ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ‘ਚ ਬੰਦ ਹਨ ਇਮਰਾਨ ਖਾਨ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਇਸਲਾਮਾਬਾਦ ਹਾਈ ਕੋਰਟ ਨੇ 19 ਕਰੋੜ ਪੌਂਡ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ‘ਤੇ ਰੀਅਲ ਅਸਟੇਟ ਦੇ ਇੱਕ ਵੱਡੇ ਕਾਰੋਬਾਰੀ ਵਿਅਕਤੀ ਤੋਂ ਰਿਸ਼ਵਤ ਦੇ ਰੂਪ ‘ਚ ਅਰਬਾਂ ਰੁਪਏ ਦੀ ਜ਼ਮੀਨ ਲੈਣ ਦਾ ਦੋਸ਼ ਹੈ। ਇਸਲਾਮਾਬਾਦ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਬਹਿਸ ਪੂਰੀ ਹੋਣ ਮਗਰੋਂ ਬੀਤੇ ਦਿਨ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਖਾਨ ਨੂੰ ਜ਼ਮਾਨਤ ਲਈ 10 ਲੱਖ ਦਾ ਮੁਚੱਲਕਾ ਦਾਖਲ ਕਰਨ ਲਈ ਕਿਹਾ। ਅਦਾਲਤ ਦੇ ਇਸ ਫ਼ੈਸਲੇ ਨਾਲ ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਦੀ ਅਡਿਆਲਾ ਜੇਲ੍ਹ ਤੋਂ ਰਿਹਾਈ ਹੋਣ ਜਾਂ ਨਾ ਹੋਣ ‘ਤੇ ਕੋਈ ਖਾਸ ਫਰਕ ਨਹੀਂ ਪਵੇਗਾ ਕਿਉਂਕਿ ਗੁਪਤ ਦਸਤਾਵੇਜ਼ਾਂ ਤੇ ਇੱਦਤ ਮਾਮਲਿਆਂ ‘ਚ ਉਨ੍ਹਾਂ ਦੀ ਸਜ਼ਾ ਫਿਲਹਾਲ ਮੁਅੱਤਲ ਕੀਤੀ ਹੋਈ ਹੈ। ਇਸੇ ਦੌਰਾਨ ਪਾਕਿਸਤਾਨ ਦੀ ਇੱਕ ਇਹਤਸਾਬ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ 19 ਕਰੋੜ ਪੌਂਡ ਦੇ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੇ ਇਹ ਸੁਣਵਾਈ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ਜਿੱਥੇ ਇਮਰਾਨ ਖ਼ਾਨ ਬੰਦ ਹਨ, ਵਿੱਚ ‘ਸੁਰੱਖਿਆ ਖ਼ਦਸ਼ਿਆਂ’ ਦਾ ਹਵਾਲਾ ਦਿੰਦਿਆਂ ਮੁਲਤਵੀ ਕੀਤੀ ਹੈ। ਮੀਡੀਆ ਦੀਆਂ ਖ਼ਬਰਾਂ ‘ਚ ਇਹ ਜਾਣਕਾਰੀ ਦਿੱਤੀ ਗਈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਬਾਨੀ ਇਮਰਾਨ ਖ਼ਾਨ (71) ਪਿਛਲੇ ਸਾਲ ਅਗਸਤ ਮਹੀਨੇ ਤੋਂ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਬੰਦ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ ਇਹਤਸਾਬ ਅਦਾਲਤ ਨੇ ‘ਸੁਰੱਖਿਆ ਚਿੰਤਾਵਾਂ’ ਦੇ ਮੱਦੇਨਜ਼ਰ ਅਡਿਆਲਾ ਜੇਲ੍ਹ ਦੇ ਸੁਪਰਡੈਂਟ ਦੀ ਇਮਰਾਨ ਖ਼ਾਨ ਖਿਲਾਫ ਕੇਸ ਦੀ ਸੁਣਵਾਈ ਮੁਲਤਵੀ ਕਰਨ ਸਬੰਧੀ ਅਰਜ਼ੀ ਮਨਜ਼ੂਰ ਕਰ ਲਈ। ਖ਼ਬਰ ਮੁਤਾਬਕ ਅਦਾਲਤ ਨੇ ਕੇਸ ਦੀ ਸੁਣਵਾਈ 17 ਮਈ ਤੱਕ ਮੁਲਤਵੀ ਕਰ ਦਿੱਤੀ ਹੈ।
Check Also
ਭਾਰਤ ’ਚ ਸਭ ਕੁਝ ਮੇਡ ਇਨ ਚਾਈਨਾ ਤਾਂ ਹੀ ਰੁਜ਼ਗਾਰ ਦੀ ਕਮੀ : ਰਾਹੁਲ ਗਾਂਧੀ
ਰਾਹੁਲ ਨੇ ਅਮਰੀਕਾ ’ਚ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਕੀਤੀ ਮੁਲਾਕਾਤ ਟੈਕਸਾਸ/ਬਿਊਰੋ ਨਿਊਜ਼ ਕਾਂਗਰਸ ਪਾਰਟੀ …