ਪ੍ਰਭਾਵਿਤ ਖੇਤਰ ‘ਚੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ
ਕੈਲੀਫੋਰਨੀਆ : ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲਾਂ ਵਿਚ ਇਕ ਵਾਰੀ ਫਿਰ ਅੱਗ ਲੱਗੀ ਹੈ। ਅਕਤੂਬਰ ਵਿਚ ਵੀ ਅੱਗ ਨੇ ਇੱਥੋਂ ਦੇ ਜੰਗਲਾਂ ਨੂੰ ਝੁਲਸਾਇਆ ਸੀ। ਇਸ ਵਾਰੀ ਲਾਸ ਏਂਜਲਸ ਦੇ ਉਤਰ ਤੋਂ 70 ਮੀਲ ਦੀ ਦੂਰੀ ‘ਤੇ ਵੈਂਟੂਰਾ ਅਤੇ ਸੇਂਟ ਪਾਲ ਇਲਾਕੇ ‘ਚ ਲੱਗੀ ਅੱਗ ਨਾਲ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ‘ਤੇ ਮਜਬੂਰ ਹੋਣਾ ਪਿਆ ਹੈ। ਲੰਘੇ ਸੋਮਵਾਰ ਨੂੰ ਲੱਗੀ ਅੱਗ ਹਵਾ ਦੇ ਕਾਰਨ ਹੋਰ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਅੱਗ ਨਾਲ ਹੁਣ ਤੱਕ ਲਗਭਗ 50 ਹਜ਼ਾਰ ਏਕੜ ਜ਼ਮੀਨ ‘ਤੇ ਲੱਗੇ ਦਰੱਖਤ-ਬੂਟੇ ਸੁਆਹ ਹੋ ਚੁੱਕੇ ਹਨ। ਸੈਂਕੜੇ ਇਮਾਰਤਾਂ ਨੁਕਸਾਨੀਆਂ ਹੋਈਆਂ ਹਨ। ਬਿਜਲੀ ਦੀ ਸਪਲਾਈ ਠੱਪ ਹੈ। ਕੈਲੀਫੋਰਨੀਆ ਦੇ ਗਵਰਨਰ ਜ਼ੈਰੀ ਬਰਾਊਨ ਨੇ ਪ੍ਰਭਾਵਿਤ ਇਲਾਕੇ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅੱਗ ਦੇ ਕਾਰਨ ਛਾਏ ਧੂੰਏਂ ਕਾਰਨ ਆਸ-ਪਾਸ ਦੇ ਇਲਾਕਿਆਂ ਵਿਚ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ। ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਲੰਘੇ ਅਕਤੂਬਰ ਵਿਚ ਲੱਗੀ ਅੱਗ ਨਾਲ ਕਰੀਬ 40 ਵਿਅਕਤੀਆਂ ਦੀਆਂ ਜਾਨਾਂ ਗਈਆਂ ਸਨ।
ਪੰਜਾਬੀ ਨੌਜਵਾਨ ਦੀ ਆਕਲੈਂਡ ਦੇ ਬੀਚ ‘ਚ ਡੁੱਬਣ ਨਾਲ ਮੌਤ
ਆਕਲੈਂਡ : ਲੰਘੇ ਸ਼ੁੱਕਰਵਾਰ ਜਿਸ 21 ਸਾਲਾ ਨੌਜਵਾਨ ਦੀ ਮੌਤ ਮਾਓਰੀ ਬੀਚ (ਨੇੜੇ ਮੁਈਵਾਈ) ਉਤੇ ਹੋਈ ਸੀ ਉਹ ਲੁਧਿਆਣਾ ਸ਼ਹਿਰ ਦਾ 21 ਸਾਲਾ ਮੁੰਡਾ ਅਖਿਲ ਤਾਂਗੜੀ ਸੀ। ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਉਹ ਬੀਚ ਉਤੇ ਆਪਣੇ ਦੋ ਦੋਸਤਾਂ ਨਾਲ ਘੁੰਮਣ ਗਿਆ। ਉਥੇ ਜਾ ਕੇ ਉਹ ਪਾਣੀ ਵਿਚ ਤੈਰ ਕੇ ਮਨੋਰੰਜਨ ਕਰਨ ਲੱਗੇ। ਐਨੇ ਨੂੰ ਇਕ ਛੱਲ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ ਜੋ ਕਿ ਉਸਦੀ ਮੌਤ ਦਾ ਕਾਰਨ ਬਣੀ। ਪੁਲਿਸ ਨੇ ਸ਼ੁੱਕਰਵਾਰ ਇਸ ਘਟਨਾ ਸਬੰਧੀ 3.35 ਉਤੇ ਰਿਪੋਰਟ ਪ੍ਰਾਪਤ ਕੀਤੀ ਅਤੇ ਐਮਜੈਂਸੀ ਸੇਵਾਵਾਂ ਵੀ ਲਈਆਂ ਗਈਆਂ ਪਰ ਉਸਨੂੰ ਬਚਾ ਨਾ ਸਕੀਆਂ ਤੇ ਉਸਦੀ ਲਾਸ਼ ਹੀ ਬਾਹਰ ਕੱਢੀ ਜਾ ਸਕੀ। ਇਹ ਮੁੰਡਾ ਜੁਲਾਈ ਮਹੀਨੇ ਹੀ ਆਕਲੈਂਡ ਵਿਖੇ ਪੜ੍ਹਨ ਆਇਆ ਸੀ। ਭਾਰਤੀ ਹਾਈ ਕਮਿਸ਼ਨ ਇਸ ਦੁੱਖ ਦੀ ਘੜੀ ਪਰਿਵਾਰ ਦੇ ਨਾਲ ਸੰਪਰਕ ਵਿਚ ਹੈ।