-3 C
Toronto
Friday, March 27, 2026
spot_img
Homeਪੰਜਾਬਵੇਰਕਾ ਮਿਲਕ ਪਲਾਂਟ ਬਾਰੇ ਵੱਡਾ ਖੁਲਾਸਾ ਕਰਨ ਵਾਲੇ ਬੈਂਸ ਤੇ ਸਾਥੀਆਂ ਖਿਲਾਫ...

ਵੇਰਕਾ ਮਿਲਕ ਪਲਾਂਟ ਬਾਰੇ ਵੱਡਾ ਖੁਲਾਸਾ ਕਰਨ ਵਾਲੇ ਬੈਂਸ ਤੇ ਸਾਥੀਆਂ ਖਿਲਾਫ ਕੇਸ ਦਰਜ

ਬੈਂਸ ਨੇ ਕਿਹਾ, ਉਨ੍ਹਾਂ ਨੂੰ ਗ੍ਰਿਫਤਾਰੀ ਦੀ ਕੋਈ ਪ੍ਰਵਾਹ ਨਹੀਂ
ਲੁਧਿਆਣਾ : ਵੇਰਕਾ ਮਿਲਕ ਪਲਾਂਟ ਬਾਰੇ ਵੱਡਾ ਖੁਲਾਸਾ ਕਰਨ ਵਾਲੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਹੋ ਗਿਆ ਹੈ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਦੀ ਸ਼ਿਕਾਇਤ ‘ਤੇ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵੇਰਕਾ ਦੇ ਜਨਰਲ ਮੈਨੇਜਰ ਨੇ ਉਨ੍ਹਾਂ ਖਿਲਾਫ ਪਲਾਂਟ ਵਿੱਚ ਜ਼ਬਰੀ ਵੜਨ, ਡਿਊਟੀ ਵਿੱਚ ਵਿਘਨ ਪਾਉਣ, ਮੁਲਾਜ਼ਮਾਂ ਨਾਲ ਬਦਤਮੀਜ਼ੀ ਕਰਨ ਤੇ ਵੇਰਕਾ ਦਾ ਅਕਸ ਵਿਗਾੜਨ ਦੇ ਇਲਜ਼ਾਮ ਤਹਿਤ ਕੇਸ ਦਰਜ ਕਰਵਾਇਆ ਹੈ। ਚੇਤੇ ਰਹੇ ਕਿ ਸਿਮਰਜੀਤ ਬੈਂਸ ਨੇ ਲੰਘੇ ਕੱਲ੍ਹ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਦੇ ਅਦਾਰੇ ‘ਵੇਰਕਾ’ ਵੱਲੋਂ ਪੈਕੇਟ ‘ਤੇ ਲਿਖੀ ਹੋਈ ‘ਫੈਟ’ ਦੀ ਮਿਕਦਾਰ ਤੋਂ ਘੱਟ ਲੋਕਾਂ ਨੂੰ ਵੇਚ ਕੇ ਸਾਲਾਨਾ ਕਰੀਬ 200 ਕਰੋੜ ਰੁਪਏ ਦੀ ਠੱਗੀ ਮਾਰੀ ਜਾ ਰਹੀ ਹੈ।
ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ‘ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਗ੍ਰਿਫਤਾਰੀ ਦੀ ਵੀ ਕੋਈ ਪਰਵਾਹ ਨਹੀਂ ਹੈ।
ਇਸੇ ਦੌਰਾਨ ਪੰਜਾਬ ਸਰਕਾਰ ਦੇ ਅਦਾਰੇ ‘ਵੇਰਕਾ’ ਵੱਲੋਂ ਪੈਕੇਟ ਉਤੇ ਲਿਖੀ ਮਿਕਦਾਰ ਤੋਂ ਕਥਿਤ ਘੱਟ ‘ਫੈਟ’ ਵਾਲਾ ਦੁੱਧ ਸਪਲਾਈ ਕਰਨ ਦਾ ਦਾਅਵਾ ਕਰਨ ਵਾਲੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ‘ਤੇ ਅਦਾਰੇ ਵੱਲੋਂ ਕੇਸ ਦਰਜ ਕਰਾਏ ਜਾਣ ਨੂੰ ਵਿਧਾਇਕ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ 14 ਮਹੀਨੇ ਦੇ ਕਾਰਜਕਾਲ ਵਿੱਚ ਹੁਣ ਤੱਕ ਉਨ੍ਹਾਂ ‘ਤੇ ਤਿੰਨ ਐਫਆਈਆਰ ਦਰਜ ਹੋ ਚੁੱਕੀਆਂ ਹਨ। ਵਿਧਾਇਕ ਨੇ ਕਿਹਾ ਕਿ ਤਿੰਨਾਂ ਹੀ ਕੇਸਾਂ ਵਿੱਚ ਉਨ੍ਹਾਂ ਲੋਕ ਭਲਾਈ ਨਾਲ ਜੁੜੇ ਤੱਥਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਹਿਕਾਰੀ ਸੁਸਾਇਟੀਆਂ ਦੇ ਪਲਾਂਟਾਂ ਵਿੱਚ ਜਾ ਕੇ ਨਿਰੀਖ਼ਣ ਕਰਨ ਦਾ ਹੱਕ ਨਹੀਂ ਤਾਂ ਫਿਰ ਕਿਸ ਨੂੰ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਉਹ ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਲੰਘੇ ਮੰਗਲਵਾਰ ਤੋਂ ਸਮਾਂ ਮੰਗ ਰਹੇ ਹਨ, ਪਰ ਸਮਾਂ ਨਹੀਂ ਮਿਲਿਆ। ਆਖ਼ਰ ਉਨ੍ਹਾਂ ਨੇ ਇਹ ਸਾਰੀ ਸ਼ਿਕਾਇਤ ਲਾਈਵ ਵੀਡੀਓ ਵਾਲੀ ਸੀਡੀ ਸਣੇ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਇਕ ਸ਼ਿਕਾਇਤ ਪੰਜਾਬ ਪੁਲਿਸ ਮੁਖੀ ਤੇ ਪੁਲਿਸ ਕਮਿਸ਼ਨਰ ਨੂੰ ਵੀ ਭੇਜੀ ਹੈ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਲਾਈਵ ਵੀਡੀਓ ਵਿੱਚ ਸਾਰਾ ਮਾਮਲਾ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਜੇ ਲਾਏ ਦੋਸ਼ ਗਲਤ ਸਾਬਿਤ ਹੁੰਦੇ ਹਨ ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਹਨ।
ਸਾਰੀਆਂ ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ ਲੋਕ ਇਨਸਾਫ਼ ਪਾਰਟੀ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨਾਲ ਗੱਠਜੋੜ ਕਰਕੇ 6 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜ ਚੁੱਕੀ ‘ਲੋਕ ਇਨਸਾਫ਼ ਪਾਰਟੀ’ ਨੇ 2019 ਵਿੱਚ ਲੋਕ ਸਭਾ ਚੋਣਾਂ ਸਾਰੇ ਹਲਕਿਆਂ ਤੋਂ ਲੜਨ ਦਾ ਐਲਾਨ ਕੀਤਾ ਹੈ। ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਉਹ ਸੂਬੇ ਦੀਆਂ 13 ਲੋਕ ਸਭਾ ਸੀਟਾਂ ‘ਤੇ ਚੋਣ ਲੜਨਗੇ।

Previous article
Next article
RELATED ARTICLES

POPULAR POSTS