Breaking News
Home / ਪੰਜਾਬ / ਪੰਜਾਬ ਦੇ ਸਿਆਸੀ ਅਖਾੜੇ ‘ਚ ਨਿੱਤਰੇ ਕਈ ਉਮੀਦਵਾਰ

ਪੰਜਾਬ ਦੇ ਸਿਆਸੀ ਅਖਾੜੇ ‘ਚ ਨਿੱਤਰੇ ਕਈ ਉਮੀਦਵਾਰ

ਕਾਂਗਰਸ ਨੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ, ਫਰੀਦਕੋਟ ਤੋਂ ਮੁਹੰਮਦ ਸਦੀਕ ਅਤੇ ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਨੂੰ ਬਣਾਇਆ ਉਮੀਦਵਾਰ
ਚੰਡੀਗੜ੍ਹ : ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਦੇ ਤਿੰਨ ਹੋਰ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ ਨੌਂ ਹੋ ਗਈ ਹੈ। ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਆਈ.ਏ.ਐੱਸ. ਅਧਿਕਾਰੀ ਡਾ. ਅਮਰ ਸਿੰਘ, ਫ਼ਰੀਦਕੋਟ ਤੋਂ ਗਾਇਕ ਮੁਹੰਮਦ ਸਦੀਕ ਅਤੇ ਖਡੂਰ ਸਾਹਿਬ ਤੋਂ ਸੀਨੀਅਰ ਕਾਂਗਰਸ ਆਗੂ ਜਸਬੀਰ ਸਿੰਘ ਡਿੰਪਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ, ਜਿਸ ਵਿਚ ਪੰਜਾਬ ਦੇ ਤਿੰਨ ਹਲਕਿਆਂ ਦੇ ਉਮੀਦਵਾਰਾਂ ਦਾ ਫੈਸਲਾ ਕੀਤਾ ਗਿਆ। ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇ ਕਈ ਦਾਅਵੇਦਾਰ ਸਨ ਪਰ ਉਨ੍ਹਾਂ ਸਾਰਿਆਂ ਉਪਰ ਡਾ. ਅਮਰ ਸਿੰਘ ਭਾਰੂ ਪਏ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਟਿਕਟ ਦਿੱਤੇ ਜਾਣ ਦਾ ਇਸ਼ਾਰਾ ਮਿਲ ਗਿਆ ਸੀ, ਜਿਸ ਕਰਕੇ ਉਨ੍ਹਾਂ ਨੇ ਹਲਕੇ ਵਿਚ ਵਰਕਰ ਮੀਟਿੰਗਾਂ ਸ਼ੁਰੂ ਕਰਕੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਬਾਕਾਇਦਾ ਉਨ੍ਹਾਂ ਦੇ ਨਾਂ ‘ਤੇ ਮੋਹਰ ਲਾ ਦਿੱਤੀ ਹੈ। ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਤਿੰਨ ਤਕੜੇ ਦਾਅਵੇਦਾਰ ਸਨ, ਜਿਨ੍ਹਾਂ ਵਿੱਚੋਂ ਜਸਬੀਰ ਸਿੰਘ ਡਿੰਪਾ ਟਿਕਟ ਲੈਣ ਵਿਚ ਸਫਲ ਹੋ ਗਏ। ਇਸ ਹਲਕੇ ਤੋਂ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਟਿਕਟ ਹਾਸਲ ਕਰਨ ਲਈ ਕਾਫੀ ਯਤਨ ਕੀਤੇ ਸਨ। ਇਸ ਹਲਕੇ ਤੋਂ ਦਿਲਚਸਪ ਮੁਕਾਬਲਾ ਹੋਣ ਦੇ ਆਸਾਰ ਹਨ ਕਿਉਂਕਿ ਹਲਕੇ ਤੋਂ ਬੀਬੀ ਜਗੀਰ ਕੌਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਖਾਲੜਾ ਦੀ ਪਤਨੀ ਚੋਣ ਮੈਦਾਨ ਵਿਚ ਹਨ। ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਲੀਡਰਸ਼ਿਪ ਵਾਲਮੀਕ ਭਾਈਚਾਰੇ ਦੇ ਕਿਸੇ ਆਗੂ ਨੂੰ ਟਿਕਟ ਦੇਣਾ ਚਾਹੁੰਦੀ ਸੀ ਪਰ ਹਲਕੇ ਵਿਚ ਕੋਈ ਵੀ ਕੱਦਵਾਰ ਨੇਤਾ ਨਾ ਹੋਣ ਕਰਕੇ ਪੰਜਾਬੀ ਗਾਇਕ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਗਈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …