ਅਰਵਿੰਦ ਕੇਜਰੀਵਾਲ ‘ਆਪ’ ਵਿਧਾਇਕਾਂ ਦੇ ਹੱਕ ਵਿਚ ਨਿੱਤਰੇ
ਕਿਹਾ : ਮਨੀਸ਼ ਸਿਸੋਦੀਆ ਖਿਲਾਫ਼ ਭਾਜਪਾ ਕੋਲ ਕੋਈ ਸਬੂਤ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਆਪ’ ਵਿਧਾਇਕਾਂ ਦੇ ਹੱਕ ਵਿਚ ਨਿੱਤਰ ਆਏ ਹਨ। ਦਿੱਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਖਿਲਾਫ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ 170 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 140 ਕੇਸਾਂ ਦਾ ਫੈਸਲਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਆਇਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਸਾਡੇ ਮੰਤਰੀਆਂ ਅਤੇ ਸੀਨੀਅਰ ਆਗੂਆਂ ਨੂੰ ਗਿ੍ਰਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਲੰਘੇ ਦਿਨੀਂ ਉਨ੍ਹਾਂ ਨੇ ਸੰਜੇ ਸਿੰਘ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਅਤੇ ਆਗੂ ਅਮਾਨਤੁੱਲਾ ਖ਼ਾਨ ਦੀ ਰਿਹਾਇਸ਼ ’ਤੇ ਛਾਪੇਮਾਰੀ ਵੀ ਕੀਤੀ ਪ੍ਰੰਤੂ ਕੁੱਝ ਵੀ ਬਰਾਮਦ ਨਹੀਂ ਹੋਇਆ। ਇਹ ਮਾਮਲੇ ਵੀ ਅਦਾਲਤ ਵਿਚ ਹਨ ਇਸ ਲਈ ਮੈਂ ਜ਼ਿਆਦਾ ਨਹੀਂ ਬੋਲਾਂਗਾ। ਪ੍ਰੰਤੂ ਮਨੀਸ਼ ਸਿਸੋਦੀਆ ਦੇ ਕੇਸ ਦੀ ਪਿਛਲੀ ਸੁਣਵਾਈ ’ਤੇ ਜੱਜ ਨੇ ਵਾਰ-ਵਾਰ ਕਿਹਾ ਕਿ ਕੋਈ ਸਬੂਤ ਦਿਓ ਪ੍ਰੰਤੂ ਇਨ੍ਹਾਂ ਕੋਲ ਜੇਲ੍ਹ ’ਚ ਬੰਦ ਮਨੀਸ਼ ਸਿਸੋਦੀਆ ਖਿਲਾਫ ਇਕ ਵੀ ਸਬੂਤ ਨਹੀਂ ਸੀ, ਜਿਸ ਦਾ ਮਤਲਬ ਹੈ ਕਿ ਇਹ ਪੂਰਾ ਮਾਮਲਾ ਫ਼ਰਜ਼ੀ ਹੈ।