21.5 C
Toronto
Monday, September 22, 2025
spot_img
Homeਦੁਨੀਆ1920 'ਚ ਹੋਇਆ ਸੀ ਵਿਕਟੋਰੀਆ 'ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ...

1920 ‘ਚ ਹੋਇਆ ਸੀ ਵਿਕਟੋਰੀਆ ‘ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਮੈਲਬੌਰਨ/ਬਿਊਰੋ ਨਿਊਜ਼ : ਆਸਟਰੇਲੀਆ ਵਿਚ ਪੰਜਾਬੀਆਂ ਦੀ ਆਮਦ 19ਵੀਂ ਸਦੀ ਦੇ ਅੰਤ ਵਿਚ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਹੋਈ। ਉਨ੍ਹਾਂ ਵਰ੍ਹਿਆਂ ਦੌਰਾਨ ਮੁਲਕ ਵਿਚ ਆਉਣ ਵਾਲੇ ਜ਼ਿਆਦਾਤਰ ਸਿੱਖ ਕਿਸਾਨ, ਵਪਾਰੀ ਅਤੇ ਹਾਕਰ ਵਰਗੇ ਕਿੱਤਿਆਂ ਨਾਲ ਸਬੰਧਤ ਸਨ। ਵਿਕਟੋਰੀਆ ਸੂਬੇ ਵਿਚ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਮੌਜੂਦਗੀ ਨਾ ਹੋਣ ਕਰਕੇ ਸਿੱਖ ਭਾਈਚਾਰੇ ਵਲੋਂ ਜਨਮ-ਮਰਨ ਮੌਕੇ ਕੀਤੇ ਜਾਣ ਵਾਲੇ ਧਾਰਮਿਕ ਰੀਤੀ ਰਿਵਾਜ਼ਾਂ ਨੂੰ ਨਿਭਾਉਣ ਵਿਚ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ।
ਇਸ ਬਾਰੇ ਆਸਟਰੇਲੀਆ ਇਤਿਹਾਸਕਾਰ ਕ੍ਰਿਸਟਨ ਜਾਰਡਨ ਅਤੇ ਲਿਨ ਕੈਨਾ ਵਿਚ ਨੇ ਸਿੱਖਾਂ ਦੇ ਧਾਰਮਿਕ ਪੱਖਾਂ ‘ਤੇ ਬਾਰੀਕੀ ਨਾਲ ਖੋਜ ਪੜਤਾਲ ਤੋਂ ਬਾਅਦ ਕਈ ਇਤਿਹਾਸਕ ਤੱਥ ਉਜਾਗਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੈਲਬੌਰਨ ਸ਼ਹਿਰ ਤੋਂ ਤਕਰੀਬਨ 220 ਕਿਲੋਮੀਟਰ ਦੂਰ ਇਕ ਛੋਟੇ ਕਸਬੇ ਬਿਨਾਲਾ ਵਿਚ ਹਰਮਨ ਸਿੰਘ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ।
ਹਰਮਨ ਸਿੰਘ ਅੰਬਾਲਾ ਸ਼ਹਿਰ ਨਾਲ ਸਬੰਧਤ ਸੀ ਅਤੇ ‘ਹਾਕਰ’ ਵਜੋਂ ਕੰਮ ਕਰਦਾ ਸੀ। ਹਰਮਨ ਸਿੰਘ ਦੀ ਮੌਤ 13 ਜਨਵਰੀ 1920 ‘ਚ ਹੋ ਗਈ ਸੀ ਪਰ ਇਸ ਇਲਾਕੇ ਵਿਚ ਗੁਰੂਘਰ ਨਾ ਹੋਣ ਕਰਕੇ ਹਰਮਨ ਸਿੰਘ ਦੀਆਂ ਮਰਨ ਉਪਰੰਤ ਧਾਰਮਿਕ ਰਹੁ ਰੀਤਾਂ ਅਧੂਰੀਆਂ ਰਹਿ ਗਈਆਂ। ਹਰਮਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਸਟਰੇਲੀਆ ਵਿਚ ਸਭ ਤੋਂ ਪਹਿਲਾਂ ਮੋਰੱਕੋ ਦੇਸ਼ ਤੋਂ ਮੰਗਵਾਏ ਗਏ ਸਨ। ਇਤਿਹਾਸਕ ਹਵਾਲੇ ਮੁਤਾਬਕ ਧਾਰਮਿਕ ਰਹੁ-ਰੀਤਾਂ ਦੀ ਸੰਪੂਰਨਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ 16 ਦਸੰਬਰ 1920 ਨੂੰ ਪਾਏ ਗਏ। ਇਹ ਸੇਵਾ ਸਵਰਗਵਾਸੀ ਹਰਮਨ ਸਿੰਘ ਦੇ ਸਪੁੱਤਰ ਭਾਈ ਈਸ਼ਰ ਸਿੰਘ ਵਲੋਂ ਨਿਭਾਈ ਗਈ ਸੀ। ਉਘੇ ਸਮਾਜਸੇਵੀ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕ੍ਰਿਸਟਨ ਅਤੇ ਲਿਨ ਦਾ ਆਸਟਰੇਲੀਆ ਵਿਚ ਸਿੱਖਾਂ ਦੇ ਇਤਿਹਾਸਕ ਪੱਖਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿਚ ਬੇਹੱਦ ਯੋਗਦਾਨ ਰਿਹਾ ਹੈ।

RELATED ARTICLES
POPULAR POSTS