ਬ੍ਰਿਸਬਨ/ਬਿਊਰੋ ਨਿਊਜ਼ : ਆਸਟਰੇਲੀਆ ਵਿਚ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨੂੰ ਕਤਲ ਕਰਨ ਵਾਲੇ ਐਂਥਨੀ ਓ ਡੋਨੋਹੀਊ ਨੂੰ ਅਦਾਲਤ ਨੇ 10 ਸਾਲ ਦੀ ਫਾਰੈਂਸਿਕ ਸਜ਼ਾ ਸੁਣਾਈ ਹੈ। ਐਂਥਨੀ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਸ ਨੂੰ ਸਖ਼ਤ ਨਿਗਰਾਨੀ ਹੇਠ ਬ੍ਰਿਸਬਨ ਦੇ ‘ਦਿ ਪਾਰਕ ਮੈਂਟਲ ਹੈਲਥ ਫੈਸੀਲਿਟੀ’ ਵਿਚ ਜ਼ੇਰੇ-ਇਲਾਜ ਰੱਖਿਆ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਮਾਨਸਿਕ ਰੋਗੀ ਹੀ ਰਹੇਗਾ ਅਤੇ ਉਸ ਦੇ ਠੀਕ ਹੋਣ ਦੀ ਸੰਭਾਵਨਾ ਘੱਟ ਹੀ ਹੈ। ਅਦਾਲਤ ਨੇ ਕਿਹਾ ਕਿ ਫ਼ੈਸਲੇ ਮਗਰੋਂ ਐਂਥਨੀ ਖਿਲਾਫ਼ ਕੋਈ ਅਪਰਾਧਿਕ ਕੇਸ ਨਹੀਂ ਚੱਲੇਗਾ। ਜ਼ਿਕਰਯੋਗ ਹੈ ਕਿ ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਮਨਮੀਤ ਅਲੀਸ਼ੇਰ ਬ੍ਰਿਸਬਨ ਵਿਚ ਬੱਸ ਡਰਾਈਵਰ ਸੀ। 28 ਅਕਤੂਬਰ 2016 ਨੂੰ ਮਨਮੀਤ ਅਲੀਸ਼ੇਰ ਜਦੋਂ ਡਿਊਟੀ ‘ਤੇ ਸੀ ਤਾਂ ਉਸ ਉਪਰ ਵਿਅਕਤੀ ਨੇ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਸੀ ਜਿਸ ਮਗਰੋਂ ਮਨਮੀਤ ਦੀ ਮੌਤ ਹੋ ਗਈ ਸੀ। ਦੋਸ਼ੀ ਉੱਤੇ ਬੱਸ ਵਿਚਲੇ ਹੋਰ 14 ਵਿਅਕਤੀਆਂ ਨੂੰ ਮਾਰਨ ਦੇ ਜੋ ਦੋਸ਼ ਲੱਗੇ ਸਨ, ਉਹ ਵੀ ਅਦਾਲਤ ਨੇ ਖਾਰਜ ਕਰ ਦਿੱਤੇ ਹਨ।
ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹੈ ਮਨਮੀਤ ਦਾ ਪਰਿਵਾਰ
ਸੰਗਰੂਰ : ਬ੍ਰਿਸਬਨ ਅਦਾਲਤ ਵੱਲੋਂ ਮਨਮੀਤ ਅਲੀਸ਼ੇਰ ਦੀ ਹੱਤਿਆ ਦੇ ਦੋਸ਼ੀ ਨੂੰ ਦਸ ਸਾਲ ਮੈਂਟਲ ਵਾਰਡ ਵਿੱਚ ਰੱਖਣ ਦੀ ਸੁਣਾਈ ਸਜ਼ਾ ਤੋਂ ਪੀੜਤ ਪਰਿਵਾਰ ਸੰਤੁਸ਼ਟ ਨਹੀਂ ਹੈ। ਕਰੀਬ 22 ਮਹੀਨਿਆਂ ਮਗਰੋਂ ਆਏ ਫੈਸਲੇ ਬਾਰੇ ਮਨਮੀਤ ਅਲੀਸ਼ੇਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਦਾਲਤ ਵੱਲੋਂ ਦੋਸ਼ ਦੀ ਧਾਰਾ ਲਾਗੂ ਕੀਤੇ ਬਗੈਰ ਹੀ ਮੁਲਜ਼ਮ ਨੂੰ ਵਿਸ਼ੇਸ਼ ਸਹੂਲਤਾਂ ਵਾਲੇ ਮੈਂਟਲ ਵਾਰਡ ਵਿੱਚ ਭੇਜ ਦਿੱਤਾ ਗਿਆ। ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਨੇ ਕਿਹਾ ਕਿ ਮੁਲਜ਼ਮ ਨੂੰ ਪਹਿਲੇ ਜੀਵਨ ਤੋਂ ਵੀ ਵੱਧ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਮਨਮੀਤ ਅਲੀਸ਼ੇਰ ਦਾ ਦੂਜੀ ਵਾਰ ਕਤਲ ਹੋਇਆ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਸਟਰੇਲੀਆ ਸਰਕਾਰ ਇਹ ਦਬਾਅ ਬਣਾਉਂਦੀ ਆ ਰਹੀ ਸੀ ਕਿ ਇਸ ਘਟਨਾ ਨੂੰ ਨਸਲੀ ਹੱਤਿਆ ਨਾ ਮੰਨਿਆ ਜਾਵੇ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …