Breaking News
Home / ਪੰਜਾਬ / ਜਗਦੀਸ਼ ਟਾਈਟਲਰ ਦੇ ਜਨਮ ਦਿਨ ਵਾਲਾ ਪੋਸਟਰ ਅੰਮ੍ਰਿਤਸਰ ‘ਚ ਲਗਾਇਆ

ਜਗਦੀਸ਼ ਟਾਈਟਲਰ ਦੇ ਜਨਮ ਦਿਨ ਵਾਲਾ ਪੋਸਟਰ ਅੰਮ੍ਰਿਤਸਰ ‘ਚ ਲਗਾਇਆ

ਸਿੱਖ ਨੌਜਵਾਨਾਂ ਨੇ ਬੋਰਡ ਉਤਾਰ ਕੇ ਮਲੀ ਕਾਲਖ
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਮਜੀਠਾ ਰੋਡ ‘ਤੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਦੇ ਜਨਮ ਦਿਨ ਦੀਆਂ ਮੁਬਾਰਕਾਂ ਵਾਲੇ ਲਾਏ ਗਏ ਬੋਰਡ ਸਬੰਧੀ ਸਥਿਤੀ ਉਦੋਂ ਤਣਾਅ ਵਾਲੀ ਬਣ ਗਈ, ਜਦੋਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ। ਸਿੱਖ ਕਾਰਕੁਨਾਂ ਨੇ ਇਹ ਬੋਰਡ ਉਤਾਰ ਦਿੱਤਾ ਅਤੇ ਬੋਰਡ ‘ਤੇ ਕਾਲਖ ਮਲ ਦਿੱਤੀ। ਉਨ੍ਹਾਂ ਨੇ ਬੋਰਡ ਲਾਉਣ ਵਾਲੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸਿੱਖ ਯੂਥ ਪਾਵਰ ਆਫ ਪੰਜਾਬ (ਐੱਸਵਾਈਪੀਪੀ) ਅਤੇ ਸਿਰਲੱਥ ਖਾਲਸਾ ਨਾਮ ਦੀਆਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਇਸ ਬੋਰਡ ਨੂੰ ਉਤਾਰ ਦਿੱਤਾ ਅਤੇ ਥਾਣਾ ਸਦਰ ਵਿਚ ਬੋਰਡ ਲਾਉਣ ਵਾਲੇ ਖ਼ਿਲਾਫ਼ ਕੇਸ ਦਰਜ ਕਰਨ ਲਈ ਦਰਖਾਸਤ ਦਿੱਤੀ। ਐੱਸਵਾਈਪੀਪੀ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਨੇ ਇਹ ਬੋਰਡ ਚੌਕ ਵਿਚ ਲਾਇਆ ਸੀ ਜਿਸ ‘ਤੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਅਤੇ ਬੋਰਡ ਲਾਉਣ ਵਾਲੇ ਦੀਆਂ ਤਸਵੀਰਾਂ ਬਣੀਆਂ ਹੋਈਆਂ ਸਨ। ਇਸ ਬੋਰਡ ਵਿਚ ਕਾਂਗਰਸੀ ਆਗੂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹੋਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਜਗਦੀਸ਼ ਟਾਈਟਲਰ 1984 ਸਿੱਖ ਕਤਲੇਆਮ ਮਾਮਲਿਆਂ ਵਿਚ ਕਥਿਤ ਦੋਸ਼ੀ ਹੈ। ਅਜਿਹੇ ਵਿਅਕਤੀ ਦੇ ਜਨਮ ਦਿਨ ਦਾ ਬੋਰਡ ਲਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਸਿੱਖਾਂ ਦੇ ਕਾਤਲਾਂ ਦੇ ਜਨਮ ਦਿਨ ਮਨਾਉਣਾ ਮੰਦਭਾਗਾ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਜਨਮ ਦਿਨ ਮਨਾਉਣ ਬਾਰੇ ਆਖਿਆ ਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਆਖਿਆ ਕਿ ਸਿੱਖਾਂ ਦੇ ਕਾਤਲਾਂ ਦੇ ਜਨਮ ਦਿਨ ਮਨਾਉਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੀ ਕਾਰਵਾਈ ਹੈ।
ਟਾਈਟਲਰ ਨੂੰ ਵਧਾਈਆਂ ਦੇਣ ਦੇ ਮਾਮਲੇ ਦੀ ਜਾਂਚ ਹੋਵੇ: ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਨਵੰਬਰ 1984 ਸਿੱਖ ਕਤਲੇਆਮ ਲਈ ਮੁਲਜ਼ਮ ਜਗਦੀਸ਼ ਟਾਈਟਲਰ ਦਾ ਅੰਮ੍ਰਿਤਸਰ ਵਿਚ ਕੁਝ ਲੋਕਾਂ ਵਲੋਂ ਜਨਮ ਦਿਨ ਮਨਾਉਣਾ ਅਤੇ ਇਸ ਸਬੰਧੀ ਬੋਰਡ ਲਾਉਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਹੈ। ਉਨ੍ਹਾਂ ਆਖਿਆ ਕਿ ਕਰਮਜੀਤ ਸਿੰਘ ਨਾਂ ਦੇ ਜਿਸ ਵਿਅਕਤੀ ਨੇ ਜਨਮ ਦਿਨ ਦੀਆਂ ਵਧਾਈਆਂ ਵਾਲਾ ਇਹ ਬੋਰਡ ਲਾਇਆ ਹੈ, ਉਸ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਕੰਮ ਕਰਨ ਵਾਲੇ ਸਾਰੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਭਾਈ ਲੌਂਗੋਵਾਲ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਟਾਈਟਲਰ ਦੇ ਜਨਮ ਦਿਨ ਦਾ ਪ੍ਰੋਗਰਾਮ ਮੁੱਖ ਮੰਤਰੀ ਦੇ ਆਸ਼ੀਰਵਾਦ ਬਿਨਾ ਸੰਭਵ ਨਹੀਂ: ਮਜੀਠੀਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੁੱਛਿਆ ਕਿ ਉਹ ਕਾਂਗਰਸੀਆਂ ਨੂੰ ਸਿੱਖ ਭਾਵਨਾਵਾਂ ਭੜਕਾਉਣ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਕਰਕੇ ਸੂਬੇ ਵਿਚ ਸ਼ਾਂਤੀ ਭੰਗ ਕਰਨ ਤੇ ਪੰਜਾਬ ਵਿਚ ਅੱਗ ਲਾਉਣ ਦਾ ਯਤਨ ਕਿਉਂ ਕਰ ਰਹੇ ਹਨ? ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਵਫ਼ਾਦਾਰ ਕਾਂਗਰਸੀਆਂ ਨੇ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਜਗਦੀਸ਼ ਟਾਈਟਲਰ ਦਾ ਜਨਮ ਦਿਨ ਅੰਮ੍ਰਿਤਸਰ ਵਿਚ ਮਨਾਇਆ ਤੇ ਸ਼ਹਿਰ ਵਿਚ ਉਸ ਦੇ ਪੋਸਟਰ ਵੀ ਲਗਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਆਸ਼ੀਰਵਾਦ ਬਿਨਾ ਪੰਜਾਬ ਵਿਚ ਅਜਿਹਾ ਪ੍ਰੋਗਰਾਮ ਨਹੀਂ ਹੋ ਸਕਦਾ ਸੀ।
ਟਾਈਟਲਰ ਦਾ ਬੋਰਡ ਲਗਾਉਣ ਵਾਲੇ ਨੇ ਦਿੱਤੀ ਚੁਣੌਤੀ
ਅੰਮ੍ਰਿਤਸਰ : ਜਗਦੀਸ਼ ਟਾਈਟਲਰ ਨੂੰ ਜਨਮ ਦਿਨ ਦੀ ਵਧਾਈ ਦੇਣ ਦਾ ਮਾਮਲਾ ਉਸ ਵੇਲੇ ਹੋਰ ਵੀ ਭਖ ਗਿਆ ਜਦੋਂ ਬੋਰਡ ਲਾਉਣ ਵਾਲੇ ਵਿਅਕਤੀ ਵਲੋਂ ਦਿੱਤੀ ਚੁਣੌਤੀ ਨੂੰ ਕਬੂਲ ਕਰਦਿਆਂ ਸਿੱਖ ਜਥੇਬੰਦੀਆਂ ਦੇ ਕਾਰਕੁਨ ਅੰਮ੍ਰਿਤਸਰ ਵਿਖੇ ਮਜੀਠਾ ਰੋਡ ‘ਤੇ ਬੋਰਡ ਲਾਉਣ ਵਾਲੀ ਥਾਂ ਪੁੱਜ ਗਏ। ਉਸ ਮੌਕੇ ਮਾਹੌਲ ਤਣਾਅਪੂਰਣ ਬਣ ਗਿਆ ਪਰ ਚੁਣੌਤੀ ਦੇਣ ਵਾਲੇ ਦੇ ਨਾ ਪੁੱਜਣ ਕਾਰਨ ਸਿੱਖ ਜਥੇਬੰਦੀਆਂ ਵਾਪਸ ਪਰਤ ਗਈਆਂ। ਜਾਣਕਾਰੀ ਮੁਤਾਬਕ ਬੋਰਡ ਲਗਾਉਣ ਵਾਲੇ ਵਿਅਕਤੀ ਕਰਮਜੀਤ ਸਿੰਘ ਗਿੱਲ ਨੇ ਸ਼ੋਸ਼ਲ ਮੀਡੀਆ ‘ਤੇ ਚਿਤਾਵਨੀ ਦਿੱਤੀ ਸੀ ਕਿ ਇਹ ਬੋਰਡ ਉਸ ਦੀ ਗ਼ੈਰਹਾਜ਼ਰੀ ਵਿਚ ਉਤਾਰਿਆ ਗਿਆ ਹੈ। ਉਸ ਨੇ ਸਿੱਖ ਜਥੇਬੰਦੀਆਂ ਨੂੰ ਮੰਗਲਵਾਰ 2 ਵਜੇ ਉਸੇ ਸਥਾਨ ‘ਤੇ ਪੁੱਜਣ ਲਈ ਆਖਿਆ ਸੀ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …