
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਹੈ ਕਿ ਉਹ ਭਾਰਤ ਅਤੇ ਚੀਨ ਨੂੰ ਟੈਰਿਫ ਦੇ ਨਾਮ ’ਤੇ ਧਮਕਾਉਣਾ ਬੰਦ ਕਰੇ। ਪੂਤਿਨ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਟਰੰਪ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਵਲਾਦੀਮੀਰ ਪੂਤਿਨ ਨੇ ਕਿਹਾ ਕਿ ਭਾਰਤ ਅਤੇ ਚੀਨ ਦਾ ਇਤਿਹਾਸ ਹਮਲਿਆਂ ਨਾਲ ਭਰਿਆ ਹੋਇਆ ਹੈ। ਜੇਕਰ ਇਨ੍ਹਾਂ ਦੇਸ਼ਾਂ ਦਾ ਕੋਈ ਨੇਤਾ ਕਮਜ਼ੋਰੀ ਦਿਖਾਏਗਾ ਤਾਂ ਉਸਦਾ ਸਿਆਸੀ ਕਰੀਅਰ ਖਤਮ ਹੋ ਸਕਦਾ ਹੈ। ਧਿਆਨ ਰਹੇ ਕਿ ਟਰੰਪ ਭਾਰਤ ’ਤੇ ਕਈ ਵਾਰ ਆਰੋਪ ਲਗਾ ਚੁੱਕੇ ਹਨ ਕਿ ਭਾਰਤ ਰੂਸੀ ਤੇਲ ਖਰੀਦਦਾ ਹੈ ਅਤੇ ਯੂਕਰੇਨ ਜੰਗ ਵਿਚ ਰੂਸ ਦਾ ਸਾਥ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਟਰੰਪ ਆਪਣੇ ਟੈਰਿਫ ਨੂੰ ਜੰਗ ਸੁਲਝਾਉਣ ਵਾਲਾ ਹਥਿਆਰ ਦੱਸ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਸੀ ਕਿ ਟੈਰਿਫ ਨੀਤੀ ਨਾਲ ਅਮਰੀਕਾ ਨੂੰ ਹੋਰ ਤਾਕਤ ਮਿਲਦੀ ਹੈ।

