ਜੀ-20 ਸਿਖਰ ਵਾਰਤਾ ਨੂੰ ਭਾਰਤ ਦੀ ਊਰਜਾ-ਸੁਰੱਖਿਆ ਦੇ ਆਲਮੀ ਵਿਕਾਸ ਲਈ ਅਹਿਮ ਦੱਸਿਆ
ਬਾਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਜੰਗ ਰੋਕਣ ਲਈ ‘ਗੋਲੀਬੰਦੀ ਤੇ ਕੂਟਨੀਤੀ’ ਦੇ ਰਾਹ ਪੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਸਤੇ ਭਾਅ ਰੂਸੀ ਤੇਲ ਤੇ ਗੈਸ ਖਰੀਦਣ ਖਿਲਾਫ ਊਰਜਾ ਸਪਲਾਈ ‘ਤੇ ਪਾਬੰਦੀਆਂ/ਰੋਕਾਂ ਲਾਉਣ ਦੇ ਪੱਛਮੀ ਮੁਲਕਾਂ ਦੇ ਸੱਦੇ ਦਾ ਵੀ ਵਿਰੋਧ ਕੀਤਾ। ਇੰਡੋਨੇਸ਼ੀਆ ਦੇ ਬਾਲੀ ‘ਚ ਜੀ-20 ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਾਤਾਵਾਰਨ ਤਬਦੀਲੀ, ਕੋਵਿਡ-19 ਮਹਾਮਾਰੀ, ਯੂਕਰੇਨ ‘ਚ ਜਾਰੀ ਟਕਰਾਅ ਅਤੇ ਇਸ ਨਾਲ ਜੁੜੀਆਂ ਆਲਮੀ ਮੁਸ਼ਕਲਾਂ ਨੇ ਪੂਰੇ ਵਿਸ਼ਵ ਵਿੱਚ ਤਬਾਹੀ ਮਚਾਈ ਹੋਈ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਆਲਮੀ ਸਪਲਾਈ ਚੇਨਾਂ ਨਿਘਾਰ ਵੱਲ ਹਨ। ਜੀ-20 ਸਮੂਹ ਦੀ ਪ੍ਰਧਾਨਗੀ ਭਾਰਤ ਨੂੰ ਮਿਲਣ ਦੇ ਹਵਾਲੇ ਨਾਲ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਮੂਹ ਦੇ ਆਗੂ ਮੀਟਿੰਗ ਲਈ ਬੁੱਧ ਤੇ ਗਾਂਧੀ ਦੀ ਪਵਿੱਤਰ ਧਰਤੀ ‘ਤੇ ਮਿਲਣਗੇ ਅਤੇ ਅਸੀਂ ਕੁੱਲ ਆਲਮ ਨੂੰ ਅਮਨ ਸ਼ਾਂਤੀ ਬਾਰੇ ਮਜ਼ਬੂਤ ਸੁਨੇਹਾ ਦੇਣ ਲਈ ਸਹਿਮਤ ਹੋਵਾਂਗੇ। ਸਿਖਰ ਵਾਰਤਾ ਦੇ ਖੁਰਾਕ ਤੇ ਊਰਜਾ ਸੁਰੱਖਿਆ ਬਾਰੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਲਮੀ ਮੁਸ਼ਕਲਾਂ ਨਾਲ ਜੁੜੀਆਂ ਉਲਝਣਾਂ ‘ਤੇ ਚਾਨਣਾ ਪਾਇਆ। ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਵਾਸਤਵਿਕ ਤੇ ਜ਼ਰੂਰੀ ਵਸਤਾਂ ਦਾ ਸੰਕਟ ਹੈ ਤੇ ਹਰੇਕ ਮੁਲਕ ਦੇ ਗਰੀਬ ਨਾਗਰਿਕਾਂ ਲਈ ਇਹ ਚੁਣੌਤੀ ਅੱਜ ‘ਹੋਰ ਗੰਭੀਰ’ ਹੋ ਗਈ ਹੈ।