Breaking News
Home / ਹਫ਼ਤਾਵਾਰੀ ਫੇਰੀ / ਜਾਮੀਆ ਦੀਆਂ ਵਿਦਿਆਰਥਣਾਂ ਨੇ ਰੋ-ਰੋ ਕੇ ਰਾਤ ਲੰਘਾਈ

ਜਾਮੀਆ ਦੀਆਂ ਵਿਦਿਆਰਥਣਾਂ ਨੇ ਰੋ-ਰੋ ਕੇ ਰਾਤ ਲੰਘਾਈ

ਗਾਲ੍ਹਾਂ ਕੱਢਦੇ ਪੁਲਸੀਏ ਅੰਦਰ ਆਏ ਤੇ ਵਰ੍ਹਾਉਂਦੇ ਰਹੇ ਲਾਠੀਆਂ
ਨਵੀਂ ਦਿੱਲੀ: ”ਅਸੀਂ ਸੋਚਿਆ ਸੀ ਦਿੱਲੀ ਵਿਦਿਆਰਥੀਆਂ ਲਈ ਸਭ ਤੋਂ ਸੁਰੱਖਿਅਤ ਟਿਕਾਣਾ ਹੈ ਅਤੇ ਇਹ ਕੇਂਦਰੀ ਯੂਨੀਵਰਸਿਟੀ ਹੈ ਜਿਸ ‘ਚ ਸਾਡਾ ਕੋਈ ਕੁਝ ਵੀ ਨਹੀਂ ਵਿਗੜ ਸਕਦਾ। ਅਸੀਂ ਸਾਰੀ ਰਾਤ ਰੋਂਦੇ-ਕੁਰਲਾਉਂਦੇ ਰਹੇ। ਇਹ ਸਾਡੇ ਨਾਲ ਕੀ ਹੋ ਰਿਹਾ ਹੈ।” ਇਹ ਦਾਸਤਾਨ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਉਨ੍ਹਾਂ ਵਿਦਿਆਰਥੀਆਂ ਦੀ ਹੈ, ਜਿਨ੍ਹਾਂ ਐਤਵਾਰ ਰਾਤ ਪੁਲਿਸ ਕਾਰਵਾਈ ਦਾ ਮੰਜ਼ਰ ਆਪਣੀ ਅੱਖੀਂ ਦੇਖਿਆ। ਸਹਿਮੀਆਂ ਹੋਈਆਂ ਵਿਦਿਆਰਥਣਾਂ ਨੇ ਕਿਹਾ ਕਿ ਉਹ ਹੋਸਟਲ ਛੱਡ ਕੇ ਜਾ ਰਹੀਆਂ ਹਨ। ਇਕ ਹੋਰ ਵਿਦਿਆਰਥਣ ਨੇ ਕਿਹਾ, ”ਮੈਂ ਪੂਰੇ ਮੁਲਕ ‘ਚ ਆਪਣੇ ਆਪ ਨੂੰ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਮੈਨੂੰ ਨਹੀਂ ਪਤਾ ਕਿ ਮੈਂ ਕਿਥੇ ਜਾਵਾਂਗੀ ਅਤੇ ਕਿਤੇ ਮੈਂ ਹਜੂਮੀ ਹਿੰਸਾ (ਲਿੰਚਿੰਗ) ਦਾ ਸ਼ਿਕਾਰ ਨਾ ਬਣ ਜਾਵਾਂ। ਮੈਂ ਨਹੀਂ ਜਾਣਦੀ ਕਿ ਭਲਕੇ ਮੇਰੇ ਦੋਸਤ ਭਾਰਤੀ ਨਾਗਰਿਕ ਰਹਿਣਗੇ ਜਾਂ ਨਹੀਂ।” ਨਾਗਰਿਕਤਾ ਸੋਧ ਐਕਟ ਖਿਲਾਫ ਐਤਵਾਰ ਨੂੰ ਕੌਮੀ ਰਾਜਧਾਨੀ ‘ਚ ਹੋਏ ਪ੍ਰਦਰਸ਼ਨਾਂ ਮਗਰੋਂ ਪੁਲਿਸ ਨੇ ਜਬਰੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ‘ਚ ਦਾਖ਼ਲ ਹੋ ਕੇ ਉਥੇ ਬੇਕਸੂਰ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਸੀ। ਸੜਕਾਂ ਅਤੇ ਲਾਇਬ੍ਰੇਰੀ ‘ਚ ਪੁਲਿਸ ਦੀ ਮਾਰ ਨਾਲ ਵਿਦਿਆਰਥੀ ਲਹੂ ਲੁਹਾਣ ਹੋ ਗਏ ਸਨ। ਕਈ ਵਿਦਿਆਰਥਣਾਂ ਨੇ ਝਾੜੀਆਂ ‘ਚ ਛੁਪ ਕੇ ਜਾਨ ਬਚਾਈ। ਕਰੀਬ 100 ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈਣ ਮਗਰੋਂ ਤੜਕੇ ਸਾਢੇ ਤਿੰਨ ਵਜੇ ਰਿਹਾਅ ਕੀਤਾ ਗਿਆ।
ਇਕ ਹੋਰ ਵਿਦਿਆਰਥੀ ਨੇ ਕਿਹਾ, ”ਮੈਂ ਤਾਂ ਮੁਸਲਮਾਨ ਨਹੀਂ ਹਾਂ ਪਰ ਫਿਰ ਵੀ ਪਹਿਲੇ ਦਿਨ ਤੋਂ ਐਕਟ ਖਿਲਾਫ ਡਟਿਆ ਹੋਇਆ ਹਾਂ। ਕਿਉਂਕਿ ਜੇਕਰ ਅਸੀਂ ਸਹੀ ਦੇ ਨਾਲ ਖੜ੍ਹੇ ਨਹੀਂ ਹੋ ਸਕਦੇ ਤਾਂ ਸਿੱਖਿਆ ਲੈਣ ਦਾ ਕੋਈ ਫਾਇਦਾ ਨਹੀਂ ਹੈ।” ਜਾਮੀਆ ਕੈਂਪਸ ‘ਚ ਪੁਲਿਸ ਦੇ ਦਾਖ਼ਲੇ ਮਗਰੋਂ ਪੈਦਾ ਹੋਏ ਖ਼ੌਫ਼ ਬਾਰੇ ਇਕ ਹੋਰ ਵਿਦਿਆਰਥਣ ਨੇ ਦੱਸਿਆ ਕਿ ਉਹ ਜਦੋਂ ਲਾਇਬ੍ਰੇਰੀ ‘ਚ ਸਨ ਤਾਂ ਸੁਪਰਵਾਈਜ਼ਰ ਨੇ ਦੱਸਿਆ ਕਿ ਹਾਲਾਤ ਵਿਗੜ ਗਏ ਹਨ। ‘ਮੈਂ ਉਥੋਂ ਨਿਕਲਣ ਵਾਲੀ ਹੀ ਸੀ ਕਿ ਵੱਡੀ ਗਿਣਤੀ ‘ਚ ਵਿਦਿਆਰਥੀ ਉਥੇ ਪਹੁੰਚ ਗਏ ਅਤੇ ਪੂਰੀ ਲਾਇਬ੍ਰੇਰੀ 30 ਮਿੰਟਾਂ ‘ਚ ਭਰ ਗਈ। ਲਾਠੀਆਂ ਮਾਰਦੇ ਸਿਪਾਹੀ ਅੰਦਰ ਆਏ ਅਤੇ ਉਨ੍ਹਾਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਸਾਰਿਆਂ ਨੂੰ ਲਾਇਬ੍ਰੇਰੀ ‘ਚੋਂ ਜਾਣ ਲਈ ਆਖ ਰਹੇ ਸਨ। ਅਸੀਂ ਜਦੋਂ ਬਾਹਰ ਜਾਣ ਲੱਗੇ ਤਾਂ ਸਾਡੇ ਹੱਥ ਖੜ੍ਹੇ ਕਰਵਾਏ ਗਏ।” ਵਿਦਿਆਰਥਣ ਨੇ ਦੱਸਿਆ ਕਿ ਉਹ ਜਦੋਂ ਹੋਸਟਲ ਵੱਲ ਜਾ ਰਹੀ ਸੀ ਤਾਂ ਸੜਕ ‘ਤੇ ਡਿੱਗੇ ਹੋਏ ਵਿਦਿਆਰਥੀ ਦਿਖੇ ਜੋ ਬੇਹੋਸ਼ ਜਾਪ ਰਹੇ ਸਨ। ਜਦੋਂ ਉਹ ਹੋਸਟਲ ਪੁੱਜੀ ਤਾਂ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਮਹਿਲਾ ਪੁਲੀਸ ਕਰਮੀ ਉਨ੍ਹਾਂ ਨੂੰ ਕੁੱਟਣ ਲਈ ਆ ਰਹੀ ਹੈ। ‘ਮੈਂ ਝਾੜੀਆਂ ‘ਚ ਜਾ ਕੇ ਛੁਪ ਗਈ। ਫਿਰ ਕੁਝ ਸਮੇਂ ਬਾਅਦ ਮੈਂ ਹੋਸਟਲ ਪਰਤੀ। ਰਾਹ ‘ਚ ਜ਼ਖ਼ਮੀ ਤੇ ਖੂਨੋ-ਖੂਨ ਹੋਏ ਕਈ ਵਿਦਿਆਰਥੀ ਦੇਖੇ।’ ਵਿਦਿਆਰਥੀਆਂ ਮੁਤਾਬਕ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਅਤੇ ਹਿੰਸਾ ਨਾਲ ਉਨ੍ਹਾਂ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਧਰ ਪੁਲਿਸ ਨੇ ਕਿਹਾ ਕਿ ਭੀੜ ‘ਚ ਸ਼ਰਾਰਤੀ ਅਨਸਰ ਹੋ ਸਕਦੇ ਹਨ ਜਿਨ੍ਹਾਂ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ। ਸੀਨੀਅਰ ਪੁਲਿਸ ਅਧਿਕਾਰੀ ਚਿਨਮਯਾ ਬਿਸਵਾਲ ਨੇ ਦਾਅਵਾ ਕੀਤਾ ਕਿ ਹਿੰਸਕ ਭੀੜ ਨੇ ਯੂਨੀਵਰਸਿਟੀ ਅੰਦਰ ਦਾਖ਼ਲ ਹੋ ਕੇ ਪੁਲਿਸ ‘ਤੇ ਪਥਰਾਅ ਕੀਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ਅੰਦਰ ਜਾਣਾ ਪਿਆ।

Check Also

ਸ੍ਰੀ ਹੇਮਕੁੰਟ ਸਾਹਿਬ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਹੋਇਆ ਰਵਾਨਾ

ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਵਾਸਤੇ 25 ਮਈ ਨੂੰ ਖੋਲ੍ਹੇ ਜਾਣਗੇ ਅੰਮ੍ਰਿਤਸਰ/ਬਿਊਰੋ ਨਿਊਜ਼ : ਉੱਤਰਾਖੰਡ …