Breaking News

ਹਾਲੇ ਤੱਕ ਜਨਤਕ ਨਹੀਂ ਹੋ ਸਕੀ ਨਸ਼ਾ ਤਸਕਰਾਂ ਬਾਰੇ ਸੂਚੀ
ਚੰਡੀਗੜ੍ਹ : ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਪੁਲਿਸ ਅਫ਼ਸਰਾਂ, ਅਧਿਕਾਰੀਆਂ ਤੇ ਸਿਆਸਤਦਾਨਾਂ ਬਾਰੇ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਵੱਲੋਂ ਤਿਆਰ ਕੀਤੀ ਕਥਿਤ ਸੂਚੀ ਕਿੱਥੇ ਹੈ? ਹਾਲੇ ਤੱਕ ਇਹ ਸੂਚੀ ਜਨਤਕ ਨਹੀਂ ਹੋ ਸਕੀ। ਸਸ਼ੀ ਕਾਂਤ ਨੇ ਲੰਘੀ 23 ਮਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇਕ ਹਲਫ਼ਨਾਮਾ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਨਸ਼ਾ ਤਸਕਰੀ ਦਾ ਧੰਦਾ ਬਹੁਤ ਹੀ ਕਮਾਈ ਵਾਲਾ ઠਹੈ ਤੇ ਇਸ ਵਿੱਚ ਨਵੇਂ ਖਿਲਾੜੀ ਆਉਂਦੇ ਰਹਿੰਦੇ ਹਨ ਜਿਸ ਕਰ ਕੇ ਸੂਬਾਈ ਤੇ ਕੌਮੀ ਸੁਰੱਖਿਆ ਏਜੰਸੀਆਂ ਨੂੰ ਨਵੀਂ ਸੂਚੀ ਤਿਆਰ ਕਰਨੀ ਚਾਹੀਦੀ ਹੈ ਕਿਉਂਕਿ ਪਹਿਲੀ ਸੂਚੀ ਕਾਫ਼ੀ ਪੁਰਾਣੀ ਹੋ ਗਈ ਹੈ ਤੇ ਇਸ ਨੂੰ ਨਵਿਆਉਣ ਦੀ ਲੋੜ ਹੈ। ਕਾਂਤ ਨੇ ਇਹ ਸੂਚੀ ਉਦੋਂ ਤਿਆਰ ਕਰਨ ਦਾ ਦਾਅਵਾ ਕੀਤਾ ਸੀ ਜਦੋਂ ਉਹ ਏਡੀਜੀਪੀ ਇੰਟੈਲੀਜੈਂਸ ਨਿਯੁਕਤ ਕੀਤੇ ਗਏ ਸਨ ਪਰ ਉਨ੍ਹਾਂ ਤੋਂ ਬਿਨਾ ਕਿਸੇ ਨੇ ਇਹ ਸੂਚੀ ਨਹੀਂ ਦੇਖੀ। ਹੁਣ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਸ਼ਸ਼ੀ ਕਾਂਤ ਦੇ ਹਲਫ਼ਨਾਮੇ ਬਾਰੇ ਜਵਾਬ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਸਤੰਬਰ 2013 ਵਿੱਚ ਕਾਂਤ ਨੇ ਰਿੱਟ ਦਾਇਰ ਕੀਤੀ ਸੀ ਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਦੀ ਇਕ ਸੂਚੀ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਹਲਫ਼ਨਾਮੇ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਅਫ਼ਸਰਾਂ ਤੇ ਸਿਆਸਤਦਾਨਾਂ ਦੀ ਸੂਚੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਵੀ ਸੂਚੀ ਮਿਲਣ ਤੋਂ ਇਨਕਾਰ ਕੀਤਾ ਸੀ। ਆਪਣੇ ਹਾਲੀਆ ਹਲਫ਼ਨਾਮੇ ਵਿੱਚ ਕਾਂਤ ਨੇ ਲਿਖਿਆ ”ਮੈਂ ਇੰਟੈਲੀਜੈਂਸ ਵਿੰਗ ਵੱਲੋਂ 2007 ਵਿੱਚ ਤਿਆਰ ਕੀਤੀ ਨਸ਼ਾ ਤਸਕਰਾਂ ਦੀ ਸੂਚੀ ਵਿਚਲੇ ਨਾਂ ਜਿੰਨੇ ਕੁ ਮੈਨੂੰ ਹਾਲੇ ਤੱਕ ਚੇਤੇ ਹਨ, ਇਕ ਸੀਲਬੰਦ ਲਿਫ਼ਾਫੇ ਵਿੱਚ ਦੇਣ ਲਈ ਤਿਆਰ ਹਾਂ।
”ਬਾਦਲ ਦੇ ਮੀਡੀਆ ਸਲਾਹਕਾਰ ਰਹੇ ਹਰਚਰਨ ਸਿੰਘ ਬੈਂਸ ਨੇ ਦੱਸਿਆ ”ਮੈਂ ਇਸ ਮੁੱਦੇ ਬਾਰੇ ਬਾਦਲ ਹੋਰਾਂ ਤੋਂ ਕਈ ਵਾਰ ਪੁੱਛਿਆ ਸੀ ਪਰ ਉਨ੍ਹਾਂ ਸ਼ਸ਼ੀਕਾਂਤ ਤੋਂ ਅਜਿਹੀ ਕੋਈ ਵੀ ਸੂਚੀ ਮਿਲਣ ਬਾਰੇ ਸਾਫ਼ ਇਨਕਾਰ ਕੀਤਾ ਸੀ।” ਇਸ ਕੇਸ ਵਿੱਚ ਇਕ ਧਿਰ ਬਣੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਸ਼ਸ਼ੀਕਾਂਤ ਤੋਂ ਇਲਾਵਾ ਹੋਰ ਕਿਸੇ ਨੇ ਇਹ ਸੂਚੀ ਨਹੀਂ ਦੇਖੀ।

Check Also

ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਟਰੀਟਮੈਂਟ ਹੋਇਆ ਸ਼ੁਰੂ

ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਗੱਲਬਾਤ ਲਈ ਦਿੱਤਾ ਸੱਦਾ ਪਟਿਆਲਾ/ਬਿਊਰੋ ਨਿਊਜ਼ : ਕਿਸਾਨੀ ਮੰਗਾਂ …