13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਲੋਕ ਸਭਾ ਚੋਣਾਂ ਲਈ ਪਹਿਲੇ ਗੇੜ ਦੌਰਾਨ 89 ਸੀਟਾਂ ’ਤੇ ਲੰਘੀ 19 ਅਪ੍ਰੈਲ ਨੂੰ ਵੋਟਾਂ ਪਈਆਂ ਸਨ ਅਤੇ ਹੁਣ ਭਲਕੇ 26 ਅਪ੍ਰੈਲ ਨੂੰ ਦੂਜੇ ਗੇੜ ਦੀਆਂ ਵੋਟਾਂ ਪੈਣਗੀਆਂ। ਦੂਜੇ ਗੇੜ ਤਹਿਤ 1 ਕੇਂਦਰ ਸਾਸ਼ਿਤ ਪ੍ਰਦੇਸ਼ ਅਤੇ 12 ਸੂਬਿਆਂ ਦੀਆਂ 88 ਸੀਟਾਂ ’ਤੇ ਵੋਟਿੰਗ ਹੋਣੀ ਹੈ। ਚੋਣ ਕਮਿਸ਼ਨ ਦੇ ਮੁਤਾਬਕ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਵਿਚ 1198 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 1097 ਪੁਰਸ਼ ਅਤੇ 100 ਮਹਿਲਾ ਉਮੀਦਵਾਰ ਹਨ। ਜਦੋਂ ਕਿ ਇਕ ਥਰਡ ਜੈਂਡਰ ਹੈ। ਜ਼ਿਕਰਯੋਗ ਹੈ ਕਿ ਇਹ ਲੋਕ ਸਭਾ ਚੋਣਾਂ 7 ਗੇੜਾਂ ਵਿਚ ਹੋਣੀਆਂ ਹਨ। ਪੰਜਾਬ ਦੀ ਵਾਰੀ ਅਖੀਰਲੇ ਯਾਨੀ ਕਿ 7ਵੇਂ ਗੇੜ ਵਿਚ ਹੈ। ਇਸਦੇ ਚੱਲਦਿਆਂ ਪੰਜਾਬ ਵਿਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਇਨ੍ਹਾਂ ਸੱਤਾਂ ਗੇੜਾਂ ਦੀਆਂ ਵੋਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।