ਨਰਿੰਦਰ ਮੋਦੀ ਨੇ ਨਾਰੀ ਸ਼ਕਤੀ ਦੀ ਕੀਤੀ ਗੱਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਅੰਗਦਾਨ ਕਰਨ ਵਾਲਿਆਂ ਦੀ ਸ਼ਲਾਘਾ ਕਰਦਿਆਂ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਡੋਨਰ ਅਬਾਬਤ ਕੌਰ ਦਾ ਉਚੇਚਾ ਜ਼ਿਕਰ ਕੀਤਾ ਅਤੇ ਉਸ ਦੇ ਮਾਤਾ ਪਿਤਾ ਨਾਲ ਫੋਨ ‘ਤੇ ਗੱਲ ਵੀ ਕੀਤੀ। ਮੋਦੀ ਨੇ ਕਿਹਾ ਕਿ ਜੋ ਲੋਕ ਮਰਨ ਤੋਂ ਬਾਅਦ ਅੰਗਦਾਨ ਕਰਦੇ ਹਨ ਉਹ ਅੰਗ ਪ੍ਰਾਪਤ ਕਰਨ ਵਾਲਿਆਂ ਲਈ ‘ਰੱਬ ਵਰਗੇ’ ਹੁੰਦੇ ਹਨ।
ਇਸ ਲਈ ਅਜਿਹੀ ਤਰਜੀਹ ਬਹੁਤ ਸਾਰੀਆਂ ਜਾਨਾਂ ਬਚਾਅ ਸਕਦੀ ਹੈ। ਬੱਚੇ ਦੇ ਮਾਂ-ਬਾਪ ਨੇ ਪ੍ਰਧਾਨ ਮੰਤਰੀ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੱਚੀ ਕਿਸੇ ਦੂਜੇ ਨੂੰ ਹੀ ਜੀਵਨ ਦੇਣ ਲਈ ਧਰਤੀ ‘ਤੇ ਆਈ ਸੀ। ਪ੍ਰਧਾਨ ਮੰਤਰੀ ਨੇ ਅਬਾਬਤ ਸ਼ਬਦ ਨੂੰ ਲੈ ਕੇ ਉਚੇਚੇ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਅਰਥ ਹੀ ਦੂਜਿਆਂ ਦੀ ਸੇਵਾ ਕਰਨਾ ਹੈ। ਪ੍ਰਧਾਨ ਮੰਤਰੀ ਨੇ ਵਾਰੀ-ਵਾਰੀ ਮਾਤਾ ਅਤੇ ਪਿਤਾ ਦੋਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਇਸ ਦਲੇਰਾਨਾ ਕਦਮ ਲਈ ਉਨ੍ਹਾਂ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਅਬਾਬਤ ਤੋਂ ਇਲਾਵਾ 63 ਸਾਲਾ ਸਨੇਹ ਲਤਾ ਚੌਧਰੀ ਦੇ ਬੇਟੇ ਨਾਲ ਵੀ ਗੱਲ ਕਰਕੇ ਲੋਕਾਂ ਨੂੰ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਅੰਗਦਾਨ ਕਰਨ ਨਾਲ 8-9 ਲੋਕਾਂ ਨੂੰ ਜੀਵਨ ਦਾਨ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ 2022 ‘ਚ 15 ਹਜ਼ਾਰ ਲੋਕਾਂ ਨੇ ਅੰਗਦਾਨ ਕੀਤੇ। ਮੋਦੀ ਨੇ ਦੇਸ਼ ‘ਚ ਅੰਗਦਾਨ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ ‘ਤੇ ਵੀ ਚਰਚਾ ਕਰਦਿਆਂ ਕਿਹਾ ਕਿ ਇਸ ਸੰਬੰਧ ‘ਚ ਰਾਜਾਂ ਦੇ ਨਿਵਾਸ ਦੀ ਸ਼ਰਤ ਨੂੰ ਹਟਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਭਾਵ ਹੁਣ ਦੇਸ਼ ਦੇ ਕਿਸੇ ਵੀ ਰਾਜ ‘ਚ ਜਾ ਕੇ ਮਰੀਜ਼ ਅੰਗ ਪ੍ਰਾਪਤ ਕਰਨ ਲਈ ਰਜਿਸਟਰਡ ਕਰਵਾ ਸਕੇਗਾ। ਇਸ ਤੋਂ ਇਲਾਵਾ ਸਰਕਾਰ ਨੇ ਅੰਗਦਾਨ ਲਈ 65 ਸਾਲਾਂ ਤੋਂ ਘੱਟ ਉਮਰ ਹੱਦ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ।
ਹੇਕਾਕੀ ਜਖਾਲੂ ਦੀ ਵੀ ਦਿੱਤੀ ਮਿਸਾਲ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ 99ਵੇਂ ਅੰਕ ‘ਚ ਨਾਰੀ ਸ਼ਕਤੀ ‘ਤੇ ਵੀ ਗੱਲ ਕੀਤੀ, ਜਿਸ ‘ਚ ਉਨ੍ਹਾਂ ਨਾਗਾਲੈਂਡ ‘ਚ 75 ਸਾਲਾਂ ‘ਚ ਪਹਿਲੀ ਵਾਰ ਔਰਤ ਵਿਧਾਇਕ ਵਜੋਂ ਚੁਣੀ ਗਈ ਹੇਕਾਕੀ ਜਖਾਲੂ ਦੀ ਮਿਸਾਲ ਦਿੱਤੀ। ਇਸ ਤੋਂ ਇਲਾਵਾ ਏਸ਼ੀਆ ਦੀ ਪਹਿਲੀ ਔਰਤ ਪਾਇਲਟ ਬਣੀ ਸੁਰੇਖਾ ਯਾਦਵ ਅਤੇ ਆਸਕਰ ਐਵਾਰਡ ਜੇਤੂ ‘ਐਲੀਫੈਂਟ ਵਿਸਪਰਰਜ਼’ ਗੁਨੀਤ ਮੋਂਗਾ ਅਤੇ ਡਾਇਰੈਕਟਰ ਕਾਰਤਿਕੀ ਗੋਂਸਾਲਵੇਸ ਦਾ ਵੀ ਜਿਕਰ ਕੀਤਾ।