ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੁਰਬੀ ਲੱਦਾਖ ਵਿਚ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਦਰਮਿਆਨ ਅਸਲ ਕੰਟਰੋਲ ਰੇਖਾ ਨੇੜਲੇ ਮੂਹਰਲੇ ਟਿਕਾਣਿਆਂ ‘ਤੇ ਜੰਗੀ ਜਹਾਜ਼ਾਂ ਦੀ ਤਾਇਨਾਤੀ ਲਈ ਇੰਡੀਅਨ ਏਅਰ ਫੋਰਸ (ਆਈਏਐੱਫ) ਨੂੰ ਵਧਾਈ ਦਿੱਤੀ ਹੈ। ਰਾਜਨਾਥ ਸਿੰਘ ਨੇ ਹਵਾਈ ਫੌਜ ਦੀ ਪਿੱਠ ਥਾਪੜਦਿਆਂ ਕਿਹਾ ਕਿ ਉਸ ਵੱਲੋਂ ਕੀਤੇ ਬਾਲਾਕੋਟ ਹਮਲਿਆਂ ਤੇ ਮੌਜੂਦਾ ਜੰਗੀ ਤਿਆਰੀਆਂ ਕਰਕੇ ‘ਵਿਰੋਧੀਆਂ’ ਤੱਕ ਸਖ਼ਤ ਸੁਨੇਹਾ ਪੁੱਜਾ ਹੈ। ਰੱਖਿਆ ਮੰਤਰੀ ਤਿੰਨ ਰੋਜ਼ਾ ਕਾਨਫਰੰਸ ਦੇ ਪਹਿਲੇ ਦਿਨ ਇੰਡੀਅਨ ਏਅਰ ਫੋਰਸ ਦੇ ਸਿਖਰਲੇ ਕਮਾਂਡਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਹਵਾਈ ਸੈਨਾ ਨੂੰ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ- ਬਰ- ਤਿਆਰ ਰਹਿਣ ਦਾ ਸੱਦਾ ਦਿੱਤਾ। ਕਮਾਂਡਰਾਂ ਦੀ ਇਸ ਕਾਨਫਰੰਸ ਦਾ ਮੁੱਖ ਮੰਤਵ ਪੂਰਬੀ ਲੱਦਾਖ ਦੇ ਮੁਕੰਮਲ ਹਾਲਾਤ ‘ਤੇ ਚਿੰਤਨ ਕਰਨਾ ਹੈ। ઠਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਆਪਣੇ ਹਥਿਆਰਬੰਦ ਬਲਾਂ ਦੀ ਸਮਰੱਥਾ ‘ਤੇ ਪੂਰਾ ਭਰੋਸਾ ਹੈ। ਸਿੰਘ ਨੇ ਭਾਰਤੀ ਹਵਾਈ ਸੈਨਾ ਵੱਲੋਂ ਪਿਛਲੇ ਸਾਲ ਪਾਕਿਸਤਾਨ ਦੇ ਧੁਰ ਅੰਦਰ ਤੱਕ ਜਾ ਕੇ ਕੀਤੇ ਬਾਲਾਕੋਟ ਹਮਲੇ ਮੌਕੇ ਅਪਣਾਈ ‘ਪੇਸ਼ੇਵਰ ਪਹੁੰਚ’ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਹਵਾਈ ਸੈਨਾ ਵੱਲੋਂ ਪਿਛਲੇ ਕੁਝ ਮਹੀਨਿਆਂ ‘ਚ ਆਪਣੀ ਅਪਰੇਸ਼ਨਲ ਸਮਰੱਥਾ ਵਧਾਉਣ ਲਈ ਕੀਤੇ ਯਤਨਾਂ ਦੀ ਵੀ ਤਾਰੀਫ ਕੀਤੀ। ਸਿੰਘ ਨੇ ਅਸਲ ਕੰਟਰੋਲ ਰੇਖਾ ‘ਤੇ ਤਲਖੀ ਘਟਾਉਣ ਲਈ ਜਾਰੀ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਹਵਾਈ ਸੈਨਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ ਰਹਿਣ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨਵੀਂ ਤਕਨਾਲੋਜੀ ਮੁਤਾਬਕ ਢਲਣ ਲਈ ਆਈਏਐੱਫ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
Check Also
ਸੱਜਣ ਕੁਮਾਰ ਖਿਲਾਫ ਫੈਸਲਾ 31 ਜਨਵਰੀ ਤੱਕ ਅੱਗੇ ਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ …