Breaking News
Home / Special Story / ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨਾ ਡਰੈ

ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨਾ ਡਰੈ

ਡਾ. ਯਸ਼ਪਾਲ ਸਿੰਘ
ਭਾਰਤ ਦੀ ਧਰਤੀ ਉੱਚਕੋਟੀ ਦੀ ਕਰਮਾਂ ਵਾਲੀ ਧਰਤੀ ਹੈ, ਜਿਸ ਉਪਰ ਵੀਰ, ਯੋਧਿਆਂ, ਸੰਤਾਂ, ਪੀਰ-ਪੈਗੰਬਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਸਾਨੂੰ ਜੀਵਨ ਜਿਊਣ ਅਤੇ ਪ੍ਰਭੂ ਵਿਚ ਪ੍ਰਵੇਸ਼ ਕਰਨ ਦਾ ਸੰਦੇਸ਼ ਦਿੱਤਾ। ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਨੇ ਸੰਦੇਸ਼ ਦਿੱਤਾ ਹੈ ਕਿ ਆਪਣੇ ਹੱਕ ਲਈ ਲੜੋ। ਦਸਮ ਪਿਤਾ ਜੀ ਨੇ ਸਿੱਖਿਆ ਦਿੱਤੀ ਹੈ ਕਿ ਜਦੋਂ ਸਭ ਰਸਤੇ ਬੰਦ ਹੋ ਜਾਣ ਅਤੇ ਜਾਬਰ ਦਾ ਜ਼ੁਲਮ ਵੀ ਵਧ ਜਾਵੇ ਤਾਂ ਤਲਵਾਰ ਉਠਾਉਣਾ ਜਾਇਜ਼ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਕਿ ਪਿਆਰ ਨਾਲ ਇਕਜੁੱਟ ਹੋ ਕੇ ਉਸ ਅਕਾਲ ਪੁਰਖ ਦਾ ਸਿਮਰਨ ਕਰੋ।
ਇਸੇ ਤਰ੍ਹਾਂ ਹੀ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਦੇਸ਼ ਦਿੱਤਾ ਹੈ। ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਆਪ ਜੀ ਨੇ ਬਹੁਤ ਉੱਚੇ ਅਤੇ ਸੁੱਚੇ ਜੀਵਨ ਬਾਰੇ ਸੰਦੇਸ਼ ਦਿੱਤਾ ਹੈ। ਇਕ ਆਪ ਹੀ ਹੋਏ ਹਨ ਜਿਨ੍ਹਾਂ ਨੇ ਆਪਣੀ ਜਾਤੀ ‘ਚਮਾਰ’ ਛੁਪਾਈ ਨਹੀਂ, ਸਗੋਂ ਆਪਣੇ ਹਰ ਸਲੋਕ ਵਿਚ ਢਿੰਡੋਰਾ ਪਿਟ ਕੇ ਕਿਹਾ ਕਿ ਮੈਂ ਇਸ ਜਾਤੀ ਨਾਲ ਸੰਬੰਧਤ ਹਾਂ ਅਤੇ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹਾਂ। ਆਪ ਜੀ ਨੇ ਆਪਣੇ ਸਲੋਕਾਂ ਵਿਚ ਆਪਣੇ ਔਜ਼ਾਰਾਂ ਦਾ ਵੀ ਜ਼ਿਕਰ ਕੀਤਾ ਹੈ। ਆਪ ਜੀ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਐ ਇਨਸਾਨ, ਨਿਮਰਤਾ ਸਹਿਤ, ਸਹਿਣਸ਼ੀਲ ਹੋ ਕੇ ਅਤੇ ਵਿਕਾਰਾਂ ਰਹਿਤ ਹੋ ਕੇ ਪ੍ਰਮਾਤਮਾ ਯਾਨੀ ਵਾਹਿਗੁਰੂ ਦਾ ਸਿਮਰਨ ਕਰ ਤਾਂ ਜੋ ਤੇਰੀ ਆਤਮਾ ਦਾ ਮਿਲਨ ਪ੍ਰਮਾਤਮਾ ਨਾਲ ਹੋ ਸਕੇ ਕਿਉਂਕਿ ਇਕ ‘ਰੱਬ’ ਹੀ ਹੈ, ਜਿਸ ਦਾ ਸਿਮਰਨ ਕਰਨ ਨਾਲ ਉਹ ਇਨਸਾਨ ਨੂੰ ਨੀਚੇ ਤੋਂ ਉੱਚਾ ਕਰ ਦਿੰਦਾ ਹੈ। ਆਪ ਜੀ ਨੇ ਕਿਹਾ ਹੈ ਕਿ ਇਨਸਾਨ ਦੀ ਨੀਅਤ ਸਾਫ ਚਾਹੀਦੀ ਹੈ, ਕਿੱਤਾ ਭਾਵੇਂ ਕੋਈ ਵੀ ਹੋਵੇ। ਇਸੇ ਕਰਕੇ ਆਪ ਜੀ ਨੇ ਫਰਮਾਇਆ ਹੈ :
ਨੀਚਹੁ ਊਚ ਕਰੈ ਮੇਰਾ ਗੋਬਿੰਦੁઠ
ਕਾਹੂ ਤੇ ਨ ਡਰੈ॥
ਇਸੇ ਤਰ੍ਹਾਂ ਪਹਿਲੀ ਪਾਤਸ਼ਾਹ ਜੀ ਦੀ ਤੀਸਰੀ ਜੋਤ ਨੇ ਸੰਦੇਸ਼ ਦਿੱਤਾ ਹੈ ਕਿ ਸਾਨੂੰ ਕੱਪੜੇ ਪਾੜਨ ਦੀ ਜ਼ਰੂਰਤ ਨਹੀਂ, ਜੇ ਅਸੀਂ ਸੱਚੇ ਦਿਲੋਂ ਉਸ ਤਾਕਤ ਦਾ ਸਿਮਰਨ ਕਰਾਂਗੇ ਤਾਂ ਸਾਨੂੰ ਘਰ ਬੈਠਿਆਂ ਹੀ ਉਸ ਦੀ ਪ੍ਰਾਪਤੀ ਹੋ ਜਾਵੇਗੀ ਪਰ ਸ਼ਰਤ ਹੈ ਕਿ ਇਨਸਾਨ ਦੀ ਨੀਅਤ ਸਾਫ ਚਾਹੀਦੀ ਹੈ। ਇਸੇ ਕਰਕੇ ਆਪ ਜੀ ਨੇ ਫਰਮਾਇਆ ਹੈ ਕਿ :
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸ ਕਰੇਇ॥ઠ
ਗੁਰੂ ਰਵਿਦਾਸ ਜੀ ઠਦੀ ਬਾਣੀ ਇੰਨੀ ਪ੍ਰਭਾਵਸ਼ਾਲੀ ਹੈ ਕਿ ਇਨਸਾਨ ਦਾ ਮਨ ਨਿਰਮਲ ਅਤੇ ਸ਼ਾਂਤ ਹੋ ਜਾਂਦਾ ਹੈ। ਆਪ ਪ੍ਰਭੂ ਦਾ ਸਿਮਰਨ, ਸੱਚਾਈ ਅਤੇ ਨੇਕੀ ਦੇ ਰਸਤੇ ਉਪਰ ਚੱਲਣ ਵਾਲੇ ਉੱਚਕੋਟੀ ਦੇ ਪ੍ਰਭੂ ਦੇ ਭਗਤ ਹੋਏ ਹਨ। ਆਪ ਜੀ ਸਲੋਕਾਂ ਵਿਚ ਆਪਣੀ ਜਾਤੀ ਬਾਰੇ ਇਸ ਤਰ੍ਹਾਂ ਫਰਮਾਉਂਦੇ ਹਨ :
ਰਵਿਦਾਸ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ॥
ਆਪ ਜੀ ਨੇ ਆਪਣੀ ਬਾਣੀ ਵਿਚ ਖਾਸ ਤੌਰ ‘ਤੇ ਪ੍ਰਭੂ ਸਿਮਰਨ ਦੇ ਨਾਲ-ਨਾਲ ਆਪਣੀ ਜਾਤੀ ਅਤੇ ਔਜ਼ਾਰ ਜਿਵੇਂ ਆਰੀ, ਰੰਬੀ, ਜੁੱਤੀਆਂ ਗੰਢਣ ਦਾ ਜ਼ਿਕਰ ਕੀਤਾ ਹੈ। ਆਪ ਫਰਮਾਉਂਦੇ ਹਨ ਕਿ ਕੰਮ ਕੋਈ ਵੀ ਹੋਵੇ, ਕੰਮ ਨੀਵਾਂ ਨਹੀਂ ਸਗੋਂ ਇਨਸਾਨ ਦੀ ਮੰਦੀ ਸੋਚ ਨੀਵੀਂ ਹੈ। ਆਪ ਜੀ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਤਰ੍ਹਾਂ ਕਰਮ ਕਰਨ ਅਤੇ ਪ੍ਰਭੂ ਸਿਮਰਨ ਕਰਨ ਲਈ ਪ੍ਰੇਰਿਆ ਹੈ, ਜਿਵੇਂਕਿ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਹੈ ਕਿ ਐ ਇਨਸਾਨ, ਕਰਮ ਕਰ, ਫਲ ਮੈਂ (ਰੱਬ) ਦੇਵਾਂਗਾ।ઠ
ਆਪ ਜੀ ਦਾ ਜਨਮ 1377 ਈ. ਨੂੰ ਪਿਤਾ ਸ਼੍ਰੀ ਸੰਤੋਖ ਦਾਸ ਅਤੇ ਮਾਤਾ ਕਲਸਾਂ ਜੀ ਦੀ ਕੁੱਖੋਂ ਹੋਇਆ (ਕੁਝ ਇਤਿਹਾਸਕਾਰ ਆਪ ਜੀ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਘੂ ਜੀ ਅਤੇ ਮਾਤਾ ਜੀ ਦਾ ਨਾਂ ਸੁਥਿਨੀਆ ਲਿਖਦੇ ਹਨ) ਆਪ ਜੀ ਦਾ ਜਨਮ ਅਸਥਾਨ ਬਨਾਰਸ ਮੰਨਿਆ ਜਾਂਦਾ ਹੈ। ਇਸ ਬਾਰੇ ਆਪ ਜੀ ਦੇ ਸਲੋਕ ਵਿਚ ਇਉਂ ਦਰਸਾਇਆ ਗਿਆ ਹੈ :
ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੰਵੰਤਾ ਨਿਤਹਿ ਬਾਨਾਰਸੀ ਆਸ ਪਾਸਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੁਆਰਾ ਰਚਿਤ 40 ਸ਼ਬਦ ਦਰਜ ਹਨ। ਆਪ ਜੀ ਦੀ ਬਾਣੀ 16 ਰਾਗਾਂ ਵਿਚ ਦਰਜ ਹੈ, ਜਿਵੇਂਕਿ ਰਾਗ ਸਿਰੀ ਰਾਗੁ, ਗਉੜੀ ਗੁਆਰੇਰੀ, ਗਉੜੀ ਬੈਰਾਗਣਿ, ਗਉੜੀ ਪੂਰਬੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਸੂਹੀ, ਰਾਮਕਲੀ, ਮਾਰੂ, ਮਲਾਰ ਜੈਤਸਰੀ ਪ੍ਰਮੁੱਖ ਹਨ। ਆਪ ਜੀ ਦੁਆਰਾ ਰਚੇ 40 ਸ਼ਬਦਾਂ ਵਿਚ ਪ੍ਰਮਾਤਮਾ ਦੇ ਨਾਲ ਮਿਲਾਪ ਦਾ ਜ਼ਿਕਰ ਮਿਲਦਾ ਹੈ। ਆਪ ਅਕਾਲ ਪੁਰਖ ਨਾਲ ਮਿਲਾਪ ਦਾ ਇਸ ਤਰ੍ਹਾਂ ਜ਼ਿਕਰ ਕਰਦੇ ਹਨ :
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ ઠ(ਪੰਨਾ 694)
ਅੱਗੇ ਫਰਮਾਇਆ ਹੈ ਕਿ :
ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂਹੀ ਮੈ ਨਾਹੀ॥ (ਪੰਨਾ 657)
ਆਪ ਜੀ ਦੇ ਕਈ ਚੇਲੇ ਹੋਏ ਹਨ ਜਿਨ੍ਹਾਂ ਨੇ ਆਪ ਜੀ ਤੋਂ ਨਾਮਦਾਨ ਲਿਆ ਸੀ। ਸ਼੍ਰੀ ਕ੍ਰਿਸ਼ਨ ਭਗਤ ਮੀਰਾ ਜੀ ਨੇ ਵੀ ਆਪ ਜੀ ਤੋਂ ਹੀ ਨਾਮਦਾਨ ਲਿਆ ਸੀ ਜਿਵੇ ਕਿ :
ਮੀਰਾ ਨੇ ਗੋਬਿੰਦ ਮਿਲਿਆ ਸੀ, ਗੁਰੂ ਮਿਲਿਆ ਰੈਦਾਸ
ਗੁਰੂ ਮਿਲਿਆ ਮ੍ਹਾਨੇ ਰੈਦਾਸ, ਨਾਮ ਨਹੀ ਛੋਡੂੰ।
ਪ੍ਰਭੂ ਰਵਿਦਾਸ ਜੀ ਫਰਮਾਉਂਦੇ ਹਨ ਕਿ ઠਜੋ ਇਨਸਾਨ ਪੂਰਨ ਸੰਤਾਂ ਦੇ ਦਿੱਤੇ ਸ਼ਬਦ ਦਾ ਸਿਮਰਨ ਕਰਦਾ ਹੈ, ਪ੍ਰਭੂ ਉਸ ਦਾ ਹਰ ਤਰ੍ਹਾਂ ਖਿਆਲ ਰੱਖਦੇ ਹਨ ਅਤੇ ਉਸ ਦਾ ਹਰ ਦੁੱਖ-ਦਲਿੱਦਰ ਦੂਰ ਕਰਦੇ ਹਨ। ਆਪ ਜੀ ਨੇ ਕਿਰਤ ਅਤੇ ਪ੍ਰਭੂ ਸਿਮਰਨ ਬਾਰੇ ਸਾਨੂੰ ਇਸ ਤਰ੍ਹਾਂ ਵੀ ਸੰਦੇਸ਼ ਦਿੱਤਾ ਹੈ ਕਿ ਸੱਚੀ ਕਿਰਤ ਅਤੇ ਪ੍ਰਮਾਤਮਾ ਦਾ ਸਿਮਰਨ ਹੀ ਇਨਸਾਨ ਨੂੰ ਭਵਸਾਗਰ ਤੋਂ ਪਾਰ ਕਰਵਾ ਦਿੰਦਾ ઠਹੈ ਜਿਵੇਂਕਿ ਆਪ ਜੀ ਨੇ ਫਰਮਾਇਆ ਹੈ :
‘ਰਵਿਦਾਸ ਹਉ ਨਿਜ ਰਥਹਿੰ, ਰਾਖੌ ਰਾਂਬੀ ਆਰ।
ਸੁਕ੍ਰਿਤਿ ਹੀ ਮਮ ਧਰਮ ਹੈ, ਤਾਰੈਗਾ ਭਵ ਪਾਰ॥
ਇਸ ਕਰਕੇ ਸਾਨੂੰ ਉਨ੍ਹਾਂ ਦੇ ਸੰਦੇਸ਼ ਅਨੁਸਾਰ ਸੱਚੀ-ਸੁੱਚੀ ਕਿਰਤ ਕਰਕੇ ਅਤੇ ਅਕਾਲ ਪੁਰਖ ਦਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ। ਆਪ ਭਗਤ ਕਬੀਰ ਜੀ ਦੇ ਸਮਕਾਲੀ ਅਤੇ ਰਾਮਾਨੰਦ ਜੀ ਦੇ ਚੇਲੇ ਹੋਏ ਹਨ। ਆਪ ਪਿਆਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਲੈ ਕੇ ਆਏ। ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਜੀ ਨੇ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ। ਆਪ ਅਕਾਲ ਪੁਰਖ ਦੀ ਨਗਰੀ ਬੇਗਮਪੁਰੇ ਨੂੰ ਇਉਂ ਪੇਸ਼ ਕਰਦੇ ਹਨ :
ਬੇਗਮਪੁਰਾ ਸਹਰ ਕੋ ਨਾਉ॥ ਦੁਖੁ ਅੰਦੋਹੁ ਨਹੀ ਤਿਹਿ ਠਾਉ॥
ਨਾ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥
ਆਪ ਜੀ ਨੇ ਸੰਦੇਸ਼ ਦਿੱਤਾ ਹੈ ਕਿ ਕਿਰਤ ਕਰਕੇ ਆਪਣਾ ਪੇਟ ਭਰਨਾ ਚਾਹੀਦਾ ਹੈ। ਜੇ ਦੌਲਤ ਇਕੱਠੀ ਕਰਨੀ ਹੈ ਤਾਂ ਪ੍ਰਮਾਤਮਾ ਦੇ ਨਾਂ ਦੀ ਇਕੱਠੀ ਕਰਨੀ ਚਾਹੀਦੀ ਹੈ ਨਾ ਕਿ ਪੈਸੇ ਜਾਂ ਸੋਨੇ-ਚਾਂਦੀ ਦੀ। ਆਪ ਭਗਤੀ, ਸੇਵਾ, ਪ੍ਰੇਮ, ਦਇਆ ਅਤੇ ਨਿਮਰਤਾ ਦੀ ਮੂਰਤ ਸਨ। ਆਪ ਤਿਆਗ ਦੀ ਵੀ ਮੂਰਤ ਸਨ। ਇਸ ਦੀ ਉਦਾਹਰਨ ਇਸ ਤਰ੍ਹਾਂ ਮਿਲਦੀ ਹੈ ਕਿ ਆਪ ਜੀ ਦੇ ਪਿਤਾ ਜੀ ਪਾਸ ਕਾਫੀ ਦੌਲਤ ਸੀ। ਜੇ ਪਿਤਾ ਜੀ ਆਪ ਜੀ ਨੂੰ ਕੁਝ ਪੈਸੇ ਦਿੰਦੇ ਤਾਂ ਆਪ ਉਸ ਨੂੰ ਗਰੀਬਾਂ, ਸਾਧਾਂ, ਸੰਤਾਂ ਵਿਚ ਵੰਡ ਦਿੰਦੇ। ਪੰਜਵੇਂ ਪਾਤਸ਼ਾਹ ਆਪ ਜੀ ਦੇ ਕਿੱਤੇ ਦਾ ਜ਼ਿਕਰ ਕਰਦੇ ਹੋਏ ਅਤੇ ਆਪ ਜੀ ਦੀ ਮਹਾਨ ਅਧਿਆਤਮਕ ਪ੍ਰਾਪਤੀ ਬਾਰੇ ਫਰਮਾਉਂਦੇ ਹਨ :
ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰੂ ਨਾਨਕ ਦੇਵ ਗੋਬਿੰਦ ਰੂਪ॥ (ਪੰਨਾ 1186)
ਆਪ ਜੀ ਨੇ ਗੰਗਾ ਵਿਚ ਪੱਥਰ ਵੀ ਤਾਰੇ ਅਤੇ ਉਸ ਦੇ ਪਾਣੀ ਨੂੰ ਪਵਿੱਤਰ ਵੀ ਕਿਹਾ। ਆਪ ਨੇ ਊਚ-ਨੀਚ ਦੇ ਬੰਧਨਾਂ ਨੂੰ ਤੋੜਿਆ ਅਤੇ ਨਾਲ ਹੀ ਪ੍ਰਭੂ ਭਗਤੀ ਦਾ ਸੰਦੇਸ਼ ਦਿੱਤਾ। ਆਪ 151 ਸਾਲ ਦੀ ਉਮਰ ਭੋਗ ਕੇ 1529 (ਕੁਝ ਦੇ ਅਨੁਸਾਰ 1528) ਵਿਚ ਪ੍ਰਭੂ ਦੇ ਘਰ ਜਾ ਬਿਰਾਜੇ। ਆਓ ਅਸੀਂ ਵੀ ਉਨ੍ਹਾਂ ਦੇ ਸੰਦੇਸ਼ਾਂ ਨੂੰ ਯਾਦ ਰੱਖਦੇ ਹੋਏ ਪ੍ਰਭੂ ਸਿਮਰਨ ਕਰੀਏ।
ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼
ਗੁਰੂ ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਸ੍ਰੀ ਗੁਰੂ ਹਰਿ ਰਾਇ ਜੀ
ਗੁਰੂ ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਸ੍ਰੀ ਹਰਿ ਰਾਏ ਸਾਹਿਬ ਜੀ ਦਾ ਜਨਮ 16 ਜਨਵਰੀ 1630 ਈ. ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵੱਡੇ ਫਰਜੰਦ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ (ਹੁਸ਼ਿਆਰਪੁਰ) ਵਿਚ ਹੋਇਆ। ਗੁਰੂ ਸਾਹਿਬ ਦੇ ਬਚਪਨ ਦਾ ਸਮਾਂ ਕੀਰਤਪੁਰ ਸਾਹਿਬ ਵਿਖੇ ਹੀ ਬੀਤਿਆ। ਜਦੋਂ ਆਪ 8 ਕੁ ਸਾਲ ਦੇ ਹੋਏ, ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ। ਉਮਰ ਦੇ ਅਗਲੇਰੇ 10 ਸਾਲ ਆਪ ਜੀ ਨੇ ਆਪਣੇ ਦਾਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਦੀ ਨਜ਼ਰਸਾਨੀ ਹੇਠ ਬਤੀਤ ਕੀਤੇ। ਇਸ ਨਜ਼ਰਸਾਨੀ ਸਦਕਾ ਹੀ ਆਪ ਦੇ ਵਿਅਕਤੀਤਵ ਵਿਚ ਦਾਦਾ ਗੁਰੂ ਵਾਲੀਆਂ ਸਿਫਤਾਂ ਪ੍ਰਤੀਬਿੰਬਤ ਹੁੰਦੀਆਂ ਰਹੀਆਂ ਹਨ।
ਗੁਰੂ ਹਰਿ ਰਾਏ ਸਾਹਿਬ ਜੀ ਦੀ ਵਿਸ਼ੇਸ਼ ਲਗਨ ਅਤੇ ਮਿਹਨਤ ਅਤੇ ਉਸਤਾਦਾਂ ਦੀ ਸੰਜੀਦਗੀ ਕਰਨ ‘ਤੇ ਆਪ 13-14 ਸਾਲ ਉਮਰ ਤੱਕ ਸ਼ਸਤਰ ਅਤੇ ਸ਼ਾਸਤਰ ਸਿੱਖਿਆ ਵਿਚ  ਮੁਹਾਰਤ ਪ੍ਰਾਪਤ ਕਰ ਗਏ। ਆਪ ਜੀ ਦੇ ਉਸਤਾਦਾਂ ਵਿਚ ਪੁਰੋਹਿਤ ਜਾਤੀ ਮੱਲ ਦਾ ਨਾਮ ਵੀ ਜ਼ਿਕਰਯੋਗ ਹੈ।
ਸੱਤਵੇਂ ਪਾਤਸ਼ਾਹ ਜਿਥੇ ਗਿਆਨਵਾਨ, ਮਿੱਠੇ ਅਤੇ ਨਿੱਘੜੇ ਸੁਭਾਅ ਦੇ ਮਾਲਕ ਸਨ, ਉਥੇ ਉਨ੍ਹਾਂ ਦਾ ਹਿਰਦਾ ਵੀ ਬੜਾ ਕੋਮਲ ਅਤੇ ਦਇਆਵਾਨ ਸੀ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵਾਰੀ ਕਰਤਾਰਪੁਰ ਦੇ ਬਾਗ ਵਿਚ ਸੈਰ ਕਰ ਰਹੇ ਸਨ, ਉਸ ਸਮੇਂ ਹਵਾ ਬੜੀ ਤੇਜ਼ੀ ਨਾਲ ਵਗ ਰਹੀ ਸੀ। ਹਵਾ ਦੇ ਕਾਰਨ ਆਪ ਜੀ ਦਾ ਜਾਮਾ ਕੁਝ ਬੂਟਿਆਂ ਨਾਲ ਉਲਝ ਗਿਆ। ਇਸ ਉਲਝਣ ਸਦਕਾ ਕੁਝ ਫੁੱਲ ਟਹਿਣੀ ਨਾਲੋਂ ਟੁੱਟ ਕੇ ਹੇਠਾਂ ਡਿੱਗ ਪਏ। ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪਹੁੰਚੀ। ਇੰਨੇ ਚਿਰ ਵਿਚ ਸ੍ਰੀ ਗੁਰੂ ਹਰਗੋਬਿੰਦ ਦੀ ਕੋਲ ਆਏ ਅਤੇ ਉਦਾਸੀ ਦਾ ਕਾਰਨ ਪੁੱਛਿਆ। ਆਪ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਮੇਰੇ ਖੁੱਲ੍ਹੇ ਜਾਮੇ ਨਾਲ ਅੜ ਕੇ ਇਹ ਵਿਚਾਰੇ ਨਿਰਦੋਸ਼ ਫੁੱਲ ਹੇਠਾਂ ਡਿੱਗ ਪਏ ਹਨ। ਇਸ ਮੌਕੇ ‘ਤੇ ਛੇਵੇਂ ਪਾਤਸ਼ਾਹ ਨੇ ਇਕ ਉਪਦੇਸ਼ਮਈ ਜਵਾਬ ਦਿੰਦਿਆਂ ਕਿਹਾ ਕਿ ਜੇ ਜਾਮਾ ਵੱਡਾ ਪਹਿਨੀਏ ਤਾਂ ਸੰਭਲ ਕੇ ਤੁਰਨਾ ਚਾਹੀਦਾ ਹੈ। ਉਪਦੇਸ਼ ਬੜਾ ਸਪੱਸ਼ਟ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਚੁੱਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਹ ਤਾਕਤ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ। ਸ੍ਰੀ ਗੁਰੂ ਹਰਿ ਰਾਏ ਜੀ ਨੇ ਆਪਣੇ ਦਾਦਾ ਗੁਰੂ ਜੀ ਦੇ ਉਪਦੇਸ਼ ਨੂੰ ਘੁੱਟ ਕੇ ਪੱਲੇ ਨਾਲ ਬੰਨ੍ਹ ਲਿਆ। ਸਾਰੀ ਹਯਾਤੀ ਇਸ ਉਪਦੇਸ਼ ਦੀ ਕਮਾਈ ਕੀਤੀ ਅਤੇ ਤਾਣ ਹੁੰਦਿਆਂ ਵੀ ਨਿਤਾਣੇ ਬਣੇ ਰਹੇ। ਗੁਰੂ ਸਾਹਿਬ ਸ਼ੇਖ ਫਰੀਦ ਜੀ ਦੇ ਇਹ ਬਚਨ ਬੜੇ ਪ੍ਰੇਮ ਨਾਲ ਉਚਾਰਿਆ ਕਰਦੇ ਸਨ :
ਸਭਨਾ ਮਨ ਮਾਣਿਕ ਠਾਹੁਣ ਮੂਲ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿੱਕ ਹਿਆਉ ਨ ਠਾਹੇ ਕਹੀਦਾ
ਇਸ ਤੋਂ ਇਲਾਵਾ ਉਹ ਸ਼ਬਦ ‘ਪਾਤੀ ਤੈਰੋ ਮਾਲਿਨੀ ਪਾਤੀ ਪਾਤੀ ਜੀਓ’ ਵੀ ਬੜੇ ਵਿਸਮਾਦ ਵਿਚ ਗਾਇਆ ਕਰਦੇ ਸਨ। ਸ੍ਰੀ ਗੁਰੂ ਹਰਿ ਰਾਏ ਸਾਹਿਬ ਦੀ ਸ਼ਾਦੀ ਅਨੂਪ ਸ਼ਹਿਰ (ਯੂ. ਪੀ.) ਦੇ ਵਸਨੀਕ ਸ਼੍ਰੀ ਦਇਆ ਰਾਮ ਦੀ ਸਪੁੱਤਰੀ ਬੀਬੀ ਕ੍ਰਿਸ਼ਨ ਕੌਰ ਜੀ ਨਾਲ ਹੋਈ। ਆਪ ਜੀ ਦੇ ਘਰ ਦੋ ਸਪੁੱਤਰ ਸ੍ਰੀ ਰਾਮ ਰਾਏ ਅਤੇ ਸ੍ਰੀ ਹਰਿਕ੍ਰਿਸ਼ਨ ਜੀ ਪੈਦਾ ਹੋਏ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ 3 ਮਾਰਚ 1644 ਈ. ਨੂੰ ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ। ਉਸ ਤੋਂ ਪੰਜ ਦਿਨ ਬਾਅਦ 8 ਮਾਰਚ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਭਾਨਾ (ਸਪੁੱਤਰ ਬਾਬਾ ਬੁੱਢਾ ਸਾਹਿਬ) ਜੀ ਨੇ ਗੁਰੂ ਹਰਿ ਰਾਏ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਸੱਤਵੇਂ ਨਾਨਕ ਸ੍ਰੀ ਹਰਿ ਰਾਏ ਨੇ ਆਪਣੇ ਦਾਦਾ ਗੁਰੂ ਵਾਂਗ ਸਿੱਖਾਂ ਵਿਚੋਂ ਬੀਰ ਰਸ ਨੂੰ ਮੱਧਮ ਨਹੀਂ ਪੈਣ ਦਿੱਤਾ। 2000 ਤੋਂ ਵੀ ਵਧੇਰੇ ਸੈਨਿਕ ਜਿਥੇ ਯੁੱਧ ਕਲਾਵਾਂ ਦਾ ਅਕਸਰ ਅਭਿਆਸ ਕਰਦੇ ਰਹਿੰਦੇ ਸਨ, ਉਥੇ ਕਿਸੇ ਵੀ ਔਖੀ ਘੜੀ ਦਾ ਸਾਹਮਣਾ ਕਰਨ ਲਈ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਆਪ ਜੀ ਵੱਲੋਂ ਗੁਰੂ ਦੇ ਲੰਗਰ ਲਈ ਇਕ ਵਿਸ਼ੇਸ਼ ਹਦਾਇਤ ਸੀ ਕਿ ਭੁੱਖ ਦਾ ਕੋਈ ਸਮਾਂ ਨਹੀਂ ਹੁੰਦਾ, ਜਦੋਂ ਵੀ ਕੋਈ ਲੋੜਵੰਦ ਲੰਗਰ ਵਿਚ ਆ ਜਾਵੇ, ਉਸ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਛਕਾਇਆ ਜਾਵੇ। ਆਪ ਇੰਨੇ ਰਹਿਮ ਦਿਲ ਸਨ ਕਿ ਕਿਸੇ ਵੀ ਦੁਖੀ ਦੇ ਦੁੱਖ ਨੂੰ ਸਹਿਣ ਨਹੀਂ ਸਨ ਕਰ ਸਕਦੇ। ਇਸ ਲਈ ਰੋਗੀਆਂ ਨੂੰ ਨਿਰੋਗ ਕਰਨ ਲਈ ਉਨ੍ਹਾਂ ਨੇ ਇਕ ਦਵਾਖਾਨਾ ਵੀ ਖੋਲ੍ਹਿਆ ਹੋਇਆ ਸੀ। ਇਸ ਦਵਾਖਾਨੇ ਵਿਚੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਸਨ। ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ ਵੀ ਉਨ੍ਹਾਂ ਵੱਲੋਂ ਦਿੱਤੀਆਂ ਦਵਾਈਆਂ ਦੀ ਬਦੌਲਤ ਹੀ ਸਿਹਤਯਾਬ ਹੋਇਆ ਸੀ। ਇਥੇ ਹੀ ਬਸ ਨਹੀਂ, ਲੋੜ ਪੈਣ ‘ਤੇ ਗੁਰੂ ਸਾਹਿਬ ਨੇ ਦਾਰਾ ਸ਼ਿਕੋਹ ਦੀ ਮਦਦ ਵੀ ਕੀਤੀ। ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਆਪ ਨੇ ਆਪਣੇ ਜੇਠੇ ਪੁੱਤਰ ਰਾਮ ਰਾਇ ਨੂੰ ਭੇਜ ਦਿੱਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਔਰੰਗਜ਼ੇਬ ਦੇ ਦਰਬਾਰ ਵਿਚ ਜਾ ਕੇ ਜੋ ਵੀ ਬਚਨ ਬਿਲਾਸ ਕਰਨੇ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਦੇ ਅਨੁਸਾਰੀ ਹੋਣੇ ਚਾਹੀਦੇ ਹਨ ਪਰ ਗੁਰੂ ਸਾਹਿਬ ਦੀ ਹਦਾਇਤ ਦੇ ਉਲਟ ਰਾਮ ਰਾਇ ਨੇ ਬਾਦਸ਼ਾਹ ਨੂੰ ਖੁਸ਼ ਕਰਨ ਹਿੱਤ ਰੱਬੀ ਬਾਣੀ ਵਿਚ ਹੇਰ-ਫੇਰ ਕਰਦਿਆਂ ਮਿੱਟੀ ਮੁਸਲਮਾਨ ਕੀ ਵਾਲੀ ਪੰਕਤੀ ਨੂੰ ਮਿੱਟੀ ਬੇਈਮਾਨ ਕੀ ਕਹਿ ਕੇ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ ਪਰ ਗੁਰੂ ਨਾਨਕ ਦੇ ਘਰ ਨਾਲ ਸਦਾ ਵਾਸਤੇ ਨਾਰਾਜ਼ਗੀ ਮੁੱਲ ਲੈ ਲਈ।
ਗੁਰੂ ਹਰਿ ਰਾਏ ਸਾਹਿਬ  ਨੂੰ ਰਾਮ ਰਾਇ ਦੀ ਇਸ ਕਾਰਵਾਈ ਨਾਲ ਬੜਾ ਦੁੱਖ ਹੋਇਆ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਸਾਰੀ ਉਮਰ ਉਸ ਨੂੰ ਮੂੰਹ ਨਹੀਂ ਲਗਾਉਣਗੇ। ਇਸੇ ਕਰਕੇ ਉਨ੍ਹਾਂ ਨੇ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਪੁੱਤਰ ਸ੍ਰੀ (ਗੁਰੂ) ਹਰਿਕ੍ਰਿਸ਼ਨ ਨੂੰ ਬਣਾਇਆ ਸੀ। ਗੁਰੂ ਹਰਿ ਰਾਏ ਸਾਹਿਬ ਦਾ ਅਖੀਰਲਾ ਸਮਾਂ ਕੀਰਤਪੁਰ ਸਾਹਿਬ ਵਿਚ ਹੀ ਬੀਤਿਆ। ਉਹ 6 ਅਕਤੂਬਰ 1661 ਈ. (ਸੰਮਤ 1718) ਦਿਨ ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ।
-ਰਮੇਸ਼ ਬੱਗਾ ਚੋਹਲਾ
ਸਰਕਾਰਾਂ ਨੇ ਵਿਸਾਰਿਆ ਗਦਰੀ ਬਾਬੇ ਸੋਹਨ ਸਿੰਘ ਭਕਨਾ ਨੂੰ
ਮਹਾਨ ਦੇਸ਼ ਭਗਤ ਦੇ ‘ਗਦਰ’ ਪਾਰਟੀ ਦੇ ਬਾਨੀ ਦੀ ਯਾਦਗਾਰ ‘ਤੇ ਕੋਈ ਨਹੀਂ ਬਹੁੜਦਾ, ਪਰਿਵਾਰ ਵਾਲੇ ਮਨਾਉਂਦੇ ਹਨ ਬਾਬਾ ਜੀ ਦਾ ਜਨਮ ਦਿਨ
ਅੰਮ੍ਰਿਤਸਰ/ਬਿਊਰੋ ਨਿਊਜ਼
ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਲੰਬਾ ਸੰਘਰਸ਼ ਕਰਨ ਵਾਲੇ ਮਹਾਨ ਦੇਸ਼ ਭਗਤ ਯੋਧੇ ਤੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਨੂੰ ਅਣਗੌਲਿਆਂ ਜਾਂ ਵਿਸਾਰਿਆ ਨਹੀਂ ਜਾ ਸਕਦਾ ਪਰ ਅਜਿਹਾ ਮਹਿਸੂਸ ਹੋਇਆ ਉਹਨਾਂ ਦੇ ਜੱਦੀ ਪਿੰਡ ਭਕਨਾ ਵਿਖੇ ਜਾ ਕੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਲ ਦੀ ਹੂਕ ਸੁਣ ਕੇ। ਉਨ੍ਹਾਂ ਦੀ ਸੜਕ ਕੰਢੇ ਬਣੀ ਯਾਦਗਾਰ ਦੀ ਹਾਲਤ ਵੇਖ ਦਿਲ ਪਸੀਜਿਆ ਜਾਂਦਾ ਹੈ, ਜਿਸ ਦੀ ਦੇਖਭਾਲ ਪਰਿਵਾਰ ਵਾਲੇ ਕਰਦੇ ਹਨ, ਪਰ ਸਮੇਂ ਦੀਆਂ ਸਰਕਾਰਾਂ ਵਲੋਂ ਉਸ ਮਹਾਨ ਯੋਧੇ ਲਈ ਜਿਸ ਨੇ ਅਮਰੀਕਾ ਦੀ ਧਰਤੀ ‘ਤੇ ਜਾ ਕੇ ਗੋਰਿਆਂ ਖਿਲਾਫ ਆਵਾਜ਼ ਬੁਲੰਦ ਕੀਤੀ, ਕੁਝ ਨਹੀਂ ਕੀਤਾ ਗਿਆ।
ਮੰਜੇ ‘ਤੇ ਬੈਠੇ ਚਿੱਟੇ ਦਾਹੜੇ ਅਤੇ ਚੜ੍ਹਦੀ ਕਲਾ ਵਿਚ ਦਿਸਦੇ ਬਾਬਾ ਜੀ ਦੇ 82 ਸਾਲਾ ਪੋਤਰੇ ਸਾਬਕਾ ਸਰਪੰਚ ਹਜ਼ਾਰਾ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਰ ਸਾਲ 4 ਜਨਵਰੀ ਨੂੰ ਬਾਬਾ ਸੋਹਨ ਸਿੰਘ ਭਕਨਾ ਦਾ ਜਨਮ ਦਿਹਾੜਾ ਮਨਾਉਂਦਾ ਹੈ। ਸਰਕਾਰਾਂ ਵਲੋਂ ਉਚੇਚਾ ਕੁਝ ਨਹੀਂ ਕੀਤਾ ਜਾਂਦਾ। ਯਾਦਗਾਰ ‘ਤੇ ਜਾ ਪਿੰਡ ਦੇ ਚੌਕ ਜਾਂ ਹੋਰ ਢੁਕਵੀਂ ਥਾਂ ‘ਤੇ ਉਹਨਾਂ ਦਾ ਬੁੱਤ ਸਥਾਪਿਤ ਕਰਨ ਦਾ ਉਪਰਾਲਾ ਕਿਸੇ ਨਹੀਂ ਕੀਤਾ।
ਇਸ ਮੌਕੇ ਹਜ਼ਾਰਾ ਸਿੰਘ ਦੇ ਪੁੱਤਰ (ਬਾਬਾ ਸੋਹਣ ਸਿੰਘ ਭਕਨਾ ਦੇ ਪੜਪੋਤੇ) ਮਨਜੀਤ ਸਿੰਘ, ਗੁਰਦੀਪ ਸਿੰਘ, ਜਸਬੀਰ ਸਿੰਘ, ਜਸਵਿੰਦਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਗਿਲਾ ਕਰਦਿਆਂ ਕਿਹਾ ਕਿ ਉਹਨਾਂ ਸਰਕਾਰ ਕੋਲੋਂ ਪੇਸ਼ਕਸ਼ਾਂ ਦੇ ਬਾਵਜੂਦ ਕੋਈ ਨੌਕਰੀ ਨਹੀਂ ਲਈ, ਬਸ ਬਾਬਾ ਜੀ ਨੂੰ ਲੋਕ ਯਾਦ ਰੱਖਣ ਇਹੋ ਚਾਹੁੰਦੇ ਹਨ ਤਾਂ ਜੋ ਨਵੀਂ ਪੀੜ੍ਹੀ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇ।
ਕੌਮਾਂਤਰੀ ਪਛਾਣ ਵਾਲੇ ਪਿੰਡ ਭਕਨਾ ਕਲਾਂ ਬਾਰੇ : ਅੰਮ੍ਰਿਤਸਰੋਂ ਕੌਮਾਂਤਰੀ ਅਟਾਰੀ ਸਰਹੱਦ ਵੱਲ ਜਾਂਦਿਆਂ ਕਸਬਾ ਖਾਸੇ ਤੋਂ 5 ਕਿਲੋਮੀਟਰ ਦੂਰ ਦੱਖਣ ਵੱਲ ਸੜਕ ਦਾ ਰਸਤਾ ਹੈ। ਰਾਹ ਵਿਚ ਖਾਸਾ ਰੇਲਵੇ ਸਟੇਸ਼ਨ ਆਉਂਦਾ ਹੈ, ਜਿਥੋਂ ਰੇਲ ਗੱਡੀ ਅਟਾਰੀ ਸਟੇਸ਼ਨ ਨੂੰ ਜਾਂਦੀ ਹੈ ਜੋ ਪਾਕਿਸਤਾਨ ਜਾਂਦੀ ਹੈ। ਮੁੜਦਿਆਂ ਸਾਰ ਬਾਬਾ ਸੋਹਣ ਸਿੰਘ ਯਾਦਗਾਰੀ ਗੇਟ ਬਣਿਆ ਹੈ। ਭਕਨਾ ਕਲਾਂ ਆਲੇ-ਦੁਆਲੇ ਦੇ ਸਾਰੇ ਪਿੰਡਾਂ ਜਿਵੇਂ ਕਸੇਲ, ਚੀਦਾ, ਘਰਿੰਡਾ, ਰਾਮਪੁਰਾ, ਗੁਮਾਨਪੁਰਾ ਆਦਿ ਨਾਲ ਜੁੜਿਆ ਹੋਇਆ ਹੈ। ਪਿੰਡ ਵਿਚ ਪੁੱਜਣ ‘ਤੇ ਚੌਰਸਤਾ ਆਉਂਦਾ ਹੈ ਜਿਥੋਂ ਇਕ ਸੜਕ ਸਰਾਏ ਅਮਾਨਤ ਖਾਨ ਨੂੰ, ਇਕ ਸਡਕ ਖੱਬੇ ਪਾਸੇ ਨੂੰ ਬਾਬਾ ਬੁੱਢਾ ਸਾਹਿਬ ਝਬਾਲ ਨੂੰ ਜਾਂਦੀ ਹੈ, ਜਿੱਧਰ ਬਾਬਾ ਸੋਹਣ ਸਿੰਘ ਦੀ ਯਾਦਗਾਰ ਤੇ ਪਰਿਵਾਰ ਦਾ ਜੱਦੀ ਘਰ ਹੈ। ਸੱਜੇ ਪਾਸੇ ਨੂੰ ਜਾਂਦੀ ਸੜਕ ਅਟਾਰੀ ਨੂੰ ਚਲੀ ਜਾਂਦੀ ਹੈ।
ਬਾਬਾ ਜੀ ਦਾ ਪਰਿਵਾਰ : ਬਾਬਾ ਸੋਹਣ ਸਿੰਘ ਭਕਨਾ ਦੇ ਭਾਵੇਂ ਆਪਣੀ ਔਲਾਦ ਨਹੀਂ ਸੀ ਪਰ ਖਾਨਦਾਨ ਦਾ ਕੁਨਬੇ ਵਿਚ ਉਨ੍ਹਾਂ ਦੇ ਪੋਤਰੇ ਹਜ਼ਾਰਾ ਸਿੰਘ ਗਿੱਲ ਤੇ ਸਰਦੂਲ ਸਿੰਘ (ਮਰਹੂਮ) ਹਨ। ਸਰਦੂਲ ਸਿੰਘ ਦੇ ਪਰਿਵਾਰ ਵਿਚ ਪੁੱਤਰ ਗੁਰਵਿੰਦਰ ਸਿੰਘ, (ਪਤਨੀ ਮਨਜੀਤ ਕੌਰ, ਬੱਚੇ ਦੇਸਬੀਰ ਸਿੰਘ, ਨਵਜੋਤ ਕੌਰ), ਲਖਵਿੰਦਰ ਸਿੰਘ (ਪਤਨੀ ਪਰਮਜੀਤ ਕੌਰ, ਬੱਚੇ ਭੁਪਿੰਦਰ ਸਿੰਘ, ਲੜਕੀ ਸੁਖਦੀਪ ਕੌਰ), ਸੁਖਵਿੰਦਰ ਸਿੰਘ (ਪਤਨੀ ਰਾਜਵਿੰਦਰ ਕੌਰ, ਬੱਚੇ ਰਣਧੀਰ ਸਿੰਘ ਤੇ ਚਤਿਨਬੀਰ ਸਿੰਘ ਤੇ ਕਿਰਨਜੀਤ ਕੌਰ), ਮਨਿੰਦਰ ਸਿੰਘ (ਪਤਨੀ ਮਨਦੀਪ ਕੌਰ, ਬੱਚੇ ਅਜੈਪਾਲ ਸਿੰਘ, ਰਣਬੀਰ ਸਿੰਘ), ਅਮਰੀਕ ਸਿੰਘ (ਬੱਚੇ ਹਰਪ੍ਰੀਤ ਸਿੰਘ, ਜਸਕਰਨ ਸਿੰਘ ਤੇ ਗਗਨਦੀਪ ਕੌਰ)। ਹਜ਼ਾਰਾ ਸਿੰਘ ਗਿੱਲ ਦੇ ਪਰਿਵਾਰ ਵਿਚ ਬੇਟੇ ਮਨਜੀਤ ਸਿੰਘ (ਪਤਨੀ ਸੁਖਵਿੰਦਰ ਕੌਰ, ਬੱਚੇ ਅੰਮ੍ਰਿਤਪਾਲ ਸਿੰਘ, ਗੁਰਪਾਲ ਸਿੰਘ, ਸੁਖਜਿੰਦਰ ਕੌਰ, ਸਤਿੰਦਰਬੀਰ ਕੌਰ), ਗੁਰਦੀਪ ਸਿੰਘ (ਪਤਨੀ ਰਾਜਬੀਰ ਕੌਰ, ਬੱਚੇ ਗੁਰਸੇਵਕ ਸਿੰਘ, ਗੁਰਨੂਰ ਸਿੰਘ, ਸੁਖਜੀਤ ਕੌਰ), ਜਸਬੀਰ ਸਿੰਘ (ਨਿਰਮਲਜੀਤ ਕੌਰ, ਬੱਚੇ ਮਨਸੁੱਖ ਪ੍ਰੀਤ ਸਿੰਘ, ਵਤਨਨੂਰ ਸਿੰਘ), ਜਸਵਿੰਦਰ ਸਿੰਘ (ਪਤਨੀ ਰਾਜਵਿੰਦਰ ਕੌਰ, ਬੱਚੇ ਮਨਜਿੰਦਰ ਸਿੰਘ, ਅਰਸ਼ਪ੍ਰੀਤ ਕੌਰ)।
ਸਮਾਜ ਸੇਵਾ ਦੇ ਰਾਹ ‘ਤੇ ਜਸਬੀਰ ਸਿੰਘ ਗਿੱਲ : ਬਾਬਾ ਜੀ ਦੇ ਪਰਿਵਾਰ ਦਾ ਚਿਰਾਗ ਜਸਬੀਰ ਸਿੰਘ ਗਿੱਲ ਸਮਾਜ ਸੇਵਾ ਦੇ ਰਾਹ ‘ਤੇ ਲੰਬੇ ਸਮੇਂ ਤੋਂ ਚੱਲ ਰਹੇ ਹਨ। ਨਸ਼ਿਆਂ ਤੇ ਹੋਰ ਬੁਰਾਈਆਂ ਖਿਲਾਫ 19 ਤੋਂ ਜ਼ਿਆਦਾ ਪੈਦਲ ਯਾਤਰਾਵਾਂ ਕਰ ਚੁੱਕੇ ਹਨ।
ਅਜੇ ਵੀ ਮੌਜੂਦ ਹੈ ਜਾਮਣ ਦਾ ਦਰੱਖਤ
ਬਾਬਾ ਸੋਹਣ ਸਿੰਘ ਭਕਨਾ ਘਰ ਦੇ ਵਿਹੜੇ ਵਿਚ ਲੱਗੇ ਜਾਮਣ ਦੇ ਦਰੱਖਤ ਥੱਲੇ ਬੈਠ ਕੇ ਕੁਝ ਨਾਂ ਕੁਝ ਲਿਖਦੇ ਰਹਿੰਦੇ ਸਨ। ਇਹ ਦਰੱਖਤ ਅੱਜ ਵੀ ਮੌਜੂਦ ਹੈ। ਹਜ਼ਾਰਾ ਸਿੰਘ ਗਿੱਲ ਹੁਰਾਂ ਦੱਸਿਆ ਕਿ ਬਾਬਾ ਜੀ ਨੇ ਆਪਣੀ ਆਤਮ ਕਥਾ ‘ਜੀਵਨ ਸੰਗਰਾਮ’ ਨੂੰ ਇਸ ਰੁੱਖ ਥੱਲੇ ਬੈਠ ਕੇ ਲਿਖਿਆ। ਉਹ ਭਾਵੇਂ ਪਰਿਵਾਰਕ ਮਜਬੂਰੀਆਂ ਕਰਕੇ ਬਹੁਤਾ ਨਾ ਪੜ੍ਹ ਲਿਖ ਸਕੇ, ਪਰ ਹਮੇਸ਼ਾ ਲੋਕਾਂ ਨੂੰ ਵਿੱਦਿਆ ਹਾਸਲ ਕਰਨ ਦੀ ਪ੍ਰੇਰਨਾ ਦਿੰਦੇ ਰਹੇ। ਇਸੇ ਕਰਕੇ ਉਹਨਾਂ ਆਪਣੀ ਜ਼ਮੀਨ ਪਿੰਡ ਵਿਚ ਸਕੂਲ ਖੋਲ੍ਹਣ ਲਈ ਦਿੱਤੀ ਜਿੱਥੇ ਹੁਣ ‘ਬਾਬਾ ਸੋਹਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾ ਕਲਾਂ’ ਸਥਾਪਿਤ ਹੈ।
ਬਾਬਾ ਜੀ ਦਾ ਮੇਜ਼ ਵੀ ਹੈ ਜਿੱਥੇ ਉਹ ਪੜ੍ਹਦੇ ਸਨ
ਬਾਬਾ ਜੀ ਦੀ ਕੋਈ ਨਿਸ਼ਾਨੀ ਪੁੱਛਣ ‘ਤੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਇਕ ਮੇਜ਼ ਵਿਖਾਇਆ ਜੋ ਬਿਆਰ ਦੀ ਲੱਕੜੀ ਦਾ ਬਾਬਾ ਜੀ ਨੇ ਖੁਦ ਬਣਵਾਇਆ ਸੀ। ਇਸ ਮੇਜ਼ ‘ਤੇ ਬਾਬਾ ਸੋਹਨ ਸਿੰਘ ਪੜ੍ਹਦੇ ਹੁੰਦੇ ਸਨ। ਉਹਨਾਂ ਦੇ ਪੋਤਰੇ ਅਤੇ ਪਿੰਡ ਮਾਲੂਵਾਲ ਦੇ ਸਰਬਸੰਮਤੀ ਨਾਲ ਬਣਦੀ ਰਹੀ ਪੰਚਾਇਤ ਦੇ ਲੰਬਾ ਸਮਾਂ ਸਰਪੰਚ ਰਹੇ ਅਤੇ ਹੁਣ ਯਾਦਗਾਰ ਕਮੇਟੀ ਦੇ ਕਰਤਾ-ਧਰਤਾ 82 ਸਾਲਾ ਹਜ਼ਾਰਾ ਸਿੰਘ ਗਿੱਲ ਨੇ ਦੱਸਿਆ ਕਿ ਬਾਬਾ ਸੋਹਣ ਸਿੰਘ ਭਕਨਾ ਬਹੁਤ ਲੇਰ ਤੇ ਆਮ ਲੋਕਾਂ ਦੇ ਦਰਦ ‘ਤੇ ਹਾਅ ਦਾ ਨਾਅਰੇ ਮਾਰਨ ਵਾਲੇ ਸਨ, ਜਿਨ੍ਹਾਂ ਨੇ ਪਿੰਡ ਤੇ ਇਲਾਕੇ ਦੀ ਭਲਾਈ ਲਈ ਬਹੁਤ ਕੰਮ ਕੀਤਾ ਸੀ।
ਖਾਮੋਸ਼ ਬੀਤੇ ਦੀ ਕਹਾਣੀ ਕਹਿੰਦੀ ਹੈ ਯਾਦਗਾਰ :ਬੀਤੇ ਸਮੇਂ ਦੀ ਕਹਾਣੀ ਬਿਆਨ ਕਰਦੀ ਸਕੂਲ ਨੇੜੇ ਬਣੀ ਯਾਦਗਾਰ ਜਿੱਥੇ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ, ਦੀ ਹਾਲਤ ਸੁਧਾਰ ਦੀ ਮੰਗ ਕਰਦੀ ਹੈ।
ਪਰਿਵਾਰਕ ਮੈਂਬਰ ਜਸਬੀਰ ਸਿੰਘ ਨੇ ਦੱਸਿਆ ਕਿ ਯਾਦਗਾਰ ‘ਤੇ ਬਣੇ ਕਮਰਿਆਂ ਦੇ ਜੰਦਰੇ ਕਿਸੇ ਸ਼ਰਾਰਤੀ ਅਨਸਰ ਨੇ ਚੋਰੀ ਕਰਨ ਦੇ ਇਰਾਦੇ ਨਾਲ ਕੁਝ ਦਿਨ ਪਹਿਲਾਂ ਤੋੜ ਦਿੱਤੇ ਜਿੱਥੇ ਬਾਬਾ ਜੀ ਦੇ ਜੀਵਨ ਨਾਲ ਸਬੰਧਤ ਕੁਝ ਦੁਰਲਭ ਤਸਵੀਰਾਂ ਪਈਆਂ ਹਨ। ਇਸ ਯਾਦਗਾਰ ਦੀ ਖਾਸੀਅਤ ਇਹ ਹੈ ਕਿ ਇੱਥੇ ਗਦਰ ਪਾਰਟੀ ਦੇ ਮਨੋਰਥ ਦਾ ਸੁਨੇਹਾ ਦਿੰਦਾ ਪੱਥਰ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਅੰਤਿਮ ਸਮੇਂ ਪਿੰਡ ਪੁੱਜਣ ‘ਤੇ ਸਥਾਪਿਤ ਕੀਤਾ, ਜਿਸ ‘ਤੇ ਉਨ੍ਹਾਂ ਖੁਦ ਲਿਖਵਾਇਆ ਸੀ, ‘ਨੌਜਵਾਨੋ, ਉਠੋ, ਯੁੱਗ ਪਲਟ ਗਿਆ ਹੈ, ਆਪਣੇ ਕਰਤਬ ਨੂੰ ਪੂਰਾ ਕਰੋ। ਹਰ ਪ੍ਰਕਾਰ ਦੀ ਦਾਸਤਾ ਕੀ ਆਰਥਿਕ, ਕੀ ਰਾਜਨੀਤਕ ਤੇ ਕੀ ਸਮਾਜਿਕ ਜੜ੍ਹੋਂ ਉਖਾੜ ਸੁੱਟੋ। ਮਨੁੱਖਤਾ ਹੀ ਸੱਚਾ ਧਰਮ ਹੈ। ਜੈ ਜਨਤਾ!’ … ਸੋਹਨ ਸਿੰਘ ਭਕਨਾ (ਬਾਬਾ)।
ਯਾਦਗਾਰ ਦੇ ਗੇਟ ‘ਤੇ ਇਨਕਲਾਬ ਜ਼ਿੰਦਾਬਾਦ ਅਤੇ ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ‘ਵਤਨ ਪਰ ਮਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ’ ਵੀ ਲਿਖਿਆ ਹੈ ਅਤੇ ਗਦਰ ਪਾਰਟੀ ਦਾ ਝੰਡਾ ਤੇ ਤਿਰੰਗਾ ਝੂਲ ਰਿਹਾ ਹੈ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …