Breaking News
Home / ਪੰਜਾਬ / ਚੋਣ ਕਮਿਸ਼ਨ ਨੇ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਸ਼ਤਾਬਦੀ ਸਮਾਗਮ ਮਨਾਉਣ ਦੀ ਨਹੀਂ ਦਿੱਤੀ ਮਨਜੂਰੀ

ਚੋਣ ਕਮਿਸ਼ਨ ਨੇ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਸ਼ਤਾਬਦੀ ਸਮਾਗਮ ਮਨਾਉਣ ਦੀ ਨਹੀਂ ਦਿੱਤੀ ਮਨਜੂਰੀ

ਕੀ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਸ਼ਤਾਬਦੀ ਸਮਾਗਮ ਤੋਂ ਜ਼ਰੂਰੀ ਹਨ ਲੋਕ ਸਭਾ ਚੋਣਾਂ?
ਰਾਸ਼ਟਰਵਾਦੀ ਪੀ.ਐਮ. ਮੋਦੀ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਚੇਅਰਮੈਨ
ਚੋਣ ਜ਼ਾਬਤਾ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਸ਼ਤਾਬਦੀ ਸਮਾਗਮਾਂ ‘ਤੇ ਪਿਆ ਭਾਰੀ
ਦੇਸ਼ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਕੀ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਵਿਚ ਹੋਈ ਹਜ਼ਾਰਾਂ ਲੋਕਾਂ ਦੀ ਸ਼ਹਾਦਤ ਤੋਂ ਵੱਡੀਆਂ ਹਨ? ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਜੋ ਲੋਕ ਸਭਾ ਚੋਣਾਂ ਵਿਚ ਸੱਤਾ ਹਾਸਲ ਕਰਨ ਲਈ ਕਾਹਲੀਆਂ ਹਨ, ਕੀ ਉਹ ਭੁੱਲ ਗਈਆਂ ਹਨ ਕਿ ਅਜ਼ਾਦੀ ਦੀ ਲੜਾਈ ਵਿਚ ਲੱਖਾਂ ਲੋਕਾਂ ਦੀ ਸ਼ਹਾਦਤ ਤੋਂ ਬਾਅਦ ਹੀ ਸੱਤਾ ਦੇ ਹੱਕਦਾਰ ਬਣੇ ਹਨ? ਇਹ ਸਵਾਲ ਇਸ ਲਈ ਹੈ ਕਿ ਚੋਣ ਜ਼ਾਬਤੇ ਕਰਕੇ ਚੋਣ ਕਮਿਸ਼ਨ ਨੇ ਜਲਿਆਂਵਾਲਾ ਬਾਗ ਕਤਲ ਕਾਂਡ ਦਾ ਸ਼ਤਾਬਦੀ ਸਮਾਗਮ ਵੱਡੇ ਪੱਧਰ ‘ਤੇ ਮਨਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਦੀ ਵੱਡੇ ਪੱਧਰ ‘ਤੇ ਆਯੋਜਨ ਹੋ ਸਕਣਗੇ। ਇਸ ਤੋਂ ਵੱਡੀ ਸ਼ਰਮਨਾਕ ਗੱਲ ਸਾਡੇ ਲੋਕਤੰਤਰ ਵਿਚ ਕੀ ਹੋ ਸਕਦੀ ਹੈ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਰਾਸ਼ਟਰਵਾਦ ਦੀ ਰਟ ਲਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਸਰਕਾਰ ਵਲੋਂ ਗਠਿਤ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਹੋਣ। ਮੋਦੀ ਚਾਹੁੰਦੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੀ ਸਹਿਮਤੀ ਤੋਂ ਬਿਨਾ ਚੋਣ ਕਮਿਸ਼ਨ ਦੇ ਦਖਲ ਦੇ ਵੱਡੇ ਪੱਧਰਾਂ ‘ਤੇ ਸਮਾਗਮਾਂ ਦਾ ਆਯੋਜਨ ਕਰਵਾ ਸਕਦੇ ਸਨ ਕਿਉਂਕਿ ਇਹ ਪ੍ਰੋਗਰਾਮ ਸਾਰੇ ਦੇਸ਼ ਵਾਸੀਆਂ ਦਾ ਸਾਂਝਾ ਪ੍ਰੋਗਰਾਮ ਸੀ। ਇੱਥੇ ਫਿਰ ਤੋਂ ਇਨਾਂ ਲਾਈਨਾਂ ਨੂੰ ਦੁਹਰਾਉਣ ਦੀ ਲੋੜ ਪੈ ਗਈ ਹੈ ਕਿ ‘ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ੩ .. .।’
ਜਲ੍ਹਿਆਂਵਾਲਾ ਬਾਗ ਕਤਲ ਕਾਂਡ
13 ਅਪ੍ਰੈਲ, 2019 ਨੂੰ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਨੂੰ 100 ਸਾਲ ਪੂਰੇ ਹੋ ਜਾਣਗੇ। ਇਸ ਦਿਨ ਪੰਜਾਬ ਸੂਬੇ ਦੇ ਅੰਮ੍ਰਿਤਸਰ ਵਿਚ ਗੋਲਡਨ ਟੈਂਪਲ ਕੋਲ ਜਲ੍ਹਿਆਂਵਾਲਾ ਬਾਗ ਵਿਚ ਜਨਰਲ ਡਾਇਰ ਦੀ ਅਗਵਾਈ ਵਿਚ ਅੰਗਰੇਜ਼ੀ ਫੌਜ ਨੇ ਅੰਨੇਵਾਹ ਫਾਇਰਿੰਗ ਕਰਕੇ ਸੈਂਕੜੇ ਨਿਹੱਥੇ ਭਾਰਤੀਆਂ ਨੂੰ ਮਾਰ ਦਿੱਤਾ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਿਚ 10 15 ਮਿੰਟ ਦੇ ਅੰਦਰ ਕੁੱਲ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਬ੍ਰਿਟਿਸ਼ ਸਰਕਾਰ ਦੇ ਅੰਕੜਿਆਂ ਮੁਤਾਬਕ ਇਸ ਘਟਨਾ ਵਿਚ ਕੁੱਲ 379 ਲੋਕ ਮਾਰੇ ਗਏ ਸਨ ਪਰ ਗੈਰ ਸਰਕਾਰੀ ਅੰਕੜਿਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਵੱਧ ਸੀ। ਜ਼ਿਕਰਯੋਗ ਹੈ ਕਿ ਮਾਰਚ, 1919 ਵਿਚ ਬ੍ਰਿਟਿਸ਼ ਉਪ ਨਿਵੇਸ਼ ਸਰਕਾਰ ਨੇ ਰੋਲੇਟ ਐਕਟ ਪਾਸ ਕੀਤਾ, ਜਿਸ ਦੇ ਤਹਿਤ ਦੇਸ਼ ਧਰੋਹ ਦੇ ਦੋਸ਼ੀ ਨੂੰ ਬਿਨਾ ਮੁਕੱਦਮੇ ਦੇ ਜੇਲ ਵਿਚ ਸੁੱਟਣ ਦਾ ਪ੍ਰਬੰਧ ਸੀ। ਇਸੇ ਦਾ ਵਿਰੋਧ ਕਰਨ ਵਾਲਿਆਂ ਲਈ ਬਾਗ ਵਿਚ ਲਗਭਗ 20,000 ਵਿਅਕਤੀ ਇਕੱਠੇ ਹੋਏ ਸਨ।
ਦੇਖੋ ਇੰਝ ਸ਼ੁਰੂ ਹੁੰਦੀ ਹੈ ਸਿਆਸਤ
ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਚੇਅਰਮੈਨਸ਼ਿਪ ਵਿਚ ਚੱਲਣ ਵਾਲੇ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਟਰੱਸਟੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਹਨ। ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਨੂੰ ਗੈਰ ਸਿਆਸੀ ਬਣਾਉਣ ਲਈ ਇਕ ਮਤਾ ‘ਤੇ ਕੇਂਦਰ ਸਰਕਾਰ ਮੋਹਰੀ ਵੀ ਲਗਾ ਚੁੱਕੀ ਹੈ। ਕੌਮੀ ਯਾਦਗਾਰੀ ਆਰਡੀਨੈਂਸ 1951 ਵਿਚ ਵਿਵਸਥਾ ਕੀਤੀ ਗਈ ਸੀ ਕਿ ਇਸ ਦਾ ਮੁਖੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਵੇਗਾ ਪਰ 13 ਫਰਵਰੀ 2019 ਨੂੰ ਇਸ ਵਿਵਸਥਾ ਵਿਚ ਸੋਧ ਕਰਕੇ ਇਸ ਆਰਡੀਨੈਂਸ ਨੂੰ ਖਤਮ ਕਰ ਦਿੱਤਾ ਗਿਆ। ਇਸ ‘ਤੇ ਵੀ ਕਾਂਗਰਸ ਦਾ ਇਲਜ਼ਾਮ ਹੈ ਕਿ ਇਹ ਆਰਡੀਨੈਂਸ ਸਿਰਫ ਕਾਂਗਰਸ ਪ੍ਰਧਾਨ ਨੂੰ ਟਰੱਸਟੀ ਦੇ ਅਹੁਦੇ ਤੋਂ ਹਟਾਉਣ ਲਈ ਹੀ ਹੈ।
ਵੱਡੇ ਪੱਧਰ ‘ਤੇ ਮਨਾਉਣਾ ਚਾਹੁੰਦੇ ਸੀ ਸ਼ਤਾਬਦੀ ਸਾਲ, ਚੋਣ ਕਮਿਸ਼ਨ ਨੇ ਹੱਥ ਬੰਨ੍ਹ ਦਿੱਤੇ : ਅਮਰਿੰਦਰ
ਸੂਬਾ ਸਰਕਾਰ ਨੇ ਸ਼ਤਾਬਦੀ ਸਾਲ ਵੱਡੇ ਪੱਧਰ ‘ਤੇ ਮਨਾਉਣ ਦੀਆਂ ਯੋਜਨਾਵਾਂ ਕੀਤੀਆਂ ਸਨ, ਪਰ ਚੋਣ ਕਮਿਸ਼ਨ ਨੇ ਹੱਥ ਬੰਨ ਦਿੱਤੇ ਹਨ। ਚੋਣ ਜ਼ਾਬਤਾ ਲੱਗਾ ਹੋਣ ਕਰਕੇ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਸਮਾਗਮਾਂ ਦੇ ਆਯੋਜਨ ਦੀ ਚੋਣ ਕਮਿਸ਼ਨ ਇਜਾਜ਼ਤ ਨਹੀਂ ਦੇ ਰਿਹਾ। ਇਸ ਲਈ 12 ਅਪ੍ਰੈਲ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਕੈਂਡਲ ਮਾਰਚ ਕੱਢਿਆ ਜਾਵੇਗਾ। 13 ਅਪ੍ਰੈਲ ਦੀ ਸਵੇਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਉਣਗੇ, ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ।
ਟਰੱਸਟ ਦੇ ਚੇਅਰਮੈਨ ਹੁੰਦੇ ਹੋਏ ਵੀ ਮੋਦੀ ਨਹੀਂ ਲੈ ਸਕੇ ਫੀਡਬੈਕ
ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਨਰਿੰਦਰ ਮੋਦੀ ਨੇ ਖੁਦ ਵੀ ਕਦੇ ਬਾਗ ਦੀ ਸੁੱਧ ਨਹੀਂ ਲਈ। ਭਾਵੇਂ ਭਾਜਪਾ ਲੋਕ ਸਭਾ ਚੋਣਾਂ ਹੀ ਰਾਸ਼ਟਰਵਾਦ ਦੇ ਮੁੱਦੇ ‘ਤੇ ਲੜ ਰਹੀ ਹੈ। ਕੇਂਦਰ ਸਰਕਾਰ ਨੇ ਦੇਸ਼ ਭਗਤੀ ਦੇ ਜਜ਼ਬੇ ਨੂੰ ਸਲਾਮ ਹੈ ਕਿ ਸਰਕਾਰ ਨੇ 100 ਕਰੋੜ ਰੁਪਏ ਸ਼ਤਾਬਦੀ ਸਾਲ ਦੇ ਸਮਾਗਮ ਲਈ ਜਾਰੀ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜਾਣਕਾਰੀ ਮੁਤਾਬਕ ਲਗਭਗ 15 ਕਰੋੜ ਰੁਪਏ ਜਾਰੀ ਵੀ ਹੋ ਚੁੱਕੇ ਹਨ। ਯਾਦਗਾਰ ਵਿਚ ਨਾ ਤਾਂ ਕਿਸੇ ਤਰਾਂ ਦਾ ਕੋਈ ਨਵਾਂ ਨਿਰਮਾਣ ਹੋਇਆ ਹੈ ਅਤੇ ਨਾ ਹੀ ਕਿਸੇ ਤਰਾਂ ਦੇ ਸਮਾਗਮਾਂ ਦੀ ਸ਼ੁਰੂਆਤ। ਅਪ੍ਰੈਲ 2019 ਤੱਕ ਜਲ੍ਹਿਆਂਵਾਲਾ ਬਾਗ ਯਾਦਗਾਰ ਵਿਚ ਬੰਦ ਪਏ ਲਾਈਟ ਐਂਡ ਸਾਊਂਡ ਪ੍ਰੋਗਰਾਮ, ਦਰਦਨਾਕ ਹਾਦਸੇ ਨੂੰ ਦਰਸਾਉਂਦੀ ਡਾਕੂਮੈਂਟਰੀ ਫਿਲਮ, ਲੇਜ਼ਰ ਸ਼ੋਅ ਆਦਿ ਦਾ ਨਵ ਨਿਰਮਾਣ ਵੀ ਠੰਡੇ ਬਸਤੇ ਵਿਚ ਪਿਆ ਹੈ। ਸੱਚਾਈ ਤਾਂ ਇਹ ਹੈ ਕਿ ਨਰਿੰਦਰ ਮੋਦੀ ਨੇ ਸ਼ਤਾਬਦੀ ਸਮਾਗਮਾਂ ਤੇ ਬਾਗ ਦੇ ਸੁੰਦਰੀਕਰਨ ਲਈ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ।
ਮੋਦੀ ਨੇ ਜਲ੍ਹਿਆਂਵਾਲਾ ਬਾਗ ਲਈ ਕੁਝ ਨਹੀਂ ਕੀਤਾ : ਸਿੱਧੂ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਂਝ ਤਾਂ ਕੇਂਦਰ ਸਰਕਾਰ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ, ਪਰ ਜਲ੍ਹਿਆਂਵਾਲਾ ਬਾਗ ਦੇ ਮਾਣਮੱਤੇ ਇਤਿਹਾਸ ਦੀ 100ਵੀਂ ਵਰੇਗੰਢ ਨੂੰ ਧੂਮ ਧਾਮ ਨਾਲ ਮਨਾਉਣ ਲਈ ਜਲਿਆਂਵਾਲਾ ਬਾਗ ਟਰੱਸਟ ਦੇ ਚੇਅਰਮੈਨ ਨਰਿੰਦਰ ਮੋਦੀ ਨੇ ਅੱਜ ਤੱਕ ਨਾ ਤਾਂ ਖੁਦ ਕੁਝ ਕੀਤਾ ਅਤੇ ਨਾ ਹੀ ਪੰਜਾਬ ਸਰਕਾਰ ਨੂੰ ਇਸ ਇਤਿਹਾਸਕ ਖਜ਼ਾਨੇ ਦੀ ਡਿਵੈਲਪਮੈਂਟ ਕਰਨ ਦੀ ਇਜਾਜ਼ਤ ਦਿੱਤੀ, ਜਿਸ ਕਾਰਨ 100ਵੀਂ ਵਰੇਗੰਢ ਨੂੰ ਧੂਮ ਧਾਮ ਨਾਲ ਮਨਾਉਣ ਦੀਆਂ ਪੰਜਾਬ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਧਰੀਆਂ ਰਹਿ ਗਈਆਂ ਹਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …