
500 ਕਰੋੜ ਰੁਪਏ ਵਾਲੇ ਬਿਆਨ ਸਬੰਧੀ ਵੀ ਬਦਲੇ ਸੁਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ’ਚ ਸਿਆਸੀ ਹਲਚਲ ਮਚਾਉਣ ਵਾਲੀ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂੁ ਨੇ ਕਿਹਾ ਹੈ ਕਿ ਮੈਂ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਮੰਨਦੀ। ਡਾ. ਸਿੱਧੂ ਨੇ ਕਿਹਾ ਕਿ ਮੈਂ ਕਦੀ ਨਹੀਂ ਕਿਹਾ ਕਿ ਪੰਜ-ਪੰਜ ਕਰੋੜ ਲੈ ਕੇ ਟਿਕਟਾਂ ਵੇਚੀਆਂ ਗਈਆਂ ਅਤੇ 500 ਕਰੋੜ ਰੁਪਏ ਵਾਲਾ ਮੁੱਦਾ ਵੀ ਪਤਾ ਨਹੀਂ ਕਿੱਥੋਂ ਆਇਆ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕੀਤੀ ਗਈ ਡਾ. ਸਿੱਧੂ ਨੇ ਕਿਹਾ ਕਿ ਮੈਨੂੰ ਮੁਅੱਤਲ ਕਰਨ ਤੋਂ ਪਹਿਲਾਂ ਮੇਰਾ ਪੱਖ ਤੱਕ ਨਹੀਂ ਲਿਆ ਗਿਆ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਨਹੀਂ ਮੰਨਦੀ ਹਾਂ। ਜਦੋਂ ਮੀਡੀਆ ਨੇ ਡਾ. ਸਿੱਧੂ ਨੂੰ ਕਿਸੇ ਹੋਰ ਪਾਰਟੀ ਵਿਚ ਜਾਣ ਸਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਕਿਸੇ ਦਾ ਫੋਨ ਹੀ ਨਹੀਂ ਚੁੱਕਦੀ। ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਸਬੰਧੀ ਉਨ੍ਹਾਂ ਕਿਹਾ ਸੀ ਕਿ ਸੀਐਮ ਬਣਨ ਲਈ ਸਾਡੇ ਕੋਲ ਦੇਣ ਲਈ 500 ਕਰੋੜ ਰੁਪਏ ਨਹੀਂ ਹਨ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਹਲਚਲ ਮਚ ਗਈ ਸੀ।

