Breaking News
Home / ਦੁਨੀਆ / ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦਾ ਸਾਥ ਦਿਆਂਗਾ : ਬਿਡੇਨ

ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦਾ ਸਾਥ ਦਿਆਂਗਾ : ਬਿਡੇਨ

ਰਾਸ਼ਟਰਪਤੀ ਚੁਣੇ ਜਾਣ ਦੀ ਸੂਰਤ ਵਿਚ ਭਾਰਤ ਨੂੰ ਹੋਰ ਖ਼ਤਰਿਆਂ ਨਾਲ ਨਜਿੱਠਣ ‘ਚ ਵੀ ਸਾਥ ਦੇਣ ਦਾ ਭਰੋਸਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਹੈ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਖ਼ਤਰਿਆਂ ਤੇ ਚੁਣੌਤੀਆਂ ਨਾਲ ਨਜਿੱਠਣ ਵਿਚ ਭਾਰਤ ਦੇ ਨਾਲ ਖੜ੍ਹੇਗਾ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨੂੰ ਜਿਹੜੇ ਖ਼ਤਰਿਆਂ ਦਾ ਖਿੱਤੇ ਵਿਚ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੋਰ ਜੋ ਵੀ ਸਰਹੱਦੀ ਵਿਵਾਦ ਹਨ, ਜੇ ਉਹ ਚੁਣੇ ਜਾਂਦੇ ਹਨ ਤਾਂ ਅਮਰੀਕਾ ਭਾਰਤ ਦਾ ਇਨ੍ਹਾਂ ਨਾਲ ਨਜਿੱਠਣ ਵਿਚ ਸਾਥ ਦੇਵੇਗਾ। ਬਿਡੇਨ (77) ਨੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਨੇੜੇ ਲਿਆਉਣ ਵਾਲੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਉਨ੍ਹਾਂ ਦਾ ਨੇੜਿਓਂ ਰਾਬਤਾ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਬਿਡੇਨ ਨੇ ਭਾਰਤੀ ਮੂਲ ਦੀ ਸੈਨੇਟਰ ઠਕਮਲਾ ਹੈਰਿਸ (55) ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਤਾਰਨ ਦਾ ਐਲਾਨ ਕੀਤਾ ਹੈ। ਬਿਡੇਨ ਜੋ ਕਿ ਓਬਾਮਾ ਪ੍ਰਸ਼ਾਸਨ ਵਿਚ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ, ਨੇ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਦਰਾਂ ਸਾਲ ਪਹਿਲਾਂ ਉਹ ਦੋਵਾਂ ਮੁਲਕਾਂ ਵਿਚਾਲੇ ਇਤਿਹਾਸਕ ਪ੍ਰਮਾਣੂ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਅਗਵਾਈ ਕਰ ਰਹੇ ਸਨ। ਬਿਡੇਨ ਨੇ ਕਿਹਾ ਕਿ ਉਹ ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਦੇ ਵਿਸਤਾਰ ਲਈ ਯਤਨ ਕਰਨਗੇ। ਇਸ ਤੋਂ ਇਲਾਵਾ ਜਲਵਾਯੂ ਤਬਦੀਲੀ ਤੇ ਆਲਮੀ ਸਿਹਤ ਸੁਰੱਖਿਆ ਵਰਗੀਆਂ ਚੁਣੌਤੀਆਂ ਨਾਲ ਵੀ ਰਲ-ਮਿਲ ਕੇ ਨਜਿੱਠਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਲੋਕਤੰਤਰ ਦੀ ਮਜ਼ਬੂਤੀ ਲਈ ਕੰਮ ਕਰਨਗੇ ਕਿਉਂਕਿ ਵਿਭਿੰਨਤਾ ਭਾਰਤ ਅਤੇ ਅਮਰੀਕਾ ਦੀ ਸਾਂਝੀ ਤਾਕਤ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਉਹ ਦੋਵਾਂ ਮੁਲਕਾਂ ਅਤੇ ਲੋਕਾਂ ਵਿਚਾਲੇ ਰਿਸ਼ਤਿਆਂ ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿਣ ਦਾ ਅਹਿਦ ਲੈਂਦੇ ਹਨ। ਬਿਡੇਨ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਹਲਕੇ ਡੈਲਾਵੇਅਰ, ਸੈਨੇਟ ਵਿਚ ਉਨ੍ਹਾਂ ਦੇ ਸਟਾਫ਼ ਤੇ ਓਬਾਮਾ ਪ੍ਰਸ਼ਾਸਨ ਵਿਚ ਸਭ ਤੋਂ ਵੱਧ ਭਾਰਤੀਆਂ ਦੀ ਹਿੱਸੇਦਾਰੀ ਰਹੀ ਹੈ। ਅਮਰੀਕੀ ਇਤਿਹਾਸ ਵਿਚ ਅਜਿਹੀ ਉਦਾਹਰਣ ਕੋਈ ਹੋਰ ਨਹੀਂ ਹੈ। ਡੈਮੋਕ੍ਰੈਟ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਭਾਰਤੀਆਂ ਦੀ ਵੱਡੀ ਸ਼ਮੂਲੀਅਤ ਹੈ। ਕਮਲਾ ਹੈਰਿਸ ਅਮਰੀਕਾ ਦੇ ਇਤਿਹਾਸ ਵਿਚ ਉਪ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਪਹਿਲੀ ਭਾਰਤੀ-ਅਮਰੀਕੀ ਹੈ। ਬਿਡੇਨ ਨੇ ਕਿਹਾ ਕਿ ਹੈਰਿਸ ਬੇਹੱਦ ਸਿਆਣੀ ਹੈ, ਪਰਖ਼ੀ ਹੋਈ ਤੇ ਤਿਆਰ ਹੈ। ਉਨ੍ਹਾਂ ਕਿਹਾ ਕਿ ਕਮਲਾ ਦੀ ਮਾਂ ਵੱਲੋਂ ਪਰਵਾਸ ਕਰਕੇ ਅਮਰੀਕਾ ਪਹੁੰਚਣ ਦੀ ਕਹਾਣੀ ਵੀ ਬੇਮਿਸਾਲ ਹੈ, ਬੜੀ ਹਿੰਮਤ ਨਾਲ ਉਨ੍ਹਾਂ ਆਪਣੀਆਂ ਧੀਆਂ ਨੂੰ ਇਸ ਮੁਕਾਮ ਉਤੇ ਪਹੁੰਚਾਇਆ ਹੈ। ਜ਼ਿਕਰਯੋਗ ਹੈ ਕਿ ਕਰੀਬ 13 ਲੱਖ ਭਾਰਤੀ-ਅਮਰੀਕੀਆਂ ਦੇ ਨਵੰਬਰ ਦੀਆਂ ਚੋਣਾਂ ਵਿਚ ਵੋਟ ਪਾਉਣ ਦੀ ਸੰਭਾਵਨਾ ਹੈ।
ਬਿਡੇਨ ਵੱਲੋਂ ਐੱਚ-1ਬੀ ਵੀਜ਼ਾ ਪ੍ਰਣਾਲੀ ਤੇ ਗ੍ਰੀਨ ਕਾਰਡ ਕੋਟੇ ‘ਚ ਸੋਧ ਦਾ ਭਰੋਸਾ
ਜੋਅ ਬਿਡੇਨ ਨੇ ਨਸਲੀ ਨਫ਼ਰਤ ਦਾ ਸ਼ਿਕਾਰ ਹੋਣ ਵਾਲਿਆਂ, ਅਵਾਸ ਪ੍ਰਣਾਲੀ ਵਿਚ ਬਦਲਾਅ ਤੇ ਐੱਚ-1ਬੀ ਵੀਜ਼ਾ ਨੇਮਾਂ ਵਿਚ ਤਬਦੀਲੀਆਂ ਤੋਂ ਪ੍ਰੇਸ਼ਾਨ ਭਾਰਤੀਆਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ‘ਤੇ ਉਹ ਐੱਚ-1ਬੀ ਵੀਜ਼ਾ ਪ੍ਰਣਾਲੀ ਵਿਚ ਸੁਧਾਰ ਕਰਨਗੇ। ਇਸ ਤੋਂ ਇਲਾਵਾ ਗ੍ਰੀਨ ਕਾਰਡ ਲਈ ਮੁਲਕਾਂ ਦੇ ਹਿਸਾਬ ਨਾਲ ਰੱਖਿਆ ਕੋਟਾ ਵੀ ਖ਼ਤਮ ਕਰਨ ਲਈ ਯਤਨ ਕਰਨਗੇ। ਬਿਡੇਨ ਨੇ ਹਾਜ਼ਰ ਲੋਕਾਂ ਨੂੰ ਭਰੋਸਾ ਦਿਵਾਇਆ ਕਿ ‘ਉਨ੍ਹਾਂ ਦੇ ਸੁਪਨਿਆਂ ਦਾ ਅਮਰੀਕਾ ਮੁੜ ਸਿਰਜਿਆ ਜਾਵੇਗਾ।’
ਕਮਲਾ ਹੈਰਿਸ ਵ੍ਹਾਈਟ ਹਾਊਸ ਵਿੱਚ ਸੇਵਾਵਾਂ ਨਿਭਾਉਣ ਦੀ ਯੋਗਤਾ ਪੂਰੀ ਨਹੀਂ ਕਰਦੀ : ਟਰੰਪ
ਵਾਸ਼ਿੰਗਟਨ : ਅਮਰੀਕਾ ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ‘ਜਨਮ ਦੇ ਮੂਲ ਸਥਾਨ’ ਬਾਰੇ ‘ਸਾਜ਼ਿਸ਼ੀ’ ਵਿਵਾਦ ਵਿੱਚ ਘਿਰ ਗਈ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਉਸ ਨੇ ਸੁਣਿਆ ਹੈ ਹੈਰਿਸ ਵ੍ਹਾਈਟ ਹਾਊਸ ਵਿੱਚ ਸੇਵਾਵਾਂ ਨਿਭਾਉਣ ਦੀਆਂ ਯੋਗਤਾਵਾਂ ਨੂੰ ਪੂਰਾ ਨਹੀਂ ਕਰਦੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬਾਰੇ ਵੀ ਇਸੇ ਤਰ੍ਹਾਂ ਦੇ ਵਿਵਾਦ ਪੈਦਾ ਹੋਏ ਸਨ ਜਦੋਂ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਜਨਮ ਸਥਾਨ ਬਾਰੇ ਸਵਾਲ ਕੀਤੇ ਸਨ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਲਈ ਉਮੀਦਵਾਰ ਜੋਏ ਬਿਡੇਨ ਨੇ ਹੈਰਿਸ (55) ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ। ਹੈਰਿਸ ਦੇ ਪਿਤਾ ਦਾ ਜਨਮ ਜਮਾਇਕਾ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਮਾਂ ਭਾਰਤੀ ਸੀ। ਡਾ. ਜੌਨ ਈਸਟਮੈਨ, ਜਿਸ ਨੇ ਸਭ ਤੋਂ ਪਹਿਲਾਂ ਹੈਰਿਸ ਦੇ ਜਨਮ ਸਥਾਨ ਬਾਰੇ ਸੁਆਲ ਚੁੱਕਿਆ ਸੀ। ਬਿਡੇਨ ਨੇ ਇਨ੍ਹਾਂ ਗੱਲਾਂ ਨੂੰ ਨਸਲੀ ਕਰਾਰ ਦਿੱਤਾ ਹੈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …