
ਕਿਰਨ ਰਿਜੀਜੂ ਨੇ ਕਿਹਾ : ਰਾਹੁਲ ਅਤੇ ਖੜਗੇ ਸੰਸਦ ’ਚ ਮੰਗਣ ਮੁਆਫੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਹੋਈ ਕਾਂਗਰਸ ਦੀ ਇਕ ਰੈਲੀ ਵਿਚ ਲੰਘੇ ਕੱਲ੍ਹ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਹੋਈ ਨਾਅਰੇਬਾਜ਼ੀ ਦੇ ਵਿਰੋਧ ਵਿਚ ਸੰਸਦ ’ਚ ਅੱਜ ਹੰਗਾਮਾ ਹੁੰਦਾ ਰਿਹਾ। ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਮਲਿਕਅਰਜੁਨ ਖੜਗੇ ਨੂੰ ਇਸ ਸਦਨ ਰਾਹੀਂ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਰਿਜੀਜੂ ਨੇ ਕਾਂਗਰਸ ਦੀ ਰੈਲੀ ਵਿਚ ਪੀਐਮ ਮੋਦੀ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਲੰਘੇ ਕੱਲ੍ਹ ਕਾਂਗਰਸ ਦੀ ਇਕ ਰੈਲੀ ਵਿਚ, ਪ੍ਰਧਾਨ ਮੰਤਰੀ ਮੋਦੀ ਦੀ ਕਬਰ ਖੋਦਣ ਦੀ ਗੱਲ ਹੋਈ ਸੀ। ਰਿਜੀਜੂ ਨੇ ਕਾਂਗਰਸ ਦੀ ਇਸ ਟਿੱਪਣੀ ਨੂੰ ਦੁਖਦਾਈ ਦੱਸਿਆ। ਉਨ੍ਹਾਂ ਕਿਹਾ ਕਿ ਇਸ ਦੇਸ਼ ਲਈ ਇਸ ਤੋਂ ਵੱਧ ਸ਼ਰਮਨਾਕ ਅਤੇ ਮੰਦਭਾਗਾ ਕੁਝ ਨਹੀਂ ਹੋ ਸਕਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਰਿਜੀਜੂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਸ ਸਦਨ ਰਾਹੀਂ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

