ਨਵੀਂ ਦਿੱਲੀ/ਬਿਊਰੋ ਨਿਊਜ਼ : ਆਗਾਮੀ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ (ਐਮ. ਸੀ. ਡੀ.) ਚੋਣਾਂ ਲਈ ਟਿਕਟ ਦੇਣ ਤੋਂ ਇਨਕਾਰ ਕਰਨ ‘ਤੇ ਨਾਰਾਜ਼ਗੀ ਪ੍ਰਗਟਾਉਣ ਲਈ ਆਮ ਆਦਮੀ ਪਾਰਟੀ ਦਾ ਸਾਬਕਾ ਕੌਂਸਲਰ ਹਸੀਬ-ਉਲ-ਹਸਨ ਐਤਵਾਰ ਨੂੰ ਬਿਜਲੀ ਦੇ ਇਕ ਟਾਵਰ ‘ਤੇ ਚੜ੍ਹ ਗਿਆ। ਪੁਲਿਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਸਵੇਰੇ 10.51 ਵਜੇ ਗਾਂਧੀਨਗਰ ਇਲਾਕੇ ‘ਚ ਇਕ ਵਿਅਕਤੀ ਦੇ ਬਿਜਲੀ ਦੇ ਟਾਵਰ ‘ਤੇ ਚੜ੍ਹਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨਾਲ ਪੁਲਿਸ ਮੁਲਾਜ਼ਮ ਤੇ ਐਂਬੂਲੈਂਸ ਮੌਕੇ ‘ਤੇ ਪੁੱਜੇ ਅਤੇ ਸੀਨੀਅਰ ਅਧਿਕਾਰੀਆਂ ਦੀ ਅਪੀਲ ‘ਤੇ ਹਸਨ ਹੇਠਾਂ ਉਤਰ ਆਇਆ। ਉਸ ਨੇ ਟਾਵਰ ‘ਚ ਚੜ੍ਹਨ ਦੀ ਘਟਨਾ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਕਰਦਿਆਂ ਕਿਹਾ ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਮੌਤ ਲਈ ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ਤੇ ਆਤਿਸ਼ੀ ਜ਼ਿੰਮੇਵਾਰ ਹੋਣਗੇ ਕਿਉਂਕਿ ਇਨ੍ਹਾਂ ਮੇਰੇ ਦਸਤਾਵੇਜ਼ ਤੇ ਪਾਸ ਬੁੱਕ ਤੱਕ ਆਪਣੇ ਕੋਲ ਜਮ੍ਹਾਂ ਕਰਵਾ ਲਏ ਹਨ, ਜੋ ਵਾਰ-ਵਾਰ ਮੰਗਣ ‘ਤੇ ਵੀ ਵਾਪਸ ਨਹੀਂ ਕੀਤੇ ਜਾ ਰਹੇ। ਉਸ ਨੇ ਆਰੋਪ ਲਗਾਇਆ ਕਿ ਸੰਜੈ ਸਿੰਘ, ਦੁਰਗੇਸ਼ ਪਾਠਕ ਤੇ ਆਤਿਸ਼ੀ ਪਾਰਟੀ ‘ਚ ਭ੍ਰਿਸ਼ਟ ਲੋਕ ਹਨ ਅਤੇ ਇਨ੍ਹਾਂ ਨੇ ਟਿਕਟਾਂ 2-3 ਕਰੋੜ ਰੁਪਏ ‘ਚ ਵੇਚੀਆਂ ਹਨ। ਦੱਸਣਯੋਗ ਹੈ ਕਿ 250 ਵਾਰਡਾਂ ਵਾਲੀ ਐਮ.ਸੀ.ਡੀ. ਲਈ ਆਮ ਆਦਮੀ ਪਾਰਟੀ ਆਪਣੇ 117 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਚੁੱਕੀ ਹੈ।