ਜਲਿਆਂਵਾਲਾ ਬਾਗ ‘ਚ ਲੰਬੇ ਸੰਘਰਸ਼ ਤੋਂ ਬਾਅਦ ਸ਼ਹੀਦ ਊਧਮ ਸਿੰਘ ਦਾ ਬੁੱਤ ਹੋਇਆ ਸਥਾਪਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਹੀਦ ਊਧਮ ਸਿੰਘ੩ ਦਾ ਨਾਂ ਜ਼ਹਿਨ ਵਿਚ ਆਉਂਦਿਆਂ ਹੀ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਅੱਖਾਂ ਸਾਹਮਣੇ ਬਲੈਕ ਐਂਡ ਵਾੲ੍ਹੀਟ ਫ਼ਿਲਮ ਵਾਂਗ ਚੱਲਣ ਲੱਗਦਾ ਹੈ ਤੇ ਨਾਲ ਹੀ ਊਧਮ ਸਿੰਘ ਦੇ ਜੋਸ਼ ਨੂੰ ਦੇਖਦਿਆਂ, ਖ਼ੂਨੀ ਸਾਕੇ ਦੇ ਲਏ ਬਦਲੇ ਨੂੰ ਮਹਿਸੂਸ ਕਰਦਿਆਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਤੇ ਆਪ ਮੁਹਾਰੇ ਸਿੱਜਦਾ ਕਰਨ ਨੂੰ ਸ਼ੀਸ਼ ਸ਼ਹੀਦ ਊਧਮ ਸਿੰਘ ਸਾਹਮਣੇ ਝੁਕ ਜਾਂਦਾ ਹੈ। ਪਰ ਉਸੇ ਊਧਮ ਸਿੰਘ ਨੂੰ ਸ਼ਹਾਦਤ ਤੋਂ ਬਾਅਦ ਆਪਣੇ ਹੀ ਘਰ ਵਿਚ ਥਾਂ ਲੈਣ ਲਈ 77 ਸਾਲ 7 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਿਆ। ਬਿਲਕੁੱਲ ਸੱਚ, 77 ਸਾਲ 7 ਮਹੀਨਿਆਂ ਬਾਅਦ ਸ਼ਹੀਦ ਊਧਮ ਸਿੰਘ ਦਾ ਬੁੱਤ ਜਲਿਆਂਵਾਲੇ ਬਾਗ ਵਿਚ ਸਥਾਪਤ ਕੀਤਾ ਜਾਂਦਾ ਹੈ। ਵੱਖੋ-ਵੱਖ ਸਮਾਜਿਕ, ਲਿਖਾਰੀ ਅਤੇ ਜੁਝਾਰੂ ਜਥੇਬੰਦੀਆਂ ਦੇ ਲੰਮੇਂ ਸੰਘਰਸ਼ ਤੋਂ ਬਾਅਦ ਆਖ਼ਰ ਸਰਕਾਰਾਂ ਤੇ ਪ੍ਰਸ਼ਾਸਨ ਨੇ ਜਲਿਆਂਵਾਲੇ ਬਾਗ ਦੇ ਮੁੱਖ ਦਰਵਾਜੇ ਵਿਚ ਵੜਦਿਆਂ ਹੀ ਖੱਬੇ ਹੱਥ ਕੁੱਝ ਗਿੱਠ ਥਾਂ ਛੱਡੀ, ਜਿੱਥੇ 13 ਮਾਰਚ 2018 ਨੂੰ ਊਧਮ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ, ਜਿਸਦੀ ਮੁੱਠੀ ਵਿਚ ਇਸੇ ਜਲਿਆਂਵਾਲੇ ਬਾਗ ਦੀ ਆਪਣਿਆਂ ਦੇ ਖੂਨ ਨਾਲ ਭਿੱਜੀ ਉਹ ਮਿੱਟੀ ਹੈ ਜਿਸ ਨੂੰ ਹੱਥ ਵਿਚ ਲੈ ਕੇ ਕਿਸੇ ਸਮੇਂ ਭਗਤ ਸਿੰਘ ਨੇ ਵੀ ਸਹੁੰ ਖਾਧੀ ਸੀ ਤੇ ਉਹੀ ਸਹੁੰ ਖਾਂਦਿਆਂ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਦਰਸਾਇਆ ਗਿਆ ਹੈ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਸਥਾਨਕ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਕੀ ਅਧਿਕਾਰੀ ਮੌਜੂਦ ਸਨ ਜਦੋਂ ਬੁੱਤ ਤੋਂ ਪਰਦਾ ਹਟਾਇਆ ਜਾਂਦਾ ਹੈ, ਪਰ ਸਵਾਲ ਇਹ ਹੈ ਕਿ ਬੇਸ਼ੱਕ ਉਸੇ ਦਿਨ 13 ਮਾਰਚ 1940 ਨੂੰ ਜਦੋਂ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਜਨਰਲ ‘ਮਾਇਕਲ ਓ ਡਾਇਰ’ ਨੂੰ ਮੌਤ ਦੇ ਘਾਟ ਉਤਾਰਿਆ ਸੀ, 13 ਮਾਰਚ 2018 ਨੂੰ ਬੁੱਤ ਸਥਾਪਤ ਕੀਤਾ ਗਿਆ। ਪਰ ਇਸ ਇਤਿਹਾਸਕ ਪਲਾਂ ਨੂੰ ਅੰਜਾਮ ਦੇਣ ਵਿਚ 77 ਸਾਲ ਦਾ ਵਕਫ਼ਾ ਕਿਉਂ ਲੱਗਿਆ। ਧਿਆਨ ਰਹੇ ਕਿ ਜਨਰਲ ‘ਮਾਇਕਲ ਓ ਡਾਇਰ’ ਨੂੰ ਮਾਰਨ ਤੋਂ ਬਾਅਦ ਊਧਮ ਸਿੰਘ ਨੇ ਨਾ ਬਚਣ ਦੀ ਕੋਸ਼ਿਸ਼ ਕੀਤੀ ਨਾ ਭੱਜਣ ਦੀ ਕੋਸ਼ਿਸ਼ ਕੀਤੀ। ਬਲਕਿ ਅਦਾਲਤ ਵਿਚ ਫਖ਼ਰ ਨਾਲ ਸਿਰ ਚੁੱਕ ਕੇ ਆਖ਼ਿਆ ਕਿ ਮੈਂ ਆਪਣੇ ਬੇਗੁਨਾਹ ਭੈਣ-ਭਰਾਵਾਂ, ਬਜ਼ੁਰਗਾਂ ਅਤੇ ਬੱਚਿਆਂ ਦਾ ਬਦਲਾ ਲਿਆ ਹੈ। ਉਸ ਯੋਧੇ ਨੂੰ 31 ਜੁਲਾਈ 1940 ਨੂੰ ਫ਼ਾਂਸੀ ਦੇ ਤਖ਼ਤੇ ‘ਤੇ ਲਟਕਾ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਭਾਰਤੀ ਨੌਜਵਾਨਾਂ ਦਾ ਆਦਰਸ਼ ਬਣਦਾ ਹੈ। ਉਸਦੇ ਨਾਂ ‘ਤੇ ਅਨੇਕਾਂ ਸਕੂਲ, ਕਾਲਜ, ਜਥੇਬੰਦੀਆਂ, ਸੰਸਥਾਵਾਂ ਜਿੱਥੇ ਸਥਾਪਤ ਹੁੰਦੀਆਂ ਹਨ, ਉੱਥੇ ਉਸਦਾ ਸ਼ਹੀਦੀ ਦਿਹਾੜਾ ਵੀ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ, ਕਈ ਥਾਵਾਂ ‘ਤੇ ਉਸਦੇ ਬੁੱਤ ਸਥਾਪਤ ਹੁੰਦੇ ਹਨ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਦੀ ਇਸ ਮੰਗ ਨੂੰ ਕਿ ਊਧਮ ਸਿੰਘ ਦਾ ਬੁੱਤ ਜਲਿਆਂਵਾਲੇ ਬਾਗ ਵਿਚ ਸਥਾਪਤ ਕੀਤਾ ਜਾਵੇ, ਦਰਕਿਨਾਰ ਕੀਤਾ। ਹੁਣ 31 ਜੁਲਾਈ 1940 ਤੋਂ ਲੈ ਕੇ 13 ਮਾਰਚ 2018 ਤੱਕ 77 ਸਾਲ 7 ਮਹੀਨਿਆਂ ਬਾਅਦ ਸ਼ਹੀਦ ਊਧਮ ਸਿੰਘ ਦਾ ਬੁੱਤ ਆਪਣੇ ਘਰ, ਭਾਵ ਜਲਿਆਂਵਾਲੇ ਬਾਗ ਵਿਚ ਸਥਾਪਤ ਹੋਇਆ ਹੈ, ਦੇਰ ਨਾਲ ਸਹੀ ਪਰ ਦਰੁਸਤ ਹੋਇਆ।
ਬੁੱਤ ਲਈ ਤਾਰਨਾ ਪਿਆ 50 ਹਜ਼ਾਰ ਰੁਪਏ ਜੀਐੱਸਟੀ
ਅੰਮ੍ਰਿਤਸਰ : ਜਲਿਆਂਵਾਲੇ ਬਾਗ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ। ਇਸ ਮੌਕੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਸੂਬਾ ਸਰਕਾਰ ਦੇ ਮੰਤਰੀਆਂ ਨੇ ਵੱਡਾ ਸਮਾਗਮ ਕਰਕੇ ਕਈ ਐਲਾਨ ਵੀ ਕੀਤੇ। ਇਹ ਬੁੱਤ ਦਾ ਨਿਰਮਾਣ ਅੰਤਰਰਾਸ਼ਟਰੀ ਕੰਬੋਜ ਸਮਾਜ ਵੱਲੋਂ ਕਰਵਾਇਆ ਗਿਆ ਹੈ, ਪਰ ਦੋਵੇਂ ਸਰਕਾਰਾਂ ਨੇ ਇਸ ਬੁੱਤ ਦਾ ਖਰਚਾ ਤਾਂ ਕੀ ਦੇਣਾ ਸੀ ਬਲਕਿ ਕੰਬੋਜ ਸਮਾਜ ਤੋਂ 50 ਹਜ਼ਾਰ ਰੁਪਇਆ ਜੀਐੱਸਟੀ ਦੇ ਰੂਪ ਵਿਚ ਵਸੂਲਿਆ ਗਿਆ। ਊਧਮ ਸਿੰਘ ਦੇ ਬੁੱਤ ਦੀ ਲੰਬਾਈ ਲਗਭਗ 11 ਫੁੱਟ ਹੈ, ਅੰਤਰਰਾਸ਼ਟਰੀ ਕੰਬੋਜ ਸਮਾਜ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਦੱਸਿਆ ਕਿ ਬੁੱਤ ਦੀ ਸਥਾਪਨਾ ‘ਤੇ 10 ਲੱਖ ਰੁਪਇਆ ਦਾ ਖਰਚਾ ਆਇਆ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …