ਨਵੀਂ ਦਿੱਲੀ/ ਬਿਊਰੋ ਨਿਊਜ਼ : ਪੰਜਾਬ ਨੈਸ਼ਨਲ ਬੈਂਕ ‘ਚ ਹੋਏ ਮਹਾਂਘੁਟਾਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਸਖ਼ਤੀ ਦਿਖਾਉਂਦਿਆਂ 91 ਵੱਡੇ ਘੁਟਾਲੇਬਾਜ਼ਾਂ ਦੇ ਦੇਸ਼ ਛੱਡਣ ‘ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਬੈਂਕਾਂ ਤੋਂ 50 ਕਰੋੜ ਤੋਂ ਵਧੇਰੇ ਦਾ ਕਰਜ਼ਾ ਲਿਆ ਹੋਇਆ ਹੈ ਪਰ ਵਾਪਸ ਨਹੀਂ ਕੀਤਾ। 400 ਲੋਕ ਵਿਲਫੁਲ ਡਿਫਾਲਟਰ : ਸਰਕਾਰ ਦੇ ਅੰਕੜਿਆਂ ਮੁਤਾਬਕ ਲਗਭਗ 400 ਲੋਕ ਵਿਲਫੁਲ ਡਿਫਾਲਟਰਾਂ ਦੀ ਸ਼੍ਰੇਣੀ ਵਿਚ ਹਨ। ਇਨ੍ਹਾਂ ਵਿਚੋਂ 91 ਲੋਕ ਅਜਿਹੇ ਹਨ, ਜਿਨ੍ਹਾਂ ‘ਤੇ ਜ਼ਿਆਦਾ ਬਕਾਇਆ ਹੈ। ਕੇਂਦਰ ਸਰਕਾਰ ਨੇ ਬੈਂਕਾਂ ਨੂੰ ਆਦੇਸ਼ ਦੇ ਕੇ ਅਜਿਹੇ ਡਿਫਾਲਟਰਾਂ ਦੀ ਪਾਸਪੋਰਟ ਡਿਟੇਲ ਵੀ ਮੰਗੀ ਹੈ। ਇਸ ਵਿਚ ਇਨ੍ਹਾਂ ਕੰਪਨੀਆਂ ਦੇ ਡਾਇਰੈਕਟਰਾਂ ਅਤੇ ਗਾਰੰਟਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕਰਜ਼ਾ ਲੈਣ ਲਈ ਫਾਰਮਾਂ ਵਿਚ ਦਸਤਖ਼ਤ ਕੀਤੇ ਹਨ।
ਟਾਪ ਡਿਫਾਲਟਰਾਂ ‘ਤੇ 26 ਹਜ਼ਾਰ ਕਰੋੜ ਰੁਪਏ : 11 ਟਾਪ ਡਿਫਾਲਟਰਾਂ ‘ਤੇ 26 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ। ਦੇਸ਼ ਵਿਚ 9 ਹਜ਼ਾਰ ਅਕਾਊਂਟ ਹਨ, ਜਿਨ੍ਹਾਂ ‘ਤੇ ਬੈਂਕਾਂ ਨੇ ਰਿਕਵਰੀ ਲਈ ਅਦਾਲਤਾਂ ਵਿਚ ਕੇਸ ਦਰਜ ਕੀਤੇ ਹੋਏ ਹਨ। ਬਕਾਏਦਾਰਾਂ ਦੀ ਸੂਚੀ ਵਿਚ ਸਭ ਤੋਂ ਪਹਿਲਾ ਨਾਂਅ ਇਕ ਡਾਇਮੰਡ ਕਾਰੋਬਾਰੀ ਦਾ ਹੈ। ‘ਫੋਰਏਵਰ’ ਜਿਊਲਰੀ ਅਤੇ ‘ਡਾਇਮੰਡ’ ਲਿਮਟਿਡ ਦਾ ਮਾਲਕ ਜਤਿਨ ਮਹਿਤਾ ਹੈ। ਮਹਿਤਾ ‘ਤੇ ਬੈਂਕਾਂ ਦਾ ਕਰੀਬ 5500 ਕਰੋੜ ਰੁਪਏ ਬਕਾਇਆ ਹੈ।
ਟਾਪ 4 ‘ਚ ਸ਼ਾਮਲ ਹਨ ਇਹ ਲੋਕ ਤੇ ਕੰਪਨੀਆਂ : ਟਾਪ 4 ‘ਚ ਜਤਿਨ ਮਹਿਤਾ ਤੋਂ ਬਾਅਦ ਕਿੰਗਫਿਸ਼ਰ ਏਅਰਲਾਈਨਸ ਦੇ ਮਾਲਕ ਵਿਜੇ ਮਾਲੀਆ ਦਾ ਨੰਬਰ ਆਉਂਦਾ ਹੈ, ਜਿਸ ‘ਤੇ 3 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ। ਤੀਜੇ ਨੰਬਰ ‘ਤੇ ਕੋਲਕਾਤਾ ਦੀ ਕੰਪਨੀ ‘ਆਰ.ਈ.ਆਈ. ਐਗਰੋ’ ਦਾ ਮਾਲਕ ਸੰਦੀਪ ਝੁਨਝੁਨਵਾਲਾ ਦਾ ਨਾਂਅ ਹੈ, ਜਿਸ ‘ਤੇ 2730 ਕਰੋੜ ਰੁਪਏ ਬਕਾਇਆ ਹੈ। ਸੰਦੀਪ ਦੀ ਕੰਪਨੀ ਇਕ ਸਮੇਂ ‘ਚ ਲੰਡਨ ਅਤੇ ਸਿੰਗਾਪੁਰ ਸਟਾਕ ਐਕਸਚੇਂਜ਼ ‘ਤੇ ਲਿਸਟਿਡ ਸੀ। ਇਸ ਦੇ ਨਾਲ ਹੀ ਉਹ ਆਈ.ਪੀ.ਐਲ. ਦੀ ਇਕ ਟੀਮ ਦੀ ਕੋ-ਸਪਾਂਸਰ ਵੀ ਸੀ। ਚੌਥੇ ਨੰਬਰ ‘ਤੇ ਮਹੁਆ ਮੀਡੀਆ ਦੇ ਮਾਲਕ ਪੀ.ਕੇ ਤਿਵਾੜੀ ਦਾ ਨਾਂਅ ਹੈ। ਤਿਵਾੜੀ ਚਾਰ ਕੰਪਨੀਆਂ ਮਹੂਆ ਮੀਡੀਆ, ਪਰਲ ਸਟੂਡੀਓ ਪ੍ਰਾਈਵੇਟ ਲਿਮਟਿਡ, ਸੈਂਚੁਰੀ ਕਮਿਊਨੀਕੇਸ਼ਨ ਅਤੇ ਪਿਕਸਨ ਮੀਡੀਆ ‘ਤੇ 2416 ਕਰੋੜ ਰੁਪਏ ਦਾ ਬਕਾਇਆ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …