Breaking News
Home / ਦੁਨੀਆ / ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਸਬੰਧੀ ਸੈਨੇਟ ‘ਚ ਬਣੀ ਸਹਿਮਤੀ

ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਸਬੰਧੀ ਸੈਨੇਟ ‘ਚ ਬਣੀ ਸਹਿਮਤੀ

ਟਰੰਪ ਦੀ ਬਚਾਅ ਟੀਮ ਦਾ ਕਹਿਣਾ – ਮਹਾਂਦੋਸ਼ ‘ਰਾਜਸੀ ਨਾਟਕ’
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਸੁਣਵਾਈ ਲਈ ਲੰਘੇ ਦਿਨ ਸੈਨੇਟ ਵਿਚ ਸਹਿਮਤੀ ਬਣ ਗਈ। ਸੈਨੇਟ ਮੈਂਬਰ ਇਸ ਗੱਲ ਲਈ ਸਹਿਮਤ ਹੋਏ ਕਿ ਸਾਬਕਾ ਰਾਸ਼ਟਰਪਤੀ ਵਿਰੁੱਧ ਕਿਸ ਢੰਗ ਤਰੀਕੇ ਨਾਲ ਮਹਾਂਦੋਸ਼ ਸੁਣਵਾਈ ਕੀਤੀ ਜਾਵੇ। ਇਸ ਸਹਿਮਤੀ ਅਨੁਸਾਰ ਸੁਣਵਾਈ ਸਬੰਧੀ ਜਿਆਦਾਤਰ ਦਲੀਲਬਾਜ਼ੀ ਇਸ ਹਫਤੇ ਖਤਮ ਕਰ ਲਈ ਜਾਵੇਗੀ ਤੇ ਗਵਾਹਾਂ ਨੂੰ ਸੱਦਣ ਬਾਰੇ ਨਿਰਣਾ ਕੁਝ ਦਿਨ ਬਾਅਦ ਲਿਆ ਜਾਵੇਗਾ। ਡੈਮੋਕਰੈਟਸ ਸਾਬਕਾ ਰਾਸ਼ਟਰਪਤੀ ਵਿਰੁੱਧ ਛੇਤੀ ਸੁਣਵਾਈ ਲਈ ਜੋਰ ਪਾ ਰਹੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਗਵਾਹਾਂ ਨੂੰ ਵੀ ਇਸ ਸੁਣਾਈ ਵਿਚ ਸ਼ਾਮਿਲ ਕੀਤਾ ਜਾਵੇ। ਪ੍ਰੰਤੂ ਜੇਕਰ ਗਵਾਹਾਂ ਨੂੰ ਵੀ ਸੱਦਿਆ ਜਾਂਦਾ ਹੈ ਤਾਂ ਇਸ ਨਾਲ ਮਹਾਂਦੋਸ਼ ਕਾਰਵਾਈ ਕਈ ਹਫਤੇ ਜਾਂ ਮਹੀਨਿਆਂ ਤੱਕ ਚੱਲ ਸਕਦੀ ਹੈ। ਕੁਝ ਡੈਮੋਕਰੈਟਸ ਨੇ ਕਿਹਾ ਕਿ 6 ਜਨਵਰੀ ਨੂੰ ਕੈਪੀਟਲ ਹਿੱਲ ਵਿਚ ਹੋਈ ਹਿੰਸਾ ਉਪਰ ਪੂਰਨ ਰੂਪ ਵਿੱਚ ਨਜਰਸਾਨੀ ਕੀਤੀ ਜਾਵੇ ਤੇ ਬਹੁਤ ਸਾਰੇ ਸੈਨੇਟ ਮੈਂਬਰ ਮਹਾਂਦੋਸ਼ ਕਾਰਵਾਈ ਤੇਜੀ ਨਾਲ ਮੁਕੰਮਲ ਕਰਨ ਦੇ ਹੱਕ ਵਿਚ ਹਨ, ਤਾਂ ਜੋ ਰਾਸ਼ਟਰਪਤੀ ਜੋਅ ਬਾਇਡੇਨ ਦੀਆਂ ਨਾਮਜ਼ਦਗੀਆਂ ਦੀ ਪੁਸ਼ਟੀ ਲਈ ਤੇ ਕੋਵਿਡ-19 ਸਬੰਧੀ ਖਰਚਾ ਬਿੱਲ ਉਪਰ ਕੰਮ ਕਰਨ ਲਈ ਸਮਾਂ ਮਿਲ ਸਕੇ। ਜਿਊਰੀ ਵਿਚ ਸ਼ਾਮਿਲ ਸੈਨੇਟ ਮੈਂਬਰ ਵੀ 6 ਜਨਵਰੀ ਨੂੰ ਸੰਸਦ ਵਿੱਚ ਹੋਈ ਹਿੰਸਾ ਦੇ ਗਵਾਹ ਹਨ ਜਿਨ੍ਹਾਂ ਨੇ ਚੈਂਬਰ ਨੂੰ ਖਾਲੀ ਕਰਵਾਇਆ ਸੀ ਜਿਸ ਉਪਰ ਦੰਗਾਕਾਰੀਆਂ ਨੇ ਕਬਜ਼ਾ ਕਰ ਲਿਆ ਸੀ। ਸੈਨੇਟ ਵਿਚ ਟਰੰਪ ਦੀ ਬਚਾਅ ਟੀਮ ਜਿਸ ਦੀ ਅਗਵਾਈ ਬਰੂਸ ਕੈਸਟਰ ਜੁਨੀਅਰ ਤੇ ਡੇਵਿਡ ਸ਼ੋਏਨ ਨੇ ਕੀਤੀ, ਨੇ ਮਹਾਂਦੋਸ਼ ਮਾਮਲੇ ਵਿਚ ਲਿਖਤੀ ਤਰਕ ਦਿੱਤੇ ਤੇ ਕਿਹਾ ਕਿ ਮਹਾਂਦੋਸ਼ ਸੁਣਵਾਈ ਗੈਰ ਸੰਵਿਧਾਨਕ ਤੇ ‘ਰਾਜਸੀ ਨਾਟਕ’ ਹੈ। ਸੈਨੇਟ ਦੇ ਬਹੁਗਿਣਤੀ ਆਗੂ ਚੁਕ ਸ਼ੁਮਰ ਨੇ ਕਿਹਾ ਹੈ ਕਿ ਸਾਰੀਆਂ ਧਿਰਾਂ ਸਾਬਕਾ ਰਾਸ਼ਟਰਪਤੀ ਵਿਰੁੱਧ ਨਿਰਪੱਖ ਤੇ ਇਮਾਨਦਾਰਾਨਾ ਮਹਾਂਦੋਸ਼ ਮੁਕੱਦਮੇ ਲਈ ਸਹਿਮਤੀ ਹੋਈਆਂ ਹਨ। ਹਰ ਇਕ ਧਿਰ ਨੂੰ ਆਪਣੇ ਤਰਕ ਰੱਖਣ ਲਈ ਲੋੜੀਂਦਾ ਸਮਾਂ ਦਿੱਤਾ ਜਾਵੇਗਾ। ਸਾਬਕਾ ਰਾਸ਼ਟਰਪਤੀ ਵਿਰੁੱਧ ਪ੍ਰਸਤਾਵਿਤ ਮਹਾਂਦੋਸ਼ ਕਾਰਵਾਈ ਕਈ ਤਰ੍ਹਾਂ ਨਾਲ ਇਤਿਹਾਸਕ ਹੋਵੇਗੀ। ਟਰੰਪ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਵਿਰੁੱਧ ਦੂਸਰੀ ਵਾਰ ਮਹਾਂਦੋਸ਼ ਕਾਰਵਾਈ ਹੋਈ ਹੈ ਤੇ ਉਹ ਪਹਿਲੇ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਵਿਰੁੱਧ ਅਹੁਦਾ ਛੱਡਣ ਤੋਂ ਬਾਅਦ ਮਹਾਂਦੋਸ਼ ਸੁਣਵਾਈ ਹੋਵੇਗੀ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …