ਮਿਸ਼ੇਲ ਓਬਾਮਾ ਨੇ ਕਿਹਾ – ਟਰੰਪ ਅਮਰੀਕਾ ਲਈ ਗਲਤ ਰਾਸ਼ਟਰਪਤੀ
ਵਾਸ਼ਿੰਗਟਨ/ਬਿਊਰੋ ਨਿਊਜ਼
ਡੈਮੋਕਰੇਟਾਂ ਦੇ ਕੌਮੀ ਸੰਮੇਲਨ ਦੌਰਾਨ ਵੱਖ-ਵੱਖ ਆਗੂਆਂ ਨੇ 3 ਨਵੰਬਰ ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਸਾਰੇ ਅਮਰੀਕੀਆਂ ਨੂੰ ਇਕਜੁੱਟ ਹੋ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਉਣ ਦਾ ਸੱਦਾ ਦਿੱਤਾ। ਕਰੋਨਾਵਾਇਰਸ ਦੇ ਮੱਦੇਨਜ਼ਰ ਇਹ ਸੰਮੇਲਨ ਆਨਲਾਈਨ ਹੀ ਕੀਤਾ ਗਿਆ। ਇਸ ਮੌਕੇ ਮਿਸ਼ੇਲ ਓਬਾਮਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਡੋਨਾਲਡ ਟਰੰਪ ਜੇਕਰ ਦੂਜੀ ਵਾਰ ਰਾਸ਼ਟਰਪਤੀ ਬਣਦੇ ਹਨ ਤਾਂ ਅਮਰੀਕਾ ਦੇ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਜੀਵਨ ਨੂੰ ਮੁੱਖ ਰੱਖ ਕੇ ਵੋਟ ਪਾਉਣੀ ਚਾਹੀਦੀ ਹੈ। ਮਿਸ਼ੇਲ ਓਬਾਮਾ ਨੇ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਭਾਵੁਕ ਭਾਸ਼ਣ ਦਿੱਤਾ ਅਤੇ ਟਰੰਪ ਉੱਤੇ ਸਿੱਧੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ ਸਾਡੇ ਦੇਸ਼ ਲਈ ਗ਼ਲਤ ਰਾਸ਼ਟਰਪਤੀ ਹਨ। ਮਿਸ਼ੇਲ ਨੇ ਕਿਹਾ, ‘ਅਸੀਂ ਇੱਕ ਬੁਰੀ ਤਰ੍ਹਾਂ ਵੰਡੇ ਹੋਏ ਮੁਲਕ ਵਿਚ ਰਹਿ ਰਹੇ ਹਾਂ। ਜੇਕਰ ਅਸੀਂ ਇਸ ਵੰਡ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਜੋਅ ਬਿਡੇਨ ਨੂੰ ਵੋਟ ਪਾਉਣੀ ਪਵੇਗੀ ਕਿਉਂਕਿ ਸਾਡੀਆਂ ਜ਼ਿੰਦਗੀਆਂ ਇਸੇ ‘ਤੇ ਨਿਰਭਰ ਕਰਦੀਆਂ ਹਨ।’
ਕਮਲਾ ਹੈਰਿਸ ਨੇ ਕਿਹਾ ਕਿ ਉਹ ਸਾਰੇ ਇੱਕੋ ਹੀ ਮਕਸਦ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ ਇਹ ਕਦੀ ਨਹੀਂ ਮੰਨਣਗੇ ਕਿ ਅਸੀਂ ਵੀ ਅਮਰੀਕੀ ਹਾਂ। ਡੈਮੋਕਰੇਟ ਸੰਸਦ ਮੈਂਬਰ ਬਰਨੀ ਸੈਂਡਰਸ ਨੇ ਕਿਹਾ ਕਿ ਡੋਨਾਲਡ ਟਰੰਪ ਅਮਰੀਕੀ ਲੋਕਤੰਤਰ ਲਈ ਖਤਰਾ ਹਨ ਤੇ ਵਿਗਿਆਨ ਪ੍ਰਤੀ ਉਨ੍ਹਾਂ ਦੀ ਨਾਸਮਝੀ ਨੇ ਅਰਥਚਾਰੇ ਤੇ ਅਮਰੀਕੀਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਦਿੱਤਾ ਹੈ। ਸੈਨੇਟਰ ਕੋਰੀ ਬੁੱਕਰ ਨੇ ਕਿਹਾ ਕਿ ਡੋਨਾਲਡ ਟਰੰਪ ਨੂੰ ਹਰਾਉਣ ਲਈ ਉਨ੍ਹਾਂ ਕੋਲ ਇੱਕ ਹੀ ਮੌਕਾ ਹੈ ਤੇ ਉਹ ਮੌਕਾ ਹੁਣ ਹੀ ਹੈ।
ਸੈਨੇਟਰ ਐਮੀ ਕਲੋਬੁਚਰ ਨੇ ਦੋਸ਼ ਲਾਇਆ ਕਿ ਟਰੰਪ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਕਰੋਨਾ ਮਹਾਮਾਰੀ ਤੇ ਆਰਥਿਕ ਸੰਕਟ ਨਾਲ ਨਜਿੱਠਣ ਸਬੰਧੀ ਸਵਾਲਾਂ ਦਾ ਜਵਾਬ ਵੀ ਨਹੀਂ ਦੇ ਰਹੇ।
ਭਾਰਤੀ ਮੂਲ ਦੀ ਡੈਮੋਕਰੇਟ ਸਿਆਸੀ ਆਗੂ ਸਾਰਾ ਗਿਡੀਓ ਨੇ ਕਿਹਾ ਕਿ ਜੋਅ ਬਿਡੇਨ ਦੇ ਜਿੱਤਣ ਤੇ ਡੈਮੋਕਰੇਟਾਂ ਦੇ ਸੈਨੇਟ ਵਿਚ ਜਾਣ ਨਾਲ ਅਮਰੀਕੀ ਅਰਥਚਾਰੇ ਨੂੰੰ ਲੀਹ ‘ਤੇ ਲਿਆਇਆ ਜਾ ਸਕਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …