ਉੱਘੇ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦਾ ਦੇਹਾਂਤ
ਲੁਧਿਆਣਾ/ਬਿਊਰੋ ਨਿਊਜ਼ : ਉੱਘੇ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ (79) ਦਾ 11 ਮਈ ਸ਼ਨੀਵਾਰ ਨੂੰ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਸਾਹਿਤਕ ਖੇਤਰ ਵਿੱਚ ਸੋਗ ਫੈਲ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ, ਸਾਹਿਤਕ ਸੰਸਥਾਵਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਡਾ. ਪਾਤਰ ਦੇ ਤੁਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਸੁਰਜੀਤ ਪਾਤਰ ਦੇ ਅਕਾਲ ਚਲਾਣੇ ਮੌਕੇ ਉਨ੍ਹਾਂ ਦੀਆਂ ਇਹ ਸਤਰਾਂ ‘ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ’ ਚੇਤੇ ਆਉਂਦੀਆਂ ਹਨ।
ਡਾ. ਸੁਰਜੀਤ ਪਾਤਰ ਦੇ ਅਚਾਨਕ ਵਿਛੋੜੇ ਨੇ ਸਾਹਿਤਕ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਡਾ. ਪਾਤਰ ਭਾਵੇਂ 80 ਸਾਲ ਦੀ ਉਮਰ ‘ਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਪਰ ਉਹ ਆਪਣੀ ਕਲਮ ਰਾਹੀਂ ਲਿਖੇ ਅੱਖਰਾਂ ਸਦਕਾ ਸਾਹਿਤ ਜਗਤ ‘ਚ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਿਣਗੇ। ਇਸ ਦੁੱਖ ਦੀ ਘੜੀ ਵਿੱਚ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਡਾ. ਪਾਤਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਪਾਤਰ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਨਾ ਸਿਰਫ ਵੱਡੇ ਸਾਹਿਤਕਾਰ ਸਨ ਸਗੋਂ ਆਪਣੇ ਮਿਲਾਪੜੇ ਸੁਭਾਅ ਕਰਕੇ ਵੀ ਸਮਾਜ ਵਿੱਚ ਵੱਡਾ ਰੁਤਬਾ ਰੱਖਦੇ ਸਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਡਾ. ਪਾਤਰ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਡਾ. ਸੁਰਜੀਤ ਪਾਤਰ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ‘ਚ ਵਧੀਆ ਕਾਰਗੁਜ਼ਾਰੀ ਲਈ ਪਦਮਸ੍ਰੀ, ਸਰਸਵਤੀ ਐਵਾਰਡ, ਗੰਗਾਧਰ ਰਾਸ਼ਟਰੀ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਐਵਾਰਡ ਮਿਲ ਚੁੱਕੇ ਸਨ। ਉਨ੍ਹਾਂ ਦਾ ਜਨਮ 1945 ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ ਸੀ।
ਉਨ੍ਹਾਂ ਨੇ ਕਪੂਰਥਲਾ ਦੇ ਰਣਧੀਰ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਡਿਗਰੀ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐੱਚ.ਡੀ ਕੀਤੀ ਸੀ। ਉਨ੍ਹਾਂ ਨੇ ਪੀਏਯੂ ਵਿੱਚ ਪ੍ਰੋਫੈਸਰ ਦੀਆਂ ਸੇਵਾਵਾਂ ਤੋਂ ਇਲਾਵਾ ਹੋਰ ਕਈ ਸੰਸਥਾਵਾਂ ‘ਚ ਵੱਖ ਵੱਖ ਅਹੁਦਿਆਂ ‘ਤੇ ਕੰਮ ਕੀਤਾ ਸੀ।
ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਡਾ. ਪਾਤਰ ਨੇ ਆਪਣੀ ਬਹੁਤੀ ਕਾਵਿ ਸਿਰਜਣਾ ਪੀਏਯੂ ਵਿੱਚ ਰਹਿੰਦਿਆਂ ਕੀਤੀ। ਪੀਏਯੂ ਦੀ ਸਾਹਿਤ ਜਗਤ ਵਿੱਚ ਪਛਾਣ ਗੂੜ੍ਹੀ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਅਮਿੱਟ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਡਾ. ਨਿਰਮਲ ਜੌੜਾ ਨੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਆਪਣੀ ਸਾਹਿਤਕ ਦੇਣ ਸਦਕਾ ਹਮੇਸ਼ਾ ਯਾਦ ਰੱਖੇ ਜਾਣਗੇ। ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਡਾ. ਪਾਤਰ ਦੇ ਚਲੇ ਜਾਣ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਸੁਰਜੀਤ ਪਾਤਰ 2002 ਤੋਂ 2008 ਤੱਕ ਅਕਾਦਮੀ ਦੇ ਪ੍ਰਧਾਨ ਰਹੇ। ਪੰਜਾਬੀ ਸਾਹਿਤ ਲਈ ਇਕ ਕਵੀ ਵਜੋਂ ਉਨ੍ਹਾਂ ਦੀ ਥਾਂ ਸਰਵੋਤਮ ਰਹੇਗੀ।
ਉਨ੍ਹਾਂ ਦੀਆਂ ‘ਕੋਲਾਜ’, ‘ਹਵਾ ਵਿਚ ਲਿਖੇ ਹਰਫ਼’, ‘ਬਿਰਖ਼ ਅਰਜ਼ ਕਰੇ’, ‘ਹਨੇਰੇ ਵਿਚ ਸੁਲਗਦੀ ਵਰਣਮਾਲਾ’, ‘ਲਫ਼ਜ਼ਾਂ ਦੀ ਦਰਗਾਹ, ‘ਪੱਤਝੜ ਦੀ ਪਾਜ਼ੇਬ’, ‘ਸੁਰ ਜ਼ਮੀਨ’, ‘ਚੰਨ ਸੂਰਜ ਦੀ ਵਹਿੰਗੀ’ ਤੋਂ ਇਲਾਵਾ ਦਰਜਨ ਦੇ ਕਰੀਬ ਪੁਸਤਕਾਂ ਦੇ ਅਨੁਵਾਦ ਛਪੇ। ਸਾਲ 1993 ਵਿਚ ਉਨ੍ਹਾਂ ਨੂੰ ‘ਹਨੇਰੇ ਵਿਚ ਸੁਲਗਦੀ ਵਰਣਮਾਲਾ’ ‘ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਤੇ ਇਸ ਪੁਸਤਕ ‘ਤੇ 1997 ਵਿਚ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਗਿਆਨਪੀਠ ਸਾਹਿਤ ਸਮੇਤ ਹੋਰ ਵੀ ਵੱਡੇ ਸਨਮਾਨ ਪਾਤਰ ਸਾਹਿਬ ਨੂੰ ਮਿਲੇ। 2012 ਵਿਚ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ। ਡਾ. ਪਾਤਰ ਦੇ ਅਕਾਲ ਚਲਾਣੇ ‘ਤੇ ਡਾ. ਸਰਦਾਰਾ ਸਿੰਘ ਜੌਹਲ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਸੁਰਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਜਸਵੀਰ ਝੱਜ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ , ਪ੍ਰੇਮ ਸਾਹਿਲ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ ਅਤੇ ਸਮੂਹ ਮੈਂਬਰਾਂ ਨੇ ਦੁੱਖ ਪ੍ਰਗਟਾਇਆ ਹੈ।
ਸਵੇਰੇ ਸੁੱਤੇ ਨਹੀਂ ਉੱਠੇ : ਸੁਰਜੀਤ ਪਾਤਰ ਸ਼ੁੱਕਰਵਾਰ ਤੱਕ ਬਿਲਕੁਲ ਠੀਕ ਸਨ, ਪਰ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਭੁਪਿੰਦਰ ਕੌਰ ਅਤੇ ਦੋ ਪੁੱਤਰ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਹਨ। ਇਨ੍ਹਾਂ ਵਿਚੋਂ ਇਕ ਪੁੱਤ ਆਸਟਰੇਲੀਆ ਵਿਚ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਭੁਪਿੰਦਰ ਕੌਰ ਨੇ ਡਾ.ਪਾਤਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਮਗਰੋਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।
‘ਪੰਜਾਬ ਤੇ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਪਿਛਲੇ ਕਰੀਬ ਚਾਰ ਦਹਾਕੇ ਪੰਜਾਬ ਦੇ ਹਰ ਦੁੱਖ-ਦਰਦ ਦੀ ਤਰਜਮਾਨੀ ਆਪਣੀ ਕਵਿਤਾ ਰਾਹੀਂ ਕੀਤੀ। ਉਨ੍ਹਾਂ ਪੰਜਾਬ ਦੇ ਅਤੀਤ ਤੇ ਵਰਤਮਾਨ ਨੂੰ ਅਜਿਹੇ ਸ਼ਬਦਾਂ ‘ਚ ਪਰੋਇਆ ਜੋ ਸਦਾ ਲਈ ਚੇਤਿਆਂ ‘ਚ ਉੱਕਰਿਆ ਗਿਆ। ਉਨ੍ਹਾਂ ਦਾ ਵਿਛੋੜਾ ਅਸਹਿ ਹੈ ਅਤੇ ਇਹ ਘਾਟਾ ਪੂਰਿਆ ਨਹੀਂ ਜਾ ਸਕਦਾ ਪਰ ਉਨ੍ਹਾਂ ਦੇ ਹਰਫ਼ ਹਮੇਸ਼ਾ ਸਾਡੇ ਨਾਲ ਹਨ:
”ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ।”
ਪਦਮਸ੍ਰੀ ਡਾ. ਸੁਰਜੀਤ ਪਾਤਰ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋਇਆ
ਵਿਧਾਨ ਸਭਾ ਦੇ ਸਪੀਕਰ, ਕੈਬਨਿਟ ਮੰਤਰੀਆਂ, ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਿਰਨਾਵੇਂ ਪਦਮਸ੍ਰੀ ਡਾ. ਸੁਰਜੀਤ ਪਾਤਰ ਦੇ ਅਕਾਲ ਚਲਾਣੇ ਨਾਲ ਇਕ ਸੁਨਹਿਰੀ ਯੁੱਗ ਦੇ ਅੰਤ ਹੋ ਗਿਆ ਹੋ ਗਿਆ ਜਿਸ ਕਾਰਨ ਸਾਹਿਤ ਜਗਤ ਤੇ ਪੰਜਾਬੀਆਂ ‘ਚ ਸੋਗ ਦੀ ਲਹਿਰ ਹੈ। ਪਾਤਰ ਦੇ ਅਕਾਲ ਚਲਾਣੇ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀਆਂ, ਲੇਖਕਾਂ ਤੇ ਬੁੱਧੀਜੀਵੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਤਰ ਦਾ ਸਦੀਵੀਂ ਵਿਛੋੜਾ ਉਨ੍ਹਾਂ ਦੇ ਪਰਿਵਾਰ ਲਈ ਹੀ ਨਹੀਂ ਬਲਕਿ ਸਮੁੱਚੇ ਪੰਜਾਬੀ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਨੇ ਪੰਜਾਬੀ ਸਾਹਿਤ ਨੂੰ ਅਮੀਰੀ ਬਖ਼ਸ਼ੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਗੁਰਮੀਤ ਸਿੰਘ ਮੀਤ ਹੇਅਰ, ਡਾ. ਬਲਬੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਜ਼ੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ ਨੇ ਦੁੱਖ ਪ੍ਰਗਟਾਇਆ। ਇਸੇ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਇਸ ਸਖ਼ਸ਼ ਦਾ ਤੁਰ ਜਾਣਾ ਸਾਰਿਆਂ ਲਈ ਮੰਦਭਾਗਾ ਹੈ। ਪੰਜਾਬ ਦੇ ਪ੍ਰਮੁੱਖ ਚਿੰਤਕ ਅਤੇ ਲੇਖਕ ਡਾ. ਪਾਲ ਕੌਰ, ਪਲਸ ਮੰਚ ਪੰਜਾਬ ਦੇ ਪ੍ਰਧਾਨ ਅਮੋਲਕ ਸਿੰਘ, ਡਾ. ਗੁਲਜ਼ਾਰ ਪੰਧੇਰ, ਜਸਪਾਲ ਮਾਨਖੇੜਾ, ਡਾ. ਅਨੂਪ ਸਿੰਘ, ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ, ਕੇਵਲ ਧਾਲੀਵਾਲ, ਡਾ. ਸੁਰਜੀਤ ਭੱਟੀ, ਡਾ. ਸਿਆਮ ਸੁੰਦਰ ਦੀਪਤੀ, ਹਰਭਜਨ ਸਿੰਘ ਬਾਜਵਾ, ਅਤਰਜੀਤ, ਪ੍ਰੋ. ਅਜਾਇਬ ਸਿੰਘ ਟਿਵਾਣਾ, ਸੁਰਿੰਦਰ ਗਿੱਲ, ਸਿਰੀ ਰਾਮ ਅਰਸ਼, ਸੰਜੀਵਨ ਸਿੰਘ, ਸਤਨਾਮ ਚਾਨਾ, ਗੁਰਨਾਮ ਕੰਵਰ, ਬਲਕਾਰ ਸਿੱਧੂ, ਡਾ. ਸੁਰਜੀਤ ਬਰਾੜ ਘੋਲੀਆ, ਰਮੇਸ਼ ਯਾਦਵ, ਡਾ. ਗੁਰਮੀਤ ਕੱਲਰਮਾਜਰੀ, ਮਦਨ ਵੀਰਾ, ਗੁਰਮੀਤ ਕੜਿਆਲਵੀ, ਹਰਮੀਤ ਵਿਦਿਆਰਥੀ, ਦਰਸ਼ਨ ਜੋਗਾ, ਹਰਵਿੰਦਰ ਭੰਡਾਲ, ਡਾ. ਹਰਭਗਵਾਨ, ਸੁਖਵਿੰਦਰ ਪੱਪੀ, ਪ੍ਰੋ. ਬਲਦੇਵ ਬੱਲੀ, ਹਰਜਿੰਦਰ ਸਿੰਘ ਸੂਰੇਵਾਲੀਆ, ਅਰਵਿੰਦਰ ਕੌਰ ਕਾਕੜਾ, ਕਮਲ ਗਿੱਲ, ਡਾ. ਸਰਬਜੀਤ ਕੌਰ ਸੋਹਲ, ਮਨਦੀਪ ਕੌਰ ਭੰਵਰਾ, ਜਸਵੀਰ ਝੱਜ, ਡਾ. ਗੁਰਮੇਲ ਸਿੰਘ, ਭਜਨਵੀਰ, ਜੈਪਾਲ, ਕੇ. ਐੱਲ ਗਰਗ, ਕੁਲਵੰਤ ਔਜਲਾ, ਸਰਦੂਲ ਸਿੰਘ ਔਜਲਾ, ਸੁਰਿੰਦਰ ਰਾਮਪੁਰੀ, ਪ੍ਰੋ. ਕੁਲਦੀਪ ਚੌਹਾਨ, ਡਾ. ਗੁਰਪ੍ਰੀਤ ਸਿੰਘ, ਸੁਭਾਸ਼ ਮਾਨਸਾ, ਜਨਰਲ ਸਕੱਤਰ ਡਾ. ਹਰਵਿੰਦਰ ਸਿਰਸਾ ਤੇ ਕਰਨੈਲ ਚੰਦ ਨੇ ਡਾ. ਪਾਤਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ। ਇਸੇ ਦੌਰਾਨ ਪਦਮਸ੍ਰੀ ਸੁਰਜੀਤ ਪਾਤਰ ਦੇ ਬੇਵਕਤੀ ਤੁਰ ਜਾਣ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਸੁਰਜੀਤ ਪਾਤਰ ਦੀ ਬੇਵਕਤੀ ਮੌਤ ਨਾਲ ਪੰਜਾਬੀ ਸਾਹਿਤ ਤੇ ਪੰਜਾਬੀ ਸ਼ਾਇਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਸਭਾ ਦੇ ਆਗੂ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸਾਹੀ, ਬਲਵਿੰਦਰ ਸੰਧੂ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਮੂਲ ਚੰਦ ਸ਼ਰਮਾ ਨੇ ਦੁੱਖ ਪ੍ਰਗਟਾਇਆ।
ਸੁਰਜੀਤ ਪਾਤਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸੁਖਬੀਰ ਬਾਦਲ
ਲੁਧਿਆਣਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਰਹੂਮ ਕਵੀ ਸੁਰਜੀਤ ਪਾਤਰ ਦੇ ਨਿਵਾਸ ਸਥਾਨ ਪੁੱਜ ਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪਾਤਰ ਦੀ ਪਤਨੀ ਭੁਪਿੰਦਰ ਕੌਰ ਅਤੇ ਪੁੱਤਰ ਮਨਰਾਜ ਸਿੰਘ ਸਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਬਹੁਤ ਦੁਖਦਾਈ ਪਲ ਹਨ ਕਿਉਂਕਿ ਸੁਰਜੀਤ ਪਾਤਰ ਦੇ ਦੇਹਾਂਤ ਕਾਰਨ ਖੇਤਰੀ ਅਤੇ ਕੌਮਾਂਤਰੀ ਸਰਹੱਦਾਂ ਤੋਂ ਪਾਰ ਵਿਸ਼ਵ ਭਰ ਦੇ ਪੰਜਾਬੀ ਸਦਮੇ ਦੀ ਸਥਿਤੀ ਵਿੱਚ ਹਨ। ਸੁਖਬੀਰ ਸਿੰਘ ਬਾਦਲ ਨੇ ਸੁਰਜੀਤ ਪਾਤਰ ਨੂੰ ‘ਵਿਸ਼ਵ ਸਾਹਿਤਕ ਹਲਕਿਆਂ ਦੀ ਸਭ ਤੋਂ ਉੱਚੀ ਅਤੇ ਆਪਣੇ ਜੀਵਨ ਕਾਲ ਦੀ ਇੱਕ ਮਹਾਨ ਹਸਤੀ’ ਦੱਸਿਆ। ਇਸ ਮੌਕੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਭੁਪਿੰਦਰ ਸਿੰਘ ਭਿੰਦਾ ਵੀ ਹਾਜ਼ਰ ਸਨ।
ਪੰਜਾਬੀ ਮਾਂ ਬੋਲੀ ਦਾ ਵਿਹੜਾ ਸੁੰਨਾ ਹੋਇਆ : ਮੁੱਖ ਮੰਤਰੀ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਉੱਘੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਨ ਨੇ ਐੱਕਸ ‘ਤੇ ਇਕ ਪੋਸਟ ਵਿਚ ਲਿਖਿਆ ਹੈ ”ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਿਬ ਦੇ ਅਚਾਨਕ ਚਲੇ ਜਾਣ ‘ਤੇ ਬਹੁਤ ਦੁੱਖ ਹੋਇਆ। ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾ ਹੋ ਗਿਆ।” ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਆਪਣੇ ਭਾਸ਼ਣਾਂ ਵਿਚ ਡਾ. ਸੁਰਜੀਤ ਪਾਤਰ ਦੀਆਂ ਲਿਖੀਆਂ ਕਵਿਤਾਵਾਂ ਅਤੇ ਸਤਰਾਂ ਦਾ ਜ਼ਿਕਰ ਕਰਦੇ ਹਨ ਅਤੇ ਅਜਿਹੀ ਸ਼ਖ਼ਸੀਅਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।
ਇਕ ਯੁੱਗ ਦਾ ਅੰਤ : ਕੈਪਟਨ ਅਮਰਿੰਦਰ
ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪਾਤਰ ਦੇ ਦੇਹਾਂਤ ਨੂੰ ‘ਇਕ ਯੁੱਗ ਦਾ ਅੰਤ’ ਕਰਾਰ ਦਿੱਤਾ ਹੈ। ਉਨ੍ਹਾਂ ਪਾਤਰ ਪਰਿਵਾਰ ਤੇ ਉੱਘੇ ਸ਼ਾਇਰ ਦੇ ਲੱਖਾ ਪ੍ਰਸ਼ੰਸਕਾਂ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਡਾ. ਪਾਤਰ ਦੇ ਚਲਾਣੇ ਨੂੰ ਪੰਜਾਬ ਸਾਹਿਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਤਰ, ਜਿਨ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੇ ਇਸ ਨੂੰ ਆਲਮੀ ਨਕਸ਼ੇ ‘ਤੇ ਚਮਕਾਇਆ, ਦੇ ਦੇਹਾਂਤ ਤੋਂ ਗ਼ਮਗੀਨ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਤਰ ਦੇ ਦੇਹਾਂਤ ਨਾਲ ਸਾਹਿਤ ਜਗਤ ਵਿਚ ਖਲਾਅ ਪੈਦਾ ਹੋ ਗਿਆ ਹੈ। ਬਾਦਲ ਨੇ ਕਿਹਾ, ”ਸ਼ਿਵ ਬਟਾਲਵੀ ਤੋਂ ਬਾਅਦ ਪਾਤਰ ਸਾਹਿਬ ਪੰਜਾਬ ਦੇ ਸਭ ਤੋਂ ਮਕਬੂਲ ਸ਼ਾਇਰ ਸਨ।
ਪੰਜਾਬ ਕਲਾ ਪਰਿਸ਼ਦ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ ਵੱਲੋਂ ਚੇਅਰਮੈਨ ਸੁਰਜੀਤ ਪਾਤਰ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਲਾ ਪਰਿਸ਼ਦ ਦੇ ਵਾਈਸ ਚੇਅਰਮੈਨ ਪ੍ਰੋ. ਯੋਗਰਾਜ ਦੀ ਪ੍ਰਧਾਨਗੀ ਹੇਠ ਹੋਈ ਸ਼ੋਕ ਸਭਾ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਮੀਤ ਪ੍ਰਧਾਨ ਨਿਰਮਲ ਜੌੜਾ ਅਤੇ ਸਕੱਤਰ ਪ੍ਰੀਤਮ ਸਿੰਘ ਰੁਪਾਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ, ਉਪ ਪ੍ਰਧਾਨ ਜ਼ੋਇਆ ਰੇਖੀ ਸ਼ਰਮਾ ਅਤੇ ਸਕੱਤਰ ਮਦਨ ਲਾਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸਰਬਜੋਤ ਕੌਰ ਸੋਹਲ ਅਤੇ ਕਲਾ ਪਰਿਸ਼ਦ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਦੁੱਖ ਦਾ ਪ੍ਰਗਟਾਵਾ
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਾਤਰ ਪੰਜਾਬੀਆਂ ਦੇ ਦਰਦ ਨੂੰ ਬਿਆਨ ਕਰਨ ਵਾਲਾ ਕਵੀ ਸੀ। ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਪੰਜਾਬੀ ਦੇ ਚਿੰਤਨ ਅਤੇ ਅਦਬੀ ਹਲਕਿਆਂ ਵਿਚ ਵੱਡਾ ਖਲਾਅ ਪੈਦਾ ਹੋਇਆ ਹੈ। ਸਵਰਾਜਬੀਰ ਤੇ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਬੁਰੇ ਸਮਿਆਂ ਵਿੱਚ ਅਵਾਮੀ ਸੋਚ ਦਾ ਝੰਡਾਬਰਦਾਰ ਬਣੇ ਰਹਿਣ ਵਾਲਾ ਸਦੀਵੀਂ ਸ਼ਾਇਰ ਸੀ।
ਪੂਰਾ ਨਾ ਹੋਣ ਵਾਲਾ ਘਾਟਾ
ਲੰਡਨ: ਪ੍ਰਗਤੀਸ਼ੀਲ ਲੇਖਕ ਸੰਘ ਯੂਕੇ ਦੀ ਕੇਂਦਰੀ ਕਮੇਟੀ ਜਿਸ ਵਿੱਚ ਕੰਵਲ ਧਾਲੀਵਾਲ (ਸੰਯੋਜਕ), ਕੁਲਵੰਤ ਢਿੱਲੋਂ, ਨੂਰ ਜ਼ਹੀਰ, ਗਰਬਖਸ਼ ਕੌਰ ਦੁਸਾਂਝ, ਵਿਕਾਸ ਬੱਟ, ਆਸਿਫ ਅਲੀ ਸ਼ਾਹ, ਸਰਵਣ ਜ਼ਫਰ (ਸਰਪ੍ਰਸਤ) ਗੁਰਨਾਮ ਢਿੱਲੋਂ, ਦਿਲਬੀਰ ਕੌਰ, ਦਰਸ਼ਨ ਬੁਲੰਦਵੀ, ਤੇਜਿੰਦਰ ਸੱਗੂ, ਅਜ਼ੀਮ ਸ਼ੇਖਰ ਅਤੇ ਹੋਰ ਸ਼ਾਮਿਲ ਹਨ, ਨੇ ਪੰਜਾਬੀ ਦੇ ਹਰਮਨ ਪਿਆਰੇ ਕਵੀ ਸੁਰਜੀਤ ਪਾਤਰ ਦੇ ਸਦੀਵੀ ਵਿਛੋੜੇ ਉੱਤੇ ਦੁੱਖ ਪ੍ਰਗਟ ਕੀਤਾ ਹੈ।
ਕਵਿਤਾਵਾਂ ਦਾ ਜਾਦੂ
ਐਡਮੰਟਨ : ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮੰਟਨ ਨੇ ਉੱਘੇ ਸ਼ਾਇਰ ਸੁਰਜੀਤ ਪਾਤਰ ਦੇ ਅਕਾਲ ਚਲਾਣੇ ‘ਤੇ ਦੁੱਖ ਵੰਡਾਇਆ ਹੈ। ਫਾਊਂਡੇਸ਼ਨ ਵੱਲੋਂ ਪੀਆਰ ਕਾਲੀਆ, ਬੋਰਡ ਮੈਂਬਰਾਨ ਐੱਮਐੱਸ ਸੀਲੋਨ, ਕਿਰਤਮੀਤ ਕੋਹਾੜ, ਦਲਬੀਰ ਸੰਗੀਓਨ, ਨਵਤੇਜ ਬੈਂਸ, ਜੋਗਿੰਦਰ ਰੰਧਾਵਾ, ਬਖ਼ਸ਼ ਸੰਘਾ, ਰਬਿੰਦਰ ਸਰਾ, ਹਰਚੰਦ ਗਰੇਵਾਲ, ਹਰਿੰਦਰ ਹੁੰਦਲ, ਕਸ਼ਮੀਰ ਬਦੇਸ਼ਾ, ਸੁਰਿੰਦਰ ਦਿਓਲ ਤੇ ਲਾਡੀ ਸੂਚ ਨੇ ਕਿਹਾ ਕਿ ਸੁਰਜੀਤ ਪਾਤਰ ਨੇ ਐਡਮੰਟਨ ਵਿਚ ਕਈ ਵਾਰ ਆਪਣੀਆਂ ਕਵਿਤਾਵਾਂ ਦਾ ਜਾਦੂ ਬਿਖੇਰਿਆ।
ਸੁਰਜੀਤ ਪਾਤਰ ਦਾ ਅਕਾਲ ਚਲਾਣਾ ਪੰਜਾਬੀ ਅਦਬੀ ਜਗਤ ਲਈ ਵੱਡਾ ਘਾਟਾ: ਡਾ. ਮਨਮੋਹਨ ਸਿੰਘ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਡਾ. ਸੁਰਜੀਤ ਪਾਤਰ ਦੇ ਅਕਾਲ ਚਲਾਣੇ ਨੂੰ ਪੰਜਾਬੀ ਅਦਬੀ ਜਗਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਕਰਾਰ ਦਿੱਤਾ ਹੈ। ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਡਾ. ਸੁਰਜੀਤ ਪਾਤਰ ਦੇ ਸਦਨ ਦੇ ਸਰਪ੍ਰਸਤ ਵਜੋਂ ਭਾਈ ਵੀਰ ਸਿੰਘ ਦੀਆਂ ਲਿਖਤਾਂ ਨੂੰ ਉਘਾੜਨ ਪ੍ਰਤੀ ਯੋਗਦਾਨ ਨੂੰ ਚੇਤੇ ਕਰਦਿਆਂ ਉਨ੍ਹਾਂ ਨੂੰ ਇੱਕ ਅਦੁਤੀ ਸਾਹਿਤਕਾਰ ਕਿਹਾ। ਪੰਜਾਬੀ ਸਾਹਿਤ ਜਗਤ ਦੀਆਂ ਅਦਬੀ ਸ਼ਖ਼ਸੀਅਤਾਂ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਮਾਧਵ ਕੌਸ਼ਿਕ, ਪੰਜਾਬੀ ਐਡਵਾਈਜ਼ਰੀ ਬੋਰਡ ਤੋਂ ਡਾ. ਰਵੇਲ ਸਿੰਘ, ਐਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਡਾ. ਰੇਣੁਕਾ ਸਿੰਘ ਤੇ ਬਲਬੀਰ ਮਾਧੋਪੁਰੀ, ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਅਜੇ ਅਰੋੜਾ ਅਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਵੀਰ ਗੋਜਰਾ ਨੇ ਡਾ. ਸੁਰਜੀਤ ਪਾਤਰ ਦੇ ਸਾਹਿਤਕ ਯੋਗਦਾਨ ਨੂੰ ਚੇਤੇ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ।
ਉਪਰੰਤ ਪੰਜਾਬੀ ਭਵਨ, ਲੁਧਿਆਣਾ ਵਿੱਚ ਸ਼ਰਧਾਂਜਲੀ ਸਮਾਰੋਹ ਹੋਇਆ, ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ, ”ਪਾਤਰ ਸਾਹਬ ਉਸ ਸਮੇਂ ਸਾਡਾ ਸਾਥ ਛੱਡ ਗਏ ਜਿਸ ਸਮੇਂ ਸਾਨੂੰ ਉਨ੍ਹਾਂ ਦੀ ਬਹੁਤ ਲੋੜ ਸੀ।” ਡਾ. ਸਵਰਾਜਬੀਰ ਸਿੰਘ ਨੇ ਕਿਹਾ ਕਿ ਡਾ. ਪਾਤਰ ਦੀ ਸ਼ਾਇਰੀ ਵਿੱਚ ਰੂਹਾਨੀਅਤ ਅਤੇ ਲੋਕਾਂ ਦੇ ਦੁੱਖ-ਸੁੱਖ ਸ਼ਾਮਲ ਸਨ।
ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਡਾ. ਪਾਤਰ ਦੀ ਭਾਸ਼ਾ ‘ਤੇ ਪੂਰੀ ਪਕੜ ਸੀ।
ਪ੍ਰੋ. ਸੁਰਜੀਤ ਜੱਜ ਨੇ ਕਿਹਾ, ”ਪਾਤਰ ਹੋਰਾਂ ਦੀ ਵਿਰਾਸਤ ਨੂੰ ਸੰਭਾਲਦਿਆਂ ਅੱਗੇ ਤੋਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ।” ਕੇਵਲ ਧਾਲੀਵਾਲ ਨੇ ਕਿਹਾ, ”ਡਾ. ਪਾਤਰ ਮੇਰੇ ਲਈ ਬਾਪ ਵਰਗੇ ਸਨ।” ਸੀਨੀਅਰ ਪੱਤਰਕਾਰ ਵਰਿੰਦਰ ਵਾਲੀਆ ਨੇ ਕਿਹਾ ਕਿ ਡਾ. ਪਾਤਰ ਇਸ ਅੱਧੀ ਸਦੀ ਦੇ ਮਹਾਨ ਕਵੀ ਸਨ। ਡਾ. ਸੁਰਜੀਤ ਸਿੰਘ ਨੇ ਕਿਹਾ, ”ਸਾਡੇ ਕੋਲੋਂ ਬਹੁਤ ਵੱਡਾ ਫ਼ਿਲਾਸਫ਼ਰ ਚਲਾ ਗਿਆ ਹੈ।”
ਕਾਮਰੇਡ ਅਮੋਲਕ ਸਿੰਘ ਨੇ ਕਿਹਾ ਕਿ ਡਾ. ਪਾਤਰ ਦੀ ਬਹੁਪੱਖੀ ਸ਼ਖ਼ਸੀਅਤ ਕਵਿਤਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ। ਉਨ੍ਹਾਂ ਦੀ ਗ਼ਜ਼ਲ ਗਹਿਰੇ ਤੇ ਡੂੰਘੇ ਧਰਾਤਲਾਂ ਵਾਂਗ ਗਹਿਰੀ ਹੈ। ਨਿੰਦਰ ਘੁਗਿਆਣਵੀ ਨੇ ਕਿਹਾ ਡਾ. ਪਾਤਰ ਕਵੀ ਦੇ ਨਾਲ-ਨਾਲ ਬਹੁਤ ਵਧੀਆ ਪ੍ਰਬੰਧਕ ਵੀ ਸਨ।
ਪ੍ਰੋ. ਹਰਚਰਨ ਬੈਂਸ ਨੇ ਕਿਹਾ, ”ਡਾ. ਪਾਤਰ ਨੇ ਹਰੇਕ ਵਿਚਾਰਧਾਰਾ ਬਾਰੇ ਲਿਖਿਆ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ।” ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਡਾ. ਪਾਤਰ 10 ਮਈ ਨੂੰ ਉਨ੍ਹਾਂ ਦੇ ਨਾਲ ਹੀ ਸਨ। ਇਸ ਦੌਰਾਨ ਉਨ੍ਹਾਂ ਨਾਲ ਆਉਂਦੇ ਦਿਨਾਂ ਵਿੱਚ ਕੌਂਸਲ ਅਤੇ ਅਕਾਦਮੀ ਵੱਲੋਂ ਦੋ ਵੱਡੀਆਂ ਕਾਨਫ਼ਰੰਸਾਂ ਕਰਨ ਲਈ ਵਿਚਾਰ ਸਾਂਝੇ ਕੀਤੇ।
ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਡਾ. ਪਾਤਰ ਹਮੇਸ਼ਾ ਪਤਝੜ ਤੋਂ ਬਾਅਦ ਬਹਾਰਾਂ ਦੀ ਗੱਲ ਕਰਿਆ ਕਰਦੇ ਸਨ। ਸਕੱਤਰ ਡਾ. ਹਰੀ ਸਿੰਘ ਜਾਚਕ ਨੇ ਕਿਹਾ, ”ਸਾਨੂੰ ਡਾ. ਪਾਤਰ ਦੇ ਜੀਵਨ ਅਤੇ ਕਵਿਤਾ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।” ਡਾ. ਜੌਹਲ ਨੇ ਕਿਹਾ ਕਿ ਡਾ. ਪਾਤਰ ਦਾ ਤੁਰ ਜਾਣਾ ਉਨ੍ਹਾਂ ਲਈ ਨਾ ਭੁੱਲਣ ਵਾਲਾ ਸਦਮਾ ਹੈ। ਸ਼ੋਕ ਸਮਾਗਮ ਵਿਚ ਕਿਰਪਾਲ ਕਜ਼ਾਕ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਸੰਜੀਵਨ ਸਿੰਘ, ਸ਼ਬਦੀਸ਼, ਸੰਤੋਖ ਸਿੰਘ ਸੁੱਖੀ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਨਰਿੰਦਰਪਾਲ ਕੌਰ, ਤਰਸੇਮ, ਕੁਲਦੀਪ ਸਿੰਘ ਦੀਪ, ਜਗਵਿੰਦਰ ਜੋਧਾ, ਗੁਰਮੀਤ ਕੜਿਆਲਵੀ, ਡਾ. ਸੰਦੀਪ ਸ਼ਰਮਾ, ਸੁਖਦੇਵ ਸਿੰਘ ਡੇਹਰਾਦੂਨ, ਮਨਦੀਪ ਕੌਰ ਭੰਵਰਾ, ਸੁਰਿੰਦਰ ਦੀਪ, ਅਮਨ ਫੱਲੜ, ਸੁਰਿੰਦਰ ਜੈਪਾਲ ਸਿੰਘ, ਡਾ. ਚਰਨਦੀਪ ਸਿੰਘ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਵਿਜੇ ਵਿਵੇਕ, ਬਲਵਿੰਦਰ ਸਿੰਘ ਭੱਟੀ, ਪਾਲੀ ਖ਼ਾਦਿਮ, ਰਵਿੰਦਰ ਰਵੀ, ਨੀਲੂ ਬੱਗਾ, ਸਰਬਜੀਤ ਸਿੰਘ ਵਿਰਦੀ, ਕਿਰਨਜੀਤ ਕੌਰ, ਮਨਿੰਦਰ ਕੌਰ ਮਨ, ਦੀਪ ਲੁਧਿਆਣਵੀ, ਗੁਰਮੀਤ ਹਯਾਤਪੁਰੀ, ਸੁਰਿੰਦਰਜੀਤ ਕੌਰ, ਗੁਰਿੰਦਰਜੀਤ, ਜਸਪਾਲ ਸਿੰਘ ਸ਼ੇਤਰਾ ਹਾਜ਼ਰ ਸਨ।
ਪੰਜਾਬੀ ਭਵਨ ਲੁਧਿਆਣਾ ਤੇ ਦੇਸ਼ ਭਗਤ ਪਾਰਕ ਮੋਗਾ ‘ਚ ਸਥਾਪਤ ਹੋਵੇਗਾ ਸੁਰਜੀਤ ਪਾਤਰ ਦਾ ਬੁੱਤ
ਮੋਗਾ : ਮੋਗਾ ਨੇੜਲੇ ਪਿੰਡ ਘੱਲਕਲਾਂ ਵਿੱਚ ਸਵਾ ਏਕੜ ਜ਼ਮੀਨ ਵਿੱਚ ਸਥਾਪਤ ਦੇਸ਼ ਭਗਤ ਪਾਰਕ ਤੋਂ ਇਲਾਵਾ ਪੰਜਾਬੀ ਭਵਨ, ਲੁਧਿਆਣਾ ਵਿੱਚ ਸੁਰਜੀਤ ਪਾਤਰ ਦਾ ਬੁੱਤ ਸਥਾਪਤ ਹੋਵੇਗਾ। ਸਥਾਨਕ ਦੇਸ਼ ਭਗਤ ਪਾਰਕ ਦੁਨੀਆ ਭਰ ਦੇ ਕਲਾ ਪ੍ਰੇਮੀਆਂ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਸ ਪਾਰਕ ਵਿੱਚ 50 ਤੋਂ ਵੱਧ ਦੇਸ਼ ਭਗਤਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਯਾਦਗਾਰਾਂ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਸਰੋਤ ਹਨ। ਬੁੱਤਸਾਜ਼ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਪਾਰਕ ਵਿਚ ਸਥਾਪਤ ਦੇਸ਼ ਭਗਤਾਂ, ਰਾਜਨੀਤਕ ਆਗੂਆਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਦੇ ਬੁੱਤ ਉਨ੍ਹਾਂ ਵਲੋਂ ਖੁਦ ਬਣਾਏ ਗਏ ਹਨ। ਉਨ੍ਹਾਂ ਦਾ ਉਦੇਸ਼ ਹੈ ਕਿ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਿਆ ਜਾਵੇ। ਉਨ੍ਹਾਂ ਦੇ ਹੋਰ ਬੁੱਤ ਦੀ ਕਈ ਥਾਵਾਂ ‘ਤੇ ਸਥਾਪਤ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ‘ਪਾਤਰ ਐਵਾਰਡ’ ਸ਼ੁਰੂ ਕਰਨ ਦਾ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਮਰਹੂਮ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦੀ ਯਾਦ ‘ਚ ਹਰ ਵਰ੍ਹੇ ‘ਪਾਤਰ ਐਵਾਰਡ’ ਦੇਣ ਦਾ ਫ਼ੈਸਲਾ ਕੀਤਾ ਹੈ। ‘ਪਾਤਰ ਐਵਾਰਡ’ ਹਰ ਵਰ੍ਹੇ ਉੱਭਰਦੇ ਕਵੀਆਂ ਨੂੰ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਹਰ ਸਾਲ ਜੇਤੂ ਕਵੀਆਂ ਨੂੰ ‘ਪਾਤਰ ਐਵਾਰਡ’ ‘ਚ ਇੱਕ ਲੱਖ ਰੁਪਏ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ। ਭਾਸ਼ਾ ਵਿਭਾਗ ਇਸ ਐਵਾਰਡ ਲਈ ਅਗਵਾਈ ਕਰੇਗਾ।