
ਇਕ ਪਾਸੇ ਦਾ ਕਿਰਾਇਆ ਪ੍ਰਤੀ ਵਿਅਕਤੀ ਚਾਰ ਹਜਾਰ ਰੁਪਏ ਰੱਖਿਆ
ਅੰਮਿ੍ਰਤਸਰ/ਬਿਊਰੋ ਨਿਊਜ਼
ਰੇਲ ਤੇ ਹਵਾਈ ਮਾਰਗ ਤੋਂ ਬਾਅਦ ਹੁਣ ਅੰਮਿ੍ਰਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਪ੍ਰਾਈਵੇਟ ਬੱਸ ਸੇਵਾ ਸੁਰੂ ਹੋ ਗਈ ਹੈ ਜਿਸ ਤਹਿਤ ਪਹਿਲੀ ਬੱਸ ਅੰਮਿ੍ਰਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਈ। ਇਹ ਬੱਸ ਸੇਵਾ ਇੰਡੋ ਕੈਨੇਡੀਅਨ ਬੱਸ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹ ਬੱਸ ਹਫਤੇ ਵਿੱਚ ਚਾਰ ਦਿਨ ਅੰਮਿ੍ਰਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਚੱਲੇਗੀ ਅਤੇ ਚਾਰ ਦਿਨ ਨਾਂਦੇੜ ਤੋਂ ਅੰਮਿ੍ਰਤਸਰ ਲਈ ਚੱਲੇਗੀ। ਇਸ ਬੱਸ ਨੂੰ ਸ੍ਰੀ ਹਜੂਰ ਸਾਹਿਬ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ ਹੈ। ਇੰਡੋ ਕੈਨੇਡੀਅਨ ਬੱਸ ਸਰਵਿਸ ਦੇ ਮੈਨੇਜਰ ਅਪਰੇਸ਼ਨ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਬੱਸ ਸੇਵਾ ਤਹਿਤ ਬੱਸ ਹਫਤੇ ਵਿੱਚ ਚਾਰ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਅੰਮਿ੍ਰਤਸਰ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਅੰਮਿ੍ਰਤਸਰ ਵਾਸਤੇ ਹਫਤੇ ਵਿੱਚ ਚਾਰ ਵਾਰ ਐਤਵਾਰ, ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਸਵੇਰੇ 8 ਵਜੇ ਰਵਾਨਾ ਹੋਵੇਗੀ।