ਸੁਨੀਲ ਜਾਖੜ ਨੇ ਕਿਹਾ : ਡੱਲੇਵਾਲ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ
ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 28ਵੇਂ ਦਿਨ ਵੀ ਜਾਰੀ ਰਿਹਾ। ਧਿਆਨ ਰਹੇ ਕਿ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਵੀ ਹੁਣ ਚਿੰਤਾਜਨਕ ਹੋ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਡੱਲੇਵਾਲ ਨੂੰ ਮਿਲਣ ਤਾਂ ਜਾ ਰਹੇ ਹਨ, ਪਰ ਮਸਲੇ ਦਾ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਚ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ ਤੇ ਉਨ੍ਹਾਂ ਦੀ ਵਿਗੜ ਰਹੀ ਸਿਹਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਡੱਲੇਵਾਲ ਨੂੰ ਮਿਲਣ ਜਾ ਰਹੇ ਆਗੂਆਂ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਉਨ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਤੇ ਨਾ ਹੀ ਕਿਸੇ ਆਗੂ ਨੇ ਉਨ੍ਹਾਂ ਨੂੰ ਮਰਨ ਵਰਤ ਖਤਮ ਕਰਨ ਲਈ ਨਹੀਂ ਕਿਹਾ ਹੈ। ਜਾਖੜ ਨੇ ਅੱਗੇ ਕਿਹਾ ਕਿ ਡੱਲੇਵਾਲ ਦੀ ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਪਹਿਲਾਂ ਸਾਰੇ ਉਨ੍ਹਾਂ ਦੀ ਜਾਨ ਬਚਾਉਣ ਵੱਲ ਧਿਆਨ ਦੇਣ।