7 C
Toronto
Friday, October 17, 2025
spot_img
HomeSpecial Storyਨਗਰ ਨਿਗਮ ਚੋਣਾਂ : ਪੰਜਾਬ ਵਿਚ ਭਾਜਪਾ ਦਾ ਤਿੱਖਾ ਵਿਰੋਧ

ਨਗਰ ਨਿਗਮ ਚੋਣਾਂ : ਪੰਜਾਬ ਵਿਚ ਭਾਜਪਾ ਦਾ ਤਿੱਖਾ ਵਿਰੋਧ

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਸ਼ਵਨੀ ਸ਼ਰਮਾ ਨੂੰ ਨਵਾਂਸ਼ਹਿਰ ਅਤੇ ਸਾਂਪਲਾ ਨੂੰ ਮੋਗਾ ਵਿਚ ਕਿਸਾਨਾਂ ਨੇ ਨਹੀਂ ਕਰਨ ਦਿੱਤਾ ਪ੍ਰਚਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਦੇ ਚੱਲਦਿਆਂ ਭਾਜਪਾ ਆਗੂਆਂ ਦਾ ਪੰਜਾਬ ਵਿਚ ਵਿਰੋਧ ਲਗਾਤਾਰ ਜਾਰੀ ਹੈ। ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਪ੍ਰਚਾਰ ਕਰਨ ਪਹੁੰਚੇ ਭਾਜਪਾ ਦੇ ਪੰਜਾਬ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਅਤੇ ਸਾਬਕਾ ਮੰਤਰੀ ਵਿਜੇ ਸਾਂਪਲਾ ਦਾ ਮੋਗਾ ਵਿਚ ਵਿਰੋਧ ਹੋਇਆ। ਅਸ਼ਵਨੀ ਸ਼ਰਮਾ ਨਵਾਂਸ਼ਹਿਰ ਵਿਚ ਵਿਰੋਧ ਦੇ ਚੱਲਦਿਆਂ ਗਏ ਹੀ ਨਹੀਂ। ਧਿਆਨ ਰਹੇ ਕਿ ਪੰਜਾਬ ਵਿਚ 14 ਫਰਵਰੀ ਨੂੰ ਨਗਰ ਨਿਗਮ ਚੋਣਾਂ ਹੋਣੀਆਂ ਹਨ। ਜਿਸਦੇ ਚੱਲਦਿਆਂ ਚੋਣ ਪ੍ਰਚਾਰ ਦੀ ਸਿਖਰਾਂ ‘ਤੇ ਰਿਹਾ। ਇਸੇ ਦੌਰਾਨ ਅਸ਼ਵਨੀ ਸ਼ਰਮਾ ਰੂਪਨਗਰ ਦੇ ਕਸਬਾ ਨੰਗਲ ਪਹੁੰਚੇ ਅਤੇ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵਰਕਰ ਵਿਰੋਧ ਕਰਨ ਲਈ ਵੀ ਪਹੁੰਚ ਗਏ। ਪੁਲਿਸ ਨੇ ਕਿਸਾਨਾਂ ਨੂੰ ਭਾਜਪਾ ਦੇ ਸਮਾਗਮ ਤੋਂ ਦੂਰ ਹੀ ਰੋਕ ਦਿੱਤਾ। ਜਿਸਦੇ ਚੱਲਦਿਆਂ ਕਿਸਾਨ ਉਥੇ ਹੀ ਬੈਠ ਕੇ ਵਿਰੋਧ ਕਰਦੇ ਰਹੇ। ਜਿਸ ਤੋਂ ਬਾਅਦ ਉਨ੍ਹਾਂ ਨਵਾਂਸ਼ਹਿਰ ਪਹੁੰਚਣਾ ਸੀ, ਪਰ ਵਿਰੋਧ ਦੇ ਚੱਲਦਿਆਂ ਅਸ਼ਵਨੀ ਸ਼ਰਮਾ ਨਵਾਂਸ਼ਹਿਰ ਨਹੀਂ ਪਹੁੰਚੇ। ਹੁਸ਼ਿਆਰਪੁਰ ਵਿਚ ਵੀ ਅਸ਼ਵਨੀ ਸ਼ਰਮਾ ਦਾ ਤਕੜਾ ਵਿਰੋਧ ਹੋਇਆ। ਇਸ ਤੋਂ ਭਾਜਪਾ ਪ੍ਰਧਾਨ ਦਾ ਕਪੂਰਥਲਾ ਜਾਣ ਦਾ ਪ੍ਰੋਗਰਾਮ ਸੀ, ਉਥੇ ਵੀ ਕਿਸਾਨਾਂ ਨੇ ਪਹਿਲਾਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਸਰਕਾਰ ਸਾਡੇ ਪ੍ਰੋਗਰਾਮ ਨਹੀਂ ਕਰਾ ਸਕਦੀ ਤਾਂ ਫਿਰ ਚੋਣਾਂ ਕਰਾਉਣ ਦੀ ਕੀ ਜ਼ਰੂਰਤ ਸੀ : ਅਸ਼ਵਨੀ
ਹੁਸ਼ਿਆਰਪੁਰ; ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁਝ ਗਲਤ ਕਿਸਮ ਦੇ ਬੰਦੇ ਕਿਸਾਨੀ ਦਾ ਝੰਡਾ ਫੜ ਕੇ ਵਿਰੋਧ ਕਰ ਰਹੇ ਹਨ। ਜਦ ਸਰਕਾਰ ਸਾਡੇ ਪ੍ਰੋਗਰਾਮ ਨਹੀਂ ਕਰਵਾ ਸਕਦੀ ਤਾਂ ਚੋਣਾਂ ਦੀ ਜ਼ਰੂਰਤ ਕੀ ਹੈ। ਚੋਣ ਕਮਿਸ਼ਨ ਵੀ ਕੁਝ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਲੋਕ ਸਭ ਕੁਝ ਜਾਣਦੇ ਹਨ ਅਤੇ ਚੋਣਾਂ ਤੋਂ ਬਾਅਦ ਕਾਂਗਰਸ ਨੂੰ ਜਵਾਬ ਮਿਲੇਗਾ।

ਪਿੰਡਾਂ ਵਿੱਚ ਭਾਜਪਾ ਆਗੂਆਂ ਦੇ ਦਾਖਲੇ ਦੀ ਮਨਾਹੀ ਦੇ ਬੋਰਡ ਲੱਗੇ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਭਾਜਪਾ ਅਤੇ ਆਰਐੱਸਐੱਸ ਦੇ ਆਗੂਆਂ ਦੇ ਦਾਖਲ ਹੋਣ ਦੀ ਮਨਾਹੀ ਸਬੰਧੀ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ। ਇਸ ਤਹਿਤ ਜਲੰਧਰ ਛਾਉਣੀ ਦੇ ਨਾਲ ਲੱਗਦੇ ਪਿੰਡ ਜਮਸ਼ੇਰ ਵਿੱਚ ਕਈ ਥਾਵਾਂ ‘ਤੇ ਕਿਸਾਨ ਆਗੂਆਂ ਵੱਲੋਂ ਅਜਿਹੇ ਬੋਰਡ ਲਾ ਦਿੱਤੇ ਗਏ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿਸਾਨ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਧਰਨਾ ਲਾ ਕੇ ਬੈਠੇ ਹਨ। ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ‘ਤੇ ਕੋਈ ਵੀ ਸੁਣਵਾਈ ਨਹੀਂ ਕਰ ਰਹੀ। ਪਿੰਡ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਦੇਸ਼ ਦੇ ਕਿਸਾਨਾਂ ਦੀ ਜ਼ਮੀਨ ਖੋਹ ਲੈਣਗੇ ਤੇ ਉਨ੍ਹਾਂ ਨੂੰ ਆਪਣੀ ਹੀ ਜ਼ਮੀਨ ਵਿਚ ਦਿਹਾੜੀਦਾਰ ਵਜੋਂ ਕੰਮ ਕਰਨ ਲਈ ਮਜਬੂਰ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਪਿੰਡ ਦੇ ਦੋਵੇਂ ਪਾਸੇ ਮੁੱਖ ਸੜਕ ‘ਤੇ ਇਹ ਬੋਰਡ ਲਾਏ ਗਏ ਹਨ।

ਅਕਾਲੀ, ਭਾਜਪਾ ਅਤੇ ਕਾਂਗਰਸ ਕਿਸਾਨ ਵਿਰੋਧੀ: ਰਾਘਵ ਚੱਢਾ
ਕਿਹਾ, ਕਾਂਗਰਸ ਚਾਹੁੰਦੀ ਤਾਂ ਕਿਸਾਨਾਂ ਲਈ ਬਹੁਤ ਕੁਝ ਕਰ ਸਕਦੀ ਸੀ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਹੁਸ਼ਿਆਰਪੁਰ ‘ਚ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਕਿਸਾਨਾਂ ਦੇ ਐਲਾਨੇ ਦੋਖੀ ਹਨ ਜਦੋਂਕਿ ਕਾਂਗਰਸ ਅਣਐਲਾਨੀ ਕਿਸਾਨ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਦੀ ਅੱਗੇ ਹੋ ਕੇ ਮੁਖਾਲਫ਼ਤ ਕਰਨ ਅਤੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਆਖਣ ਵਾਲੇ ਕਾਂਗਰਸੀ ਆਗੂ ਇਹ ਦੱਸਣ ਕਿ ਕਿਸਾਨਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਵਾਲੇ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਕੰਟਰੈਕਟ ਫਾਰਮਿੰਗ ਕਾਨੂੰਨ ਰੱਦ ਕਰਨ ਲਈ ਕਾਂਗਰਸ ਨੇ ਹੁਣ ਤਕ ਕੁੱਝ ਕਿਉਂ ਨਹੀਂ ਕੀਤਾ। ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਚਾਹੁੰਦੀ ਤਾਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਕਿਸਾਨਾਂ ਲਈ ਬਹੁਤ ਕੁਝ ਕਰ ਸਕਦੀ ਸੀ। ਕੈਪਟਨ ਨੇ ਕੇਂਦਰੀ ਕਾਨੂੰਨ ਰੱਦ ਕਰਨ ਲਈ ਵਿਧਾਨ ਸਭਾ ਵਿੱਚ ਜੋ ਪ੍ਰਸਤਾਵ ਪਾਇਆ, ਉਹ ਅੱਜ ਤਕ ਲਾਗੂ ਨਹੀਂ ਹੋ ਸਕਿਆ। ਇਸ ਤੋਂ ਜ਼ਾਹਿਰ ਹੈ ਕਿ ਇਹ ਵੀ ਕਾਂਗਰਸ ਦਾ ਇੱਕ ਝੂਠ ਸੀ। ਨਗਰ ਨਿਗਮ ਦੀਆਂ ਚੋਣਾਂ ਵਿੱਚ ਖੜ੍ਹੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਆਏ ਚੱਢਾ ਨੇ ਕਿਹਾ ਕਿ ਕੇਂਦਰੀ ਕਾਨੂੰਨਾਂ ਦੀ ਯੋਜਨਾ ‘ਚ ਅਕਾਲੀ ਦਲ ਪੂਰੀ ਤਰ੍ਹਾਂ ਸ਼ਾਮਿਲ ਸੀ ਜਦੋਂਕਿ ‘ਆਪ’ ਨੇ ਸ਼ੁਰੂ ਤੋਂ ਹੀ ਇਸ ਦੀ ਡੱਟ ਕੇ ਵਿਰੋਧ ਕੀਤਾ।ਕਿਸਾਨੀ ਘੋਲ ਦੀ ਹਮਾਇਤ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਪੂਰੇ ਸੰਘਰਸ਼ ‘ਚ ਕਿਸਾਨਾਂ ਦਾ ਸਾਥ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਅੱਗੇ ਸਰਕਾਰ ਨੂੰ ਗੋਡੇ ਟੇਕਣੇ ਹੀ ਪੈਣਗੇ।
‘ਆਪ’ ਉਮਦੀਵਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਕਾਂਗਰਸ ‘ਤੇ ਆਰੋਪ
ਚੱਢਾ ਨੇ ਦੋਸ਼ ਲਾਇਆ ਕਿ ਬੁਖਲਾਹਟ ਵਿੱਚ ਆਈ ਕਾਂਗਰਸ ਕੋਝੀਆਂ ਹਰਕਤਾਂ ‘ਤੇ ਉਤਰ ਆਈ ਹੈ ਅਤੇ ‘ਆਪ’ ਉਮੀਦਵਾਰਾਂ ਅਤੇ ਵਰਕਰਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਮਿਉਂਸਿਪਲ ਚੋਣਾਂ ਵਿਚ ਲੋਕ ‘ਆਪ’ ਦੇ ਹੱਕ ਵਿਚ ਫ਼ਤਵਾ ਦੇਣਗੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ।

ਹਰਜੀਤ ਗਰੇਵਾਲ ਨੇ ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕਰਨ ਤੋਂ ਵੱਟਿਆ ਟਾਲਾ
ਨਗਰ ਨਿਗਮ ਚੋਣਾਂ ਵਿਚ ਭਾਜਪਾ ਦਾ ਡਟਵਾਂ ਵਿਰੋਧ
ਪਟਿਆਲਾ/ਬਿਊਰੋ ਨਿਊਜ਼ : ਕਿਸਾਨਾਂ ਤੇ ਆਮ ਲੋਕਾਂ ਵੱਲੋਂ ਨਾ ਸਿਰਫ਼ ਭਾਜਪਾ ਉਮੀਦਵਾਰਾਂ ਦੇ ਬਾਈਕਾਟ ਦੇ ਪੋਸਟਰ ਲੱਗ ਰਹੇ ਹਨ, ਬਲਕਿ ਉਨ੍ਹਾਂ ਦੇ ਚੋਣ ਦਫ਼ਤਰ ਤੱਕ ਵੀ ਬੰਦ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਭਾਜਪਾ ਆਗੂ ਚੋਣ ਪ੍ਰਚਾਰ ਤੋਂ ਵੀ ਟਾਲਾ ਵੱਟਣ ਲੱਗੇ ਹਨ। ਪੰਜਾਬ ‘ਚ ਭਾਜਪਾ ਦੇ ਸਭ ਤੋਂ ਵਧੇਰੇ ਦਲੇਰ ਆਗੂ ਮੰਨੇ ਜਾਂਦੇ ਹਰਜੀਤ ਸਿੰਘ ਗਰੇਵਾਲ ਨੇ ਵੀ ਨਗਰ ਨਿਗਮ ਚੋਣਾਂ ਲਈ ਚੋਣ ਪਿੜ ‘ਚ ਪੈਰ ਨਹੀਂ ਧਰਿਆ। 2017 ਵਿੱਚ ਗੱਠਜੋੜ ਵੇਲੇ ਵਿਧਾਨ ਸਭਾ ਦੀ ਚੋਣ ਲੜਨ ਕਾਰਨ ਉਹ ਭਾਜਪਾ ਰਾਜਪੁਰਾ ਦੇ ਹਲਕਾ ਇੰਚਾਰਜ ਹਨ, ਜਿਨ੍ਹਾਂ ਹਾਲੇ ਤੱਕ ਸ਼ਹਿਰ ਵਿੱਚ ਫੇਰੀ ਹੀ ਨਹੀਂ ਪਾਈ। ਉੱਧਰ ਕਿਸਾਨਾਂ ਨੇ ਪਟਿਆਲਾ ਵਿਚ ਭਾਜਪਾ ਆਗੂਆਂ ਦੇ ਦਫ਼ਤਰ ਬੰਦ ਕਰਵਾ ਦਿੱਤੇ ਤੇ ਉਨ੍ਹਾਂ ਦੀਆਂ ਫਲੈਕਸਾਂ ਵੀ ਪਾੜੀਆਂ। ਇਥੋਂ ਤੱਕ ਕਿਸਾਨਾਂ ਨੇ ਗਰੇਵਾਲ ਦਾ ਦਫ਼ਤਰ ਵੀ ਬੰਦ ਕਰਵਾ ਦਿੱਤਾ ਹੈ। ਉੱਧਰ ਹਰਜੀਤ ਗਰੇਵਾਲ਼ ਨੇ ਕਿਹਾ ਕਿ ਕਿਸਾਨ ਮਸਲੇ ਦਾ ਹੱਲ ਯਕੀਨੀ ਬਣਾਉਣ ਲਈ ਉਹ ਇਨ੍ਹੀਂ ਦਿਨੀਂ ਦਿੱਲੀ ‘ਚ ਰੁੱਝੇ ਹੋਏ ਹਨ ਜਿਸ ਕਰਕੇ ਹੀ ਰਾਜਪੁਰਾ ‘ਚ ਨਹੀਂ ਆ ਸਕੇ। ਪਰ ਉਹ ਭਾਜਪਾ ਉਮੀਦਵਾਰਾਂ, ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਨਾਲ਼ ਰਾਬਤਾ ਰੱਖ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਰੁਝੇਵੇਂ ਦੇ ਮੱਦੇਨਜ਼ਰ ਲੱਗ ਤਾਂ ਮੁਸ਼ਕਲ ਹੀ ਰਿਹਾ ਹੈ, ਪਰ ਫੇਰ ਵੀ ਉਹ ਰਾਜਪੁਰਾ ਜਾਣ ਦੀ ਕੋਸ਼ਿਸ਼ ਕਰਨਗੇ। ਗਰੇਵਾਲ ਨੇ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ ਉਸ ਦੇ ਨਾ ਜਾ ਸਕਣ ਵਾਲ਼ੇ ਹਾਲਾਤ ਨੂੰ ਡਰ ਨਾਲ਼ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸਾਨ ਉਸ ਦਾ ਵਿਰੋਧ ਨਹੀਂ ਕਰਦੇ ਕਿਉਂਕਿ ਉਹ ਖੁਦ ਵੀ ਕਿਸਾਨ ਹਨ।

ਨਗਰ ਨਿਗਮ ਚੋਣਾਂ ਨੂੰ ਲੈ ਕੇ ਮੋਗਾ ਵਿਚ ਕਾਂਗਰਸੀਆਂ ਤੇ ਅਕਾਲੀਆਂ ‘ਚ ਖੂਨੀ ਝੜਪ
ਦੋ ਅਕਾਲੀ ਸਮਰਥਕਾਂ ਦੀ ਮੌਤ
ਮੋਗਾ/ਬਿਊਰੋ ਨਿਊਜ਼ : ਪੰਜਾਬ ਵਿਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਮੋਗਾ ਦੇ ਵਾਰਡ ਨੰਬਰ 9 ਵਿਚ ਲੰਘੀ ਰਾਤ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚ ਖੂਨੀ ਝੜਪ ਹੋ ਗਈ। ਆਰੋਪ ਹੈ ਕਿ ਕਾਂਗਰਸੀ ਉਮੀਦਵਾਰ ਦੇ ਪਤੀ ਅਤੇ ਪੁੱਤਰ ਨੇ ਅਕਾਲੀ ਸਮਰਥਕਾਂ ‘ਤੇ ਗੱਡੀ ਚੜ੍ਹਾ ਦਿੱਤੀ, ਜਿਸ ਕਰਕੇ ਦੋ ਅਕਾਲੀ ਸਮਰਥਕ ਵਿਅਕਤੀਆਂ ਬੱਬੂ ਸਿੰਘ ਅਤੇ ਜਗਦੀਪ ਸਿੰਘ ਦੀ ਮੌਤ ਹੋ ਗਈ।
ਪੁਲਿਸ ਨੇ ਕਾਂਗਰਸੀ ਉਮੀਦਵਾਰ ਦੇ ਪਤੀ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਸਮੇਤ ਕੁਝ ਅਣਪਛਾਤੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਚ 14 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਪਾਰਟੀਆਂ ਇਕ ਦੂਜੇ ‘ਤੇ ਦੂਸ਼ਣਬਾਜ਼ੀ ਵੀ ਕਰ ਰਹੀਆਂ ਹਨ। ਧਿਆਨ ਰਹੇ ਕਿ ਵਾਰਡ ਨੰਬਰ 9 ਤੋਂ ਸਾਬਕਾ ਅਕਾਲੀ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਦੀ ਪਤਨੀ ਪਰਮਜੀਤ ਕੌਰ ਸਿੱਧੂ ਕਾਂਗਰਸ ਵੱਲੋਂ ਜਦਕਿ ਸੇਵਾਮੁਕਤ ਡੀਐੱਸਪੀ ਮਰਹੂਮ ਹਰਦੇਵ ਸਿੰਘ ਕੁਲਾਰ ਦੀ ਨੂੰਹ ਕੁਲਵਿੰਦਰ ਕੌਰ ਕੁਲਾਰ ਅਕਾਲੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ।

RELATED ARTICLES
POPULAR POSTS