ਕਾਲੇ ਕੱਪੜੇ ਪਾ ਕੇ ਕੀਤਾ ਰੋਸ ਪ੍ਰਦਰਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦੇਣ ਦੇ ਮੁੱਦੇ ‘ਤੇ ਕਾਂਗਰਸ ਨੇ ਇਸ ਕਾਨੂੰਨੀ ਅਤੇ ਸਿਆਸੀ ਲੜਾਈ ‘ਚ ਸਿਆਸੀ ਲੜਾਈ ਨੂੰ ਹੋਰ ਤਿੱਖਾ ਕਰਦਿਆਂ ਸੋਮਵਾਰ ਨੂੰ ਸੜਕ ਤੋਂ ਸੰਸਦ ਤੱਕ ‘ਬਲੈਕ ਡੇਅ’ ਭਾਵ ‘ਕਾਲਾ ਦਿਨ’ ਮਨਾਇਆ। ਇਸ ਪ੍ਰਦਰਸ਼ਨ ਨੂੰ ਦੇਸ਼ ਵਿਆਪੀ ਬਣਾਉਂਦਿਆਂ ਕਾਂਗਰਸ ਨੇ ਵਿਧਾਨ ਸਭਾਵਾਂ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ, ਜਿਸ ਤਹਿਤ ਤਾਮਿਲਨਾਡੂ, ਬਿਹਾਰ, ਪੁਡੂਚੇਰੀ ਅਤੇ ਓਡੀਸ਼ਾ ਦੀਆਂ ਵਿਧਾਨ ਸਭਾਵਾਂ ‘ਚ ਕਾਲੇ ਕੱਪੜਿਆਂ ‘ਚ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਸੰਸਦ ‘ਚ ਇਸ ਪ੍ਰਦਰਸ਼ਨ ਨੂੰ ਵਿਰੋਧੀ ਧਿਰਾਂ ਦੀ ਇਕਜੁੱਟਤਾ ਵਜੋਂ ਵੀ ਪੇਸ਼ ਕੀਤਾ, ਜਿਸ ‘ਚ ਹੋਰ ਵਿਸਥਾਰ ਕਰਦਿਆਂ ਹਾਲੇ ਤੱਕ ਸੰਸਦ ‘ਚ ਕਾਂਗਰਸ ਤੋਂ ਦੂਰੀ ਬਣਾ ਕੇ ਰਹਿਣ ਵਾਲੀ ਤ੍ਰਿਣਮੂਲ ਕਾਂਗਰਸ ਵੀ ਸੋਮਵਾਰ ਨੂੰ ਇਜਲਾਸ ‘ਚ ਪਹਿਲੀ ਵਾਰ ਨਾ ਸਿਰਫ਼ ਵਿਰੋਧੀ ਧਿਰਾਂ ਦੀ ਰਣਨੀਤਕ ਬੈਠਕ ‘ਚ ਸ਼ਾਮਿਲ ਹੋਈ, ਸਗੋਂ ਵਿਰੋਧੀ ਧਿਰਾਂ ਦੇ ਸਾਂਝੇ ਮਾਰਚ ‘ਚ ਵੀ ਸ਼ਾਮਿਲ ਹੋਈ। ਪ੍ਰਦਰਸ਼ਨ ਨੂੰ ਸੜਕ ਤੱਕ ਲਿਜਾਂਦਿਆਂ ਯੂਥ ਕਾਂਗਰਸ ਨੇ ਦਿੱਲੀ ‘ਚ ਜੰਤਰ-ਮੰਤਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸਮਰਥਨ ‘ਚ ਆਈਆਂ ਪਾਰਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਲ ਆਉਣ ਵਾਲੀਆਂ ਸਾਰੀਆਂ ਪਾਰਟੀਆਂ ਦਾ ਸਵਾਗਤ ਹੈ। ਕਾਂਗਰਸੀ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਕਰਾਰ ਦੇਣ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕਰਦਿਆਂ ਕੰਮ ਮੁਲਤਵੀ ਨੋਟਿਸ ਦਿੱਤਾ।
ਕਾਲੇ ਕੱਪੜੇ ਪਾ ਕੇ ਸਦਨ ‘ਚ ਪਹੁੰਚੇ ਸੰਸਦ ਮੈਂਬਰ : ਕਾਂਗਰਸ ਸੰਸਦ ਮੈਂਬਰਾਂ ਨੇ ਸੰਸਦ ਦੇ ਅੰਦਰ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਕਾਲੇ ਕੁਰਤੇ ਅਤੇ ਪਗੜੀ ਬੰਨ੍ਹੀ ਨਜ਼ਰ ਆਏ ਜਦਕਿ ਸੋਨੀਆ ਗਾਂਧੀ ਕਾਲਾ ਸਕਾਰਫ਼ ਪਾਏ ਨਜ਼ਰ ਆਏ। ਇੱਥੋਂ ਤੱਕ ਕਿ ਕਾਂਗਰਸ ਦੀ ਹਿਮਾਇਤੀ ਅਤੇ ਤਾਮਿਲਨਾਡੂ ‘ਚ ਗੱਠਜੋੜ ਭਾਈਵਾਲ ਡੀ.ਐੱਮ.ਕੇ. ਦੇ ਸੰਸਦ ਮੈਂਬਰ ਵੀ ਕਾਲੇ ਕੱਪੜੇ ਪਾਏ ਨਜ਼ਰ ਆਏ।
ਖੜਗੇ ਦੀ ਰਿਹਾਇਸ਼ ‘ਤੇ 18 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਬੈਠਕ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ ‘ਤੇ ਰਾਤ ਦੇ ਖਾਣੇ ਤੋਂ ਬਾਅਦ 18 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਇਕ ਬੈਠਕ ਹੋਈ, ਜਿਸ ‘ਚ ਨੇਤਾਵਾਂ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਤੇ ਲੋਕਤੰਤਰ ਨੂੰ ਤਬਾਹ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖਣ ਦਾ ਫ਼ੈਸਲਾ ਵੀ ਕੀਤਾ। ਇਸ ਬੈਠਕ ‘ਚ ਡੀ. ਐਮ. ਕੇ., ਐਨ. ਸੀ. ਪੀ., ਜੇ.ਡੀ. (ਯੂ), ਬੀ. ਆਰ. ਐਸ., ਸੀ. ਪੀ. ਆਈ. (ਐਮ), ਸੀ. ਪੀ. ਆਈ., ‘ਆਪ’, ਐਮ. ਡੀ. ਐਮ. ਕੇ., ਕੇ. ਸੀ., ਤ੍ਰਿਣਮੂਲ ਕਾਂਗਰਸ, ਆਰ. ਐਸ. ਪੀ., ਆਰ. ਜੇ. ਡੀ., ਐਨ. ਸੀ., ਆਈ. ਯੂ. ਐਮ. ਐਲ., ਵੀ. ਸੀ. ਕੇ., ਸਮਾਜਵਾਦੀ ਪਾਰਟੀ ਤੇ ਜੇ.ਐਮ.ਐਮ. ਪਾਰਟੀਆਂ ਨੇ ਸ਼ਮੂਲੀਅਤ ਕੀਤੀ। ਰਾਹੁਲ ਗਾਂਧੀ ਵਲੋਂ ਵੀਰ ਸਾਵਰਕਰ ਖ਼ਿਲਾਫ਼ ਦਿੱਤੇ ਬਿਆਨ ਕਰਕੇ ਸ਼ਿਵ ਸੈਨਾ (ਊਧਵ ਠਾਕਰੇ ਧੜੇ) ਨੇ ਬੈਠਕ ‘ਚ ਸ਼ਮੂਲੀਅਤ ਨਹੀਂ ਕੀਤੀ।
ਰਾਹੁਲ ਨੇ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਦਿੱਤਾ ਜਵਾਬ
ਕਿਹਾ : ਮੈਂ ਆਪਣੇ ਅਧਿਕਾਰਾਂ ਤੋਂ ਹਾਂ ਵਾਕਿਫ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰ ਦੇ ਤੌਰ ‘ਤੇ ਉਨ੍ਹਾਂ ਨੂੰ ਅਲਾਟ ਹੋਇਆ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਜਵਾਬ ਦਿੱਤਾ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਸਮੇਂ ‘ਤੇ ਬੰਗਲਾ ਖਾਲੀ ਕਰ ਦੇਣਗੇ। ਰਾਹੁਲ ਨੇ ਲੋਕ ਸਭਾ ਸਕੱਤਰੇਤ ਵਿਚ ਉਪ ਸਕੱਤਰ ਐਮ.ਐਸ. ਸ਼ਾਖਾ ਤੋਂ ਸਰਕਾਰੀ ਬੰਗਲਾ ਖਾਲੀ ਕਰਵਾਉਣ ਨੂੰ ਲੈ ਕੇ ਮਿਲੇ ਨੋਟਿਸ ਸਬੰਧੀ ਕਿਹਾ ਕਿ ਉਹ ਆਪਣੇ ਅਧਿਕਾਰਾਂ ਤੋਂ ਵਾਕਿਫ ਹਨ। ਉਨ੍ਹਾਂ ਨੂੰ ਬੰਗਲੇ ਸਬੰਧੀ ਜੋ ਨੋਟਿਸ ਮਿਲਿਆ ਹੈ, ਉਹ ਉਸਦਾ ਪਾਲਣ ਕਰਨਗੇ। ਧਿਆਨ ਰਹੇ ਕਿ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਹਨ। ਇਸਦੇ ਚੱਲਦਿਆਂ ਰਾਹੁਲ ਨੇ ਆਪਣੀ ਚਿੱਠੀ ਵਿਚ ਕਿਹਾ ਹੈ ਕਿ ਉਹ ਲੋਕ ਸਭਾ ਲਈ ਪਿਛਲੇ 4 ਕਾਰਜਕਾਲ ਤੋਂ ਚੁਣੇ ਜਾਂਦੇ ਰਹੇ ਹਨ। ਜਨਤਾ ਤੋਂ ਮਿਲੇ ਇਸ ਜਨਾਦੇਸ਼ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਰਾਹੁਲ ਨੇ ਲੋਕ ਸਭਾ ਵਿਚ ਇਸ ਦੌਰਾਨ ਬਿਤਾਏ ਆਪਣੇ ਕਾਰਜਕਾਲ ਨੂੰ ਬਹੁਤ ਸੁਖਦ ਅਤੇ ਯਾਦਗਾਰੀ ਦੱਸਿਆ ਅਤੇ ਕਿਹਾ ਕਿ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਜ਼ਰੂਰ ਪਾਲਣ ਕਰਨਗੇ। ਜ਼ਿਕਰਯੋਗ ਹੈ ਕਿ ਰਾਹੁਲ ਨੂੰ ਲੋਕ ਸਭਾ ਸਕੱਤਰੇਤ ਵਲੋਂ ਨੋਟਿਸ ਭੇਜ ਕੇ 22 ਅਪ੍ਰੈਲ ਤੱਕ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਪਿਛਲੇ ਹਫਤੇ ਸੂਰਤ ਦੀ ਇਕ ਅਦਾਲਤ ਵਲੋਂ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਰਾਹੁਲ ਨੂੰ ਆਰੋਪੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਤੋਂ ਆਯੋਗ ਕਰਾਰ ਦਿੱਤਾ ਗਿਆ ਸੀ।
ਗਾਂਧੀ ਪਰਿਵਾਰ ਖ਼ੁਦ ਨੂੰ ਸੰਵਿਧਾਨ ਤੋਂ ਉੱਪਰ ਸਮਝਦਾ ਹੈ-ਭਾਜਪਾ
ਭਾਜਪਾ ਨੇ ਕਾਂਗਰਸ ਵਲੋਂ ਐਲਾਨੇ ਕਾਲੇ ਦਿਵਸ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਖ਼ੁਦ ਨੂੰ ਸੰਵਿਧਾਨ ਤੋਂ ਉੱਪਰ ਸਮਝਦਾ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ਦੇ ਫ਼ੈਸਲੇ ‘ਚ ਅਯੋਗ ਠਹਿਰਾਉਣ ‘ਚ ਨਾ ਤਾਂ ਭਾਜਪਾ ਦਾ ਅਤੇ ਨਾ ਹੀ ਸਰਕਾਰ ਦਾ ਕੋਈ ਹੱਥ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਅਦਾਲਤੀ ਫ਼ੈਸਲੇ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਅਦਾਲਤ ਦਾ ਫ਼ੈਸਲਾ ਮੰਨਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਾਲੇ ਕੰਮ ਕਰਦੀ ਰਹੇਗੀ ਅਤੇ ਕਾਲਾ ਜਾਦੂ ਵਰਤਣਾ ਸ਼ੁਰੂ ਕਰੇਗੀ।
ਭਾਰਤੀ ਇਤਰਾਜ਼ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦੀ ਫੀਸ ਵਸੂਲ ਰਿਹੈ ਪਾਕਿਸਤਾਨ
ਨਵੀਂ ਦਿੱਲੀ : ਭਾਰਤ ਦੇ ਇਤਰਾਜ਼ ਦੇ ਬਾਵਜੂਦ ਪਾਕਿਸਤਾਨ ਵਿਸ਼ੇਸ਼ ਗਲਿਆਰੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਵਸੂਲ ਰਿਹਾ ਹੈ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਇਸ ਹਫਤੇ ਸੰਸਦ ਨੂੰ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਨੂੰ ਪਾਸਪੋਰਟ ਮੁਕਤ ਕਰਨ ਲਈ ਕਈ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਪਹਿਲਾਂ 24 ਅਕਤੂਬਰ 2019 ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਸਨ ਕਿ ਸ਼ਰਧਾਲੂ ਪਾਸਪੋਰਟ ‘ਤੇ ਯਾਤਰਾ ਕਰਨਗੇ।
ਉਮੇਸ਼ ਪਾਲ ਅਗਵਾ ਮਾਮਲੇ ‘ਚ ਅਤੀਕ ਅਹਿਮਦ ਸਮੇਤ ਤਿੰਨ ਨੂੰ ਉਮਰ ਕੈਦ
ਪ੍ਰਯਾਗਰਾਜ : ਉਤਰ ਪ੍ਰਦੇਸ਼ ਨਾਲ ਸਬੰਧਤ ਇਕ ਮਾਮਲੇ ਵਿਚ ਅਤੀਕ ਅਹਿਮਦ ਸਮੇਤ ਤਿੰਨ ਵਿਅਕਤੀਆਂ ਨੂੰ ਪ੍ਰਯਾਗਰਾਜ ਦੀ ਐਮਪੀ-ਐਮਐਲਏ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 17 ਸਾਲ ਪੁਰਾਣੇ ਉਮੇਸ਼ ਪਾਲ ਅਗਵਾ ਮਾਮਲੇ ‘ਚ ਇਹ ਸਜਾ ਸੁਣਾਈ ਗਈ ਹੈ। ਪੁਲਿਸ ਰਿਕਾਰਡ ‘ਚ ਅਤੀਕ ਅਹਿਮਦ ‘ਤੇ 101 ਮੁਕੱਦਮੇ ਦਰਜ ਹਨ ਅਤੇ ਇਹ ਪਹਿਲਾ ਮਾਮਲਾ, ਜਿਸ ‘ਚ ਅਤੀਕ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਸਜ਼ਾ ਮਿਲੀ ਹੈ। ਅਤੀਕ ਅਹਿਮਦ ਤੋਂ ਇਲਾਵਾ ਖਾਨ ਸੌਤਲ ਅਤੇ ਦਿਨੇਸ਼ ਪਾਸੀ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਜੱਜ ਦਿਨੇਸ਼ ਚੰਦਰ ਸ਼ੁਕਲ ਨੇ ਇਸ ਮਾਮਲੇ ‘ਚ ਅਤੀਕ ਦੇ ਭਰਾ ਅਸ਼ਰਫ਼ ਉਮਰ ਖਾਲਿਦ ਅਜ਼ੀਮ ਸਮੇਤ ਫਰਹਾਨ, ਜਾਵੇਦ, ਆਬਿਦ, ਇਸਰਾਰਾ, ਆਸ਼ਿਕ, ਏਜਾਜ ਅਖਤਰ ਨੂੰ ਬਰੀ ਕਰ ਦਿੱਤਾ ਹੈ। ਕੋਰਟ ਦੇ ਫੈਸਲੇ ਤੋਂ ਬਾਅਦ ਉਮੇਸ਼ ਪਾਲ ਦੀ ਮਾਂ ਸ਼ਾਂਤੀ ਦੇਵੀ ਨੇ ਕਿਹਾ ਕਿ ਮੇਰਾ ਬੇਟਾ ਸ਼ੇਰ ਦੀ ਤਰ੍ਹਾਂ ਲੜਿਆ ਸੀ ਅਤੇ ਇਸ ਮਾਮਲੇ ਅਤੀਕ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਫੈਸਲੇ ਤੋਂ ਬਾਅਦ ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਨੇ ਕਿਹਾ ਕਿ ਮੈਂ ਘਰ ਵਿਚ ਇਕੱਲੀ ਹੈ। ਇਸ ਲਈ ਮੁੱਖ ਮੰਤਰੀ ਯੋਗੀ ਅੱਦਿਤਿਆ ਨਾਥ ਕੋਲੋਂ ਮੰਗ ਕਰਦੀ ਹਾਂ ਕਿ ਉਹ ਸਾਡੀ ਸੁਰੱਖਿਆ ਦਾ ਖਿਆਲ ਰੱਖਣ।