ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸਮਾਜ ਸੇਵੀ ਸੰਸਥਾ ‘ਸੇਵਾ ਕਿਚਨ’ ਟੋਰਾਂਟੋ ਵੱਲੋਂ ਬੇ-ਘਰ ਲੋਕਾਂ ਦੀ ਮਦਦ ਕਰਨ ਲਈ ਇੱਕ ਫੰਡ ਰੇਜ਼ਿੰਗ ਸਮਾਗਮ ਮਿਸੀਸਾਗਾ ਦੇ ਨਟਰਾਜ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ ਜੋ ਕਿ ਪੰਜਾਬ ਤੋਂ ਆਏ ਅਤੇ ਸਥਾਨਕ ਗਾਇਕਾਂ ਦੇ ਆਪੋ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਉਣ ਕਾਰਨ ਸੱਭਿਆਚਾਰਕ ਨਾਈਟ ਦਾ ਹੀ ਰੂਪ ਧਾਰਨ ਕਰ ਗਿਆ ਜਦੋਂ ਕਿ ਭੰਗੜੇ ਦੀ ਪੇਸ਼ਕਾਰੀ ਨੇ ਇਸ ਸਮਾਗਮ ਨੂੰ ਹੋਰ ਵੀ ਰੌਚਕ ਬਣਾ ਦਿੱਤਾ।
ਸਮਾਗਮ ਦੀ ਸ਼ੁਰੂਆਤ ਮਹਿਫਿਲ ਮੀਡੀਆ ਗਰੁੱਪ ਦੇ ਸੰਚਾਲਕ, ਸੱਭਿਆਚਾਰਕ ਮੇਲਿਆਂ ਦੇ ਉੱਘੇ ਪ੍ਰਮੋਟਰ ਅਤੇ ‘ਸੇਵਾ ਕਿਚਨ’ ਦੇ ਆਗੂ ਜਸਵਿੰਦਰ ਸਿੰਘ ਖੋਸਾ ਅਤੇ ਰੰਗਕਰਮੀ ਗੁਰਬੀਰ ਗੋਗੋ ਬੱਲ ਦੁਆਰਾ ਜੀ ਆਇਆਂ ਕਹਿਣ ਅਤੇ ਸੰਸਥਾ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਹਾਜ਼ਰੀਨ ਨੂੰ ਜਾਣਕਾਰੀ ਦੇਣ ਨਾਲ ਹੋਈ ਉਪਰੰਤ ਵਿਧਾਇਕਾ ਹਰਿੰਦਰ ਕੌਰ ਮੱਲ੍ਹੀ, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਾਬਕਾ ਕੌਂਸਲਰ ਵਿੱਕੀ ਢਿੱਲੋਂ ਅਤੇ ਸਕੂਲ ਟਰੱਸਟੀ ਹਰਕੀਰਤ ਸਿੰਘ ਦੁਆਰਾ ਸਾਂਝੇ ਤੌਰ ‘ਤੇ ਸੇਵਾ ਕਿਚਨ ਸੰਸਥਾ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਨਾਲ ਕਰਦਿਆਂ ਕਿਹਾ ਕਿ ਸਿੱਖ ਧਰਮ ਦਾ ਫਲਸਫਾ ਹੀ ਸੇਵਾ ਅਤੇ ਜਰੂਰਤ ਮੰਦਾਂ ਦੀ ਮਦਦ ਕਰਨਾ ਅਤੇ ਭੁੱਖੇ ਲੋਕਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਛਕਾਉਣਾ ਹੈ ਜਿਸ ਲਈ ਇਹ ਸੰਸਥਾ ਨਾਲ ਜੁੜੇ ਲੋਕ ਜਸਵਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਟੋਰਾਂਟੋਂ ਡਾਊਨ ਟਾਊਨ ਵਿਖੇ ਹਰ ਐਤਵਾਰ ਨੂੰ ਬੇਘਰੇ ਅਤੇ ਭੁੱਖਣ ਭਾਣੇ ਲੋਕਾਂ ਨੂੰ ਬਿਨਾਂ ਭੇਦ-ਭਾਵ ਅਤੇ ਵਿਤਕਰੇ ਤੋਂ ਲੰਗਰ ਛਕਾਉਂਦੇ ਹਨ ਜਿਨ੍ਹਾਂ ਦੀ ਸੇਵਾ ਦੀ ਚੁਫੇਰਿਓ ਪ੍ਰਸੰਸਾ ਹੋ ਰਹੀ ਹੈ ਇਸ ਮੌਕੇ ਜਿੱਥੇ ਸੰਸਥਾ ਦੇ ਸਮੁੱਚੇ ਮੈਂਬਰਾਂ ਨੂੰ ਸਿਆਸੀ ਆਗੂਆਂ ਵੱਲੋਂ ਸਰਟੀਫਿਕੇਟ ਵੰਡੇ ਗਏ ਉੱਥੇ ਹੀ ਬਰੈਂਪਟਨ ਦੇ ਸਿੰਘਾਪੁਰ ਜ਼ਿਊਲਰ ਵੱਲੋਂ ਜਸਵਿੰਦਰ ਸਿੰਘ ਖੋਸਾ ਦਾ ਗੋਲਡ ਮੈਡਲ ਨਾਲ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਜਿੱਥੇ ਗਾਇਕ ਜ਼ਸ਼ਨ ਖਹਿਰਾ, ਹੈਰੀ ਸੰਧੂ, ਹਰਪ੍ਰੀਤ ਰੰਧਾਵਾ,ਬੁੱਕਣ ਜੱਟ, ਸੁਨੀਤਾ, ਲੱਭਾ ਸਿੰਘ, ਪਰਵਿੰਦਰ ਬਰਾੜ, ਪਰਮ ਕੈਂਥ ਆਦਿ ਨੇ ਆਪੋ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ ਉੱਥੇ ਹੀ ਦਵਿੰਦਰ ਦੇਵ, ਹਰਪਾਲ ਚੀਮਾ, ਪਰਮਜੀਤ ਰਿਹਾਲ, ਅਮ੍ਰਿਤ ਵਿਰਕ, ਗਦਰ ਤੂਰ, ਪਾਲ ਠੱਕਰ, ਅਮਨਦੀਪ ਪੰਨੂੰ ਸੋਫੀਆ ਮੇਸਾ,ਓਲੀਵਰ ਰੋਬਰਟ ਸਮੇਤ ਅਨੇਕਾਂ ਹੀ ਹੋਰ ਵੀ ਲੋਕਾਂ ਦਾ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਕਾਫੀ ਯੋਗਦਾਨ ਰਿਹਾ।

