰਨ ਸਿੰਘ ਜੋ ਮੂਲ ਰੂਪ ਵਿੱਚ ਪਾਕਿਸਤਾਨ ਨਾਲ ਸਬੰਧਤ ਹਨ, ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿਰਫ਼ 30-40 ਸਿੱਖ ਪਰਿਵਾਰ ਹੀ ਹੁਣ ਜਲਾਲਬਾਦ ਸ਼ਹਿਰ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜੋ ਆਰਥਿਕ ਤੌਰ ‘ਤੇ ਕਮਜ਼ੋਰ ਹਨ ਜਾਂ ਫਿਰ ਉੱਥੇ ਸਥਿਤ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰੇ ਦੇ ਰੱਖ-ਰਖਾਅ ਲਈ ਰੁਕ ਗਏ ਹਨ। ਇਸ ਆਤਮਘਾਤੀ ਹਮਲੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਸਰਨ ਸਿੰਘ ਦੇ ਦੋਸਤ ਤੇ ਰਿਸ਼ਤੇਦਾਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨ ਸਿੱਖ ਭਾਰਤ ਆਉਣਾ ਤਾਂ ਚਾਹੁੰਦੇ ਹਨ ਪਰ ਲਗਭਗ ਵੀਹ ਸਾਲ ਪਹਿਲਾਂ ਪਰਵਾਸ ਕਰਕੇ ਭਾਰਤ ਆਏ ਆਪਣੇ ਭਾਈਚਾਰੇ ਦੇ ਹੋਰਨਾਂ ਵਿਅਕਤੀਆਂ ਨੂੰ ਹਾਲੇ ਤੱਕ ਨਾਗਰਿਕਤਾ ਨਾ ਮਿਲਣ ਕਰਕੇ ਦਰਪੇਸ਼ ਮੁਸ਼ਕਲਾਂ ਤੋਂ ਘਬਰਾ ਕੇ ਅਜਿਹਾ ਕਰਨ ਤੋਂ ਪਾਸਾ ਵੱਟ ਗਏ ਹਨ। ਉਨ੍ਹਾਂ ਕਿਹਾ ਕਿ ਚਾਹੇ ਵੀਜ਼ਾ ਨਵਿਆ ਦਿੱਤਾ ਜਾਂਦਾ ਹੈ ਪਰ ਇਸ ਸਬੰਧੀ ਪ੍ਰਕਿਰਿਆ ਬੜੀ ਗੁੰਝਲਦਾਰ ਹੈ। ਅੰਮ੍ਰਿਤਸਰ ਵਸੇ ਇਕ ਹੋਰ ਅਫ਼ਗਾਨ ਸਿੱਖ ਸੂਰਬੀਰ ਸਿੰਘ ਨੇ ਕਿਹਾ ਕਿ ਮਾਰੇ ਗਏ ਬਹੁਤੇ ਸਿੱਖਾਂ ਦੇ ਰਿਸ਼ਤੇਦਾਰ ਦਿੱਲੀ ਵਿੱਚ ਰਹਿ ਰਹੇ ਹਨ ਤੇ ਨਿੱਕੇ ਮੋਟੇ ਕਾਰੋਬਾਰ ਕਰਕੇ ਗੁਜ਼ਾਰਾ ਕਰ ਰਹੇ ਹਨ। ਪਰ ਇਸ ਦੌਰਾਨ ਉਹ ਆਪਣੀ ਪਿੱਛੇ ਰਹਿ ਗਈ ਸੰਪਤੀ ਦੇਖਣ ਲਈ ਅਫ਼ਗਾਨਿਸਤਾਨ ਜਾਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਡਰ ਕਾਰਨ ਉੱਥੇ ਹਿੰਦੂ ਤੇ ਸਿੱਖ ਔਰਤਾਂ ਗਲੀਆਂ ਵਿਚ ਖੁੱਲ੍ਹੇਆਮ ਘੁੰਮਣ ਬਾਰੇ ਸੋਚ ਤੱਕ ਨਹੀਂ ਸਕਦੀਆਂ ਤੇ ਪੁਰਸ਼ ਵੀ ਜਲਦੀ ਘਰ ਮੁੜ ਆਉਂਦੇ ਹਨ।
ਸਿੱਖ ਆਗੂਆਂ ਵਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ
ਅੰਮ੍ਰਿਤਸਰ : ਅਫ਼ਗਾਨਿਸਤਾਨ ਵਿਚ ਸਿੱਖਾਂ ‘ਤੇ ਹਮਲੇ ਸਬੰਧੀ ਸਿੱਖ ਆਗੂਆਂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਅਤੇ ਅਫ਼ਗਾਨਿਸਤਾਨ ਦੇ ਕੁਝ ਸਿੱਖਾਂ ‘ਤੇ ਆਧਾਰਿਤ ਉੱਚ ਪੱਧਰੀ ਵਫ਼ਦ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਅਫ਼ਗਾਨਿਸਤਾਨ ਵਿਚ ਸਿੱਖਾਂ ‘ਤੇ ਹੋਏ ਹਮਲੇ ਸਬੰਧੀ ਵਿਸਥਾਰ ਵਿਚ ਗੱਲਬਾਤ ਕੀਤੀ ਅਤੇ ਉਥੇ ਸਿੱਖਾਂ ਦੀ ਜਾਨ ਮਾਲ ਦੀ ਰਖਵਾਲੀ ਲਈ ਤੁਰੰਤ ਢੁਕਵੇਂ ਕਦਮ ਚੁੱਕਣ ਲਈ ਕਿਹਾ ਹੈ। ਵਫ਼ਦ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਜਲਦ ਇੱਕ ਸਰਕਾਰੀ ਵਫ਼ਦ ਅਫ਼ਗਾਨਿਸਤਾਨ ਭੇਜਿਆ ਜਾਵੇ, ਜਿਸ ਵਿਚ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਨੁਮਾਇੰਦੇ ਵੀ ਸ਼ਾਮਿਲ ਹੋਣ। ਕੇਂਦਰੀ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਅਫ਼ਗਾਨਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਲਈ ਕਾਰਗਰ ਯਤਨ ਅਮਲ ਵਿਚ ਲਿਆਂਦੇ ਜਾਣਗੇ ਅਤੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਿਚਾਰ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਨੇ ਅਫ਼ਗਾਨਿਸਤਾਨ ਵਿੱਚ ਮਾਰੇ ਗਏ ਸਿੱਖਾਂ ਨੂੰ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ : ਅਫ਼ਗਾਨਿਸਤਾਨ ਵਿੱਚ ਇਕ ਕਾਫ਼ਲੇ ‘ਚ ਸ਼ਾਮਲ ਸਿੱਖਾਂ ‘ਤੇ ਹਮਲੇ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਬੰਦ ਰੱਖੇ ਗਏ। ਇਸ ਦੌਰਾਨ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਾਰੇ ਕਰਮਚਾਰੀਆਂ ਨੇ ਮੂਲ ਮੰਤਰ ਤੇ ਗੁਰ ਮੰਤਰ ਦੇ ਪਾਠ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਅਫ਼ਗਾਨਿਸਤਾਨ ਵਿੱਚ ਸਿੱਖਾਂ ‘ਤੇ ਹਮਲੇ ਨਾਲ ਸਮੁੱਚੇ ਸਿੱਖ ਜਗਤ ਵਿੱਚ ਰੋਸ ਹੈ। ਸਾਰੇ ਮੁਲਾਜ਼ਮਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਕੱਠੇ ਹੋ ਕੇ ਵਿਛੜੀਆਂ ਰੂਹਾਂ ਨਮਿਤ ਮੂਲ ਮੰਤਰ ਦਾ ਪਾਠ ਕੀਤਾ। ਸੋਗ ਇਕੱਤਰਤਾ ਵਿੱਚ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾਕੋਨਾ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਸ਼ਾਮਲ ਹੋਏ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਹਮਲੇ ਨੂੰ ਅਫ਼ਗਾਨਿਸਤਾਨ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ। ਉਨ੍ਹਾਂ ਹਮਲੇ ਵਿੱਚ ਮਾਰੇ ਸਿੱਖਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਸ ਦੌਰਾਨ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਉਥੇ ਵਸਦੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਅਫਗਾਨਿਸਤਾਨ ਦੂਤਘਰ ਦੇ ਬਾਹਰ ਰੋਸ ਪ੍ਰਦਰਸ਼ਨ
ਨਵੀਂ ਦਿੱਲੀ : ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਆਤਮਘਾਤੀ ਅੱਤਵਾਦੀ ਹਮਲੇ ਵਿਚ 11 ਸਿੱਖਾਂ ਦੀ ਹੋਈ ਮੌਤ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਚ ਅਫਗਾਨਿਸਤਾਨ ਦੇ ਦੂਤਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਹੋਰ ਕਈ ਆਗੂ ਹਾਜ਼ਰ ਸਨ। ਪ੍ਰਦਰਸ਼ਨ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਸਿੱਖ ਸੰਗਤ ਅਫਗਾਨਿਸਾਨ ਵਿਚ ਰਹਿਣ ਵਾਲੇ ਭਾਈਚਾਰੇ ਦੇ ਲੋਕਾਂ ਨਾਲ ਖੜੀ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਐੱਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਹਮਲੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਸੀ।
ਪੀੜਤ ਪਰਿਵਾਰਾਂ ਨੂੰ ਵਿੱਤੀ ਮਦਦ ਦਾ ਐਲਾਨ
ਅਫ਼ਗਾਨਿਸਤਾਨ ਵਿਚ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਿੱਖਾਂ ਦਾ ਇਕ ਵਫਦ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਮਿਲਿਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੀੜਤ ਸਿੱਖ ਪਰਿਵਾਰਾਂ ਨੂੰ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਇਸੇ ਤਰ੍ਹਾਂ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …