Breaking News
Home / ਦੁਨੀਆ / ਚੀਨ ਨੇ ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਮੰਗੀ

ਚੀਨ ਨੇ ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਮੰਗੀ

ਕਿਹਾ : ਅੱਤਵਾਦ ਦਾ ਮੁਕਾਬਲਾ ਕਰਨਾ ਪੂਰੀ ਦੁਨੀਆ ਦੀ ਸਾਂਝੀ ਜ਼ਿੰਮੇਵਾਰੀ
ਪੇਈਚਿੰਗ/ਬਿਊਰੋ ਨਿਊਜ਼ : ਚੀਨ ਨੇ ਆਪਣੇ ਮਿੱਤਰ ਮੁਲਕ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਹਿੱਤਾਂ ਦੀ ਰੱਖਿਆ ਲਈ ਆਪਣਾ ਸਮਰਥਨ ਪ੍ਰਗਟਾਉਂਦਿਆਂ ਪਹਿਲਗਾਮ ਦਹਿਸ਼ਤੀ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਦੀ ਮੰਗ ਕੀਤੀ ਹੈ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ‘ਸ਼ਿਨਹੂਆ’ ਅਨੁਸਾਰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਪਿਛਲੇ ਦਿਨੀਂ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।
ਖ਼ਬਰ ਏਜੰਸੀ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਡਾਰ ਨੇ ਵਾਂਗ (ਜੋ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਊਰੋ ਦੇ ਮੈਂਬਰ ਵੀ ਹਨ) ਨੂੰ ‘ਕਸ਼ਮੀਰ ਖੇਤਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ’ ਪਾਕਿਸਤਾਨ ਅਤੇ ਭਾਰਤ ਵਿਚਕਾਰ ਵਧੇ ਹੋਏ ਤਣਾਅ ਬਾਰੇ ਜਾਣਕਾਰੀ ਦਿੱਤੀ।
ਵਾਂਗ ਨੇ ਕਿਹਾ ਕਿ ਚੀਨ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦਾ ਮੁਕਾਬਲਾ ਕਰਨਾ ਪੂਰੀ ਦੁਨੀਆ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਨੇ ਅੱਤਵਾਦ ਵਿਰੁੱਧ ਪਾਕਿਸਤਾਨ ਦੇ ਯਤਨਾਂ ਪ੍ਰਤੀ ਚੀਨ ਦੇ ਨਿਰੰਤਰ ਸਮਰਥਨ ਦੀ ਪੁਸ਼ਟੀ ਕੀਤੀ।
ਰਿਪੋਰਟ ਵਿੱਚ ਵਾਂਗ ਦੇ ਹਵਾਲੇ ਨਾਲ ਕਿਹਾ ਗਿਆ ਹੈ, ”ਇੱਕ ਮਜ਼ਬੂਤ ਦੋਸਤ ਅਤੇ ਹਰ ਹਾਲਾਤ ਵਿੱਚ ਰਣਨੀਤਕ ਭਾਈਵਾਲ ਹੋਣ ਦੇ ਨਾਤੇ ਚੀਨ, ਪਾਕਿਸਤਾਨ ਦੇ ਜਾਇਜ਼ ਸੁਰੱਖਿਆ ਫਿਕਰਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਅਤੇ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਹਿੱਤਾਂ ਦੀ ਰਾਖੀ ਹਿੱਤ ਉਸ ਦਾ ਸਮਰਥਨ ਕਰਦਾ ਹੈ।”
ਉਨ੍ਹਾਂ ਨੇ ਕਿਹਾ ਕਿ ਚੀਨ ਤੁਰੰਤ ਅਤੇ ਨਿਰਪੱਖ ਜਾਂਚ ਦੀ ਵਕਾਲਤ ਕਰਦਾ ਹੈ ਅਤੇ ਮੰਨਦਾ ਹੈ ਕਿ ਇਹ ਟਕਰਾਅ ਭਾਰਤ ਜਾਂ ਪਾਕਿਸਤਾਨ ਦੇ ਬੁਨਿਆਦੀ ਹਿੱਤਾਂ ਦੀ ਪੂਰਤੀ ਨਹੀਂ ਕਰਦਾ, ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਅਨੁਕੂਲ ਨਹੀਂ ਹੈ। ਉਨ੍ਹਾਂ ਨੇ ਕਿਹਾ, ਚੀਨ ਨੂੰ ਉਮੀਦ ਹੈ ਕਿ ਦੋਵੇਂ ਧਿਰਾਂ ਸੰਜਮ ਵਰਤਣਗੀਆਂ ਅਤੇ ਤਣਾਅ ਨੂੰ ਘੱਟ ਕਰਨ ਲਈ ਮਿਲ ਕੇ ਕੰਮ ਕਰਨਗੀਆਂ।”

Check Also

ਡੋਨਾਲਡ ਟਰੰਪ ਨੇ ਜੀ-7 ਸੰਮੇਲਨ ਨੂੰ ਵਿਚਾਲੇ ਛੱਡਿਆ -ਇਜ਼ਰਾਈਲ-ਈਰਾਨ ਟਕਰਾਅ ਕਾਰਨ ਲਿਆ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੀ-7 ਸੰਮੇਲਨ ਲਈ ਕੈਨੇਡਾ ਪਹੁੰਚੇ ਸਨ। ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਟਕਰਾਅ ਕਾਰਨ, ਟਰੰਪ ਹੁਣ ਇਕ ਦਿਨ ਪਹਿਲਾਂ ਹੀ ਵਾਪਸ ਚਲੇ ਗਏ ਹਨ। ਟਰੰਪ ਨੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਪੱਛਮੀ ਏਸ਼ੀਆ ਵਿਚ ਉਨ੍ਹਾਂ ਦੇ ਵਿਸ਼ੇਸ਼ ਪ੍ਰਤੀਨਿਧੀ ਸਟੀਵ ਵਿਟਕੌਫ ਨੂੰ ਈਰਾਨ ਨਾਲ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਦਾ ਮੰਨਣਾ ਹੈ ਕਿ ਈਰਾਨ ਗੱਲਬਾਤ ਲਈ ਤਿਆਰ ਹੋਵੇਗਾ। ਇਹ ਜਾਣਕਾਰੀ ਵਾਈਟ ਹਾਊਸ ਵਲੋਂ ਸਾਂਝੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਈਰਾਨ ਨੂੰ ਪ੍ਰਮਾਣੂ ਸਮਝੌਤੇ ’ਤੇ ਦਸਤਖਤ ਕਰਨੇ ਚਾਹੀਦੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਮੈਂ ਇਹ ਵਾਰ-ਵਾਰ ਕਿਹਾ ਹੈ ਕਿ ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ।