Breaking News
Home / ਹਫ਼ਤਾਵਾਰੀ ਫੇਰੀ / ਬਰੈਂਪਟਨ ਦੀਆਂ 6 ਸੀਟਾਂ ਵਿੱਚੋਂ 5 ਲਿਬਰਲ ਪਾਰਟੀ ਨੇ ਜਿੱਤੀਆਂ

ਬਰੈਂਪਟਨ ਦੀਆਂ 6 ਸੀਟਾਂ ਵਿੱਚੋਂ 5 ਲਿਬਰਲ ਪਾਰਟੀ ਨੇ ਜਿੱਤੀਆਂ

ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਦੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ
ਬਰੈਂਪਟਨ/ਡਾ. ਝੰਡ : ਲੰਘੀ 28 ਅਪ੍ਰੈਲ ਨੂੰ ਹੋਈ ਫ਼ੈੱਡਰਲ ਚੋਣ ਵਿੱਚ ਲਿਬਰਲ ਪਾਰਟੀ ਨੇ ਆਪਣੇ ਨੇਤਾ ਮਾਰਕ ਕਾਰਨੀ ਦੀ ਅਗਵਾਈ ਵਿੱਚ 343 ਸੀਟਾਂ ਵਿੱਚੋਂ 168 ਸੀਟਾਂ ਜਿੱਤ ਕੇ ਲਗਾਤਾਰ ਚੌਥੀ ਵਾਰ ਆਪਣੀ ਜਿੱਤ ਦਰਜ ਕਰਵਾਈ ਹੈ।
ਬੇਸ਼ਕ, ਪਾਰਟੀ ਬਹੁਮੱਤ ਤੋਂ ਚਾਰ ਸੀਟਾਂ ਪਿੱਛੇ ਰਹਿ ਗਈ ਹੈ ਪਰ ਹਾਊਸ ਆਫ਼ ਕਾਮਨਜ਼ ਵਿੱਚ ਸੱਭ ਤੋਂ ਵੱਡੀ ਧਿਰ ਹੋਣ ਦੇ ਨਾਤੇ ਇਸ ਦੇ ਵੱਲੋਂ ਸਰਕਾਰ ਬਨਾਉਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਇਸ ਨੂੰ ਦੂਸਰੀਆਂ ਪਾਰਟੀਆਂ ਐੱਨ.ਡੀ.ਪੀ. ਜਾਂ ਬਲਾਕ ਕਿਊਬਿਕ ਵੱਲੋਂ ਸਹਿਯੋਗ ਮਿਲਣ ਦੀ ਪੂਰੀ ਆਸ ਹੈ। ਕੰਸਰਵੇਟਿਵ ਪਾਰਟੀ 144 ਸੀਟਾਂ ਲੈ ਕੇ ਮੁੱਖ ਵਿਰੋਧੀ ਪਾਰਟੀ ਵਜੋਂ ਸਾਹਮਣੇ ਆਈ ਹੈ। ਲਿਬਰਲ ਪਾਰਟੀ ਦੀ ਇਹ ਜਿੱਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51’ਵਾਂ ਰਾਜ ਬਣਾਏ ਜਾਣ ਦੀ ‘ਸਲਾਹ’ (ਧਮਕੀ) ਦੇ ਵਿਰੋਧ ਵਜੋਂ ਕੈਨੇਡੀਅਨ ਵੋਟਰਾਂ ਦੇ ਗੁੱਸੇ ਦਾ ਪ੍ਰਗਟਾਵਾ ਸਮਝੀ ਜਾ ਰਹੀ ਹੈ। ਲਿਬਰਲ ਪਾਰਟੀ ਵਾਲੇ ਇਸਨੂੰ ਮਾਰਕ ਕਾਰਨੀ ਵੱਲੋਂ ਕੈਨੇਡਾ ਨੂੰ ਹੋਰ ਮਜ਼ਬੂਤ ਕਰਨ ਦਾ ਦਾਅਵਾ ਮੰਨ ਰਹੇ ਹਨ। ਇਸ ਦੇ ਨਾਲ ਹੀ ਬੜੀ ਹੈਰਾਨੀ ਦੀ ਗੱਲ ਹੈ ਕਿ ਕੰਸਰਵੇਟਿਵ ਪਾਰਟੀ ਦੇ ਲੀਡਰ ਪਿਅਰੇ ਪੌਲੀਵਰ ਅਤੇ ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ ਦੋਵੇਂ ਹੀ ਇਸ ਚੋਣ ਵਿੱਚ ਬੜੀ ਬੁਰੀ ਤਰ੍ਹਾਂ ਹਾਰ ਗਏ ਹਨ। ਜਗਮੀਤ ਸਿੰਘ ਨੇ ਤਾਂ ਐੱਨ.ਡੀ.ਪੀ. ਦੇ ਮੁਖੀ ਵਜੋਂ ਆਪਣਾ ਅਸਤੀਫ਼ਾ ਵੀ ਦੇ ਦਿੱਤਾ ਹੈ, ਜਦਕਿ ਪਿਅਰੇ ਪੌਲੀਵਰ ਦਾ ਅਜੇ ਆਉਣਾ ਬਾਕੀ ਹੈ। (ਸਫਾ 01 ਦੀ ਬਾਕੀ)
ਬਰੈਂਪਟਨ ਦੀਆਂ ਛੇ ਸੀਟਾਂ ਵਿੱਚੋਂ ਪੰਜ ਲਿਬਰਲ ਪਾਰਟੀ ਨੇ ਜਿੱਤੀਆਂ ਹਨ, ਜਦਕਿ ਬਰੈਂਪਟਨ ਵੈੱਸਟ ਤੋਂ ਸਾਬਕਾ ਸਿਹਤ ਮੰਤਰੀ ਕਮਲ ਖਹਿਰਾ ਇਹ ਸੀਟ ਹਾਰ ਗਏ ਹਨ।
ਇਸ ਤਰ੍ਹਾਂ ਕੰਸਰਵੇਟਿਵ ਪਾਰਟੀ ਲਿਬਰਲਾਂ ਦੇ ‘ਮਜ਼ਬੂਤ ਕਿਲ੍ਹੇ’ ਬਰੈਂਪਟਨ ਵਿੱਚ ਸੰਨ੍ਹ ਲਾਉਣ ਵਿਚ ਕਾਮਯਾਬ ਹੋ ਗਈ ਹੈ ਜਿੱਥੋਂ ਪੰਜੇ ਦੀਆਂ ਪੰਜੇ ਸੀਟਾਂ ਪਹਿਲਾਂ ਲਿਬਰਲਾਂ ਦੇ ਖ਼ਾਤੇ ਵਿੱਚ ਜਾਂਦੀਆਂ ਸਨ। ਇਸ ਵਾਰ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਗਿੱਲ 1022 ਵੋਟਾਂ ਦੇ ਫ਼ਰਕ ਨਾਲ ਇਹ ਸੀਟ ਜਿੱਤੇ ਹਨ।
ਬਰੈਂਪਟਨ ਦੀ ਛੇਵੀਂ ਸੀਟ ‘ਬਰੈਂਪਟਨ ਚਿੰਗੂਆਕੂਜ਼ੀ’ ਤਾਂ ਇਸ ਵਾਰ ਹੀ ਨਵੀਂ ਬਣੀ ਹੈ ਜਿੱਥੋਂ ਲਿਬਰਲ ਪਾਰਟੀ ਦੇ ਉਮੀਦਵਾਰ ਸ਼ਫ਼ਕਤ ਅਲੀ ਕਾਮਯਾਬ ਹੋਏ ਹਨ। ਇਸ ਤੋਂ ਪਹਿਲਾਂ ਉਹ ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਨ। ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਬਰੈਂਪਟਨ ਨਾਰਥ/ਕੈਲੇਡਨ ਤੋਂ ਰੂਬੀ ਸਹੋਤਾ, ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ, ਬਰੈਂਪਟਨ ਸੈਂਟਰ ਤੋਂ ਅਮਨਦੀਪ ਸੋਢੀ ਸਫ਼ਲ ਹੋਏ ਹਨ।
ਇਸ ਚੋਣ ਵਿੱਚ 70 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਸਨ ਜਿਨ੍ਹਾਂ ਵਿੱਚੋਂ 22 ਉਮੀਦਵਾਰਾਂ ਨੇ ਇਸ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿੱਚੋਂ 19 ਉਮੀਦਵਾਰ ਲਿਬਰਲ ਪਾਰਟੀ ਵੱਲੋਂ ਕਾਮਯਾਬ ਹੋਏ ਹਨ, ਜਦ ਕਿ ਤਿੰਨ ਉਮੀਦਵਾਰ ਕੈਲੇਗਰੀ ਤੋਂ ਕੰਸਰਵੇਟਿਵ ਪਾਰਟੀ ਦੀਆਂ ਟਿੱਕਟਾਂ ‘ਤੇ ਜਿੱਤੇ ਹਨ। ਇਸ ਤਰ੍ਹਾਂ ‘ਹਾਊਸ ਆਫ਼ ਕਾਮਨਜ਼’ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਰਹੇਗਾ।
ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੇ ਆਪਣੀ ਇਸ ਸੀਟ ਉੱਪਰ ਚੌਥੀ ਵਾਰ ਜਿੱਤ ਦਰਜ ਕਰਵਾਈ ਹੈ। ਉਨ੍ਹਾਂ ਨੇ ਆਪਣੀ ਨੇੜਲੇ ਵਿਰੋਧੀ ਕੰਸਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੂੰ 633 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਉਨ੍ਹਾਂ ਨੂੰ 21,477 ਵੋਟਾਂ ਮਿਲੀਆਂ, ਜਦ ਕਿ ਕੰਗ 20,844 ਵੋਟਾਂ ਲੈ ਕੇ ਦੂਸਰੇ ਨੰਬਰ ‘ਤੇ ਰਹੀ।
ਦੂਸਰੇ ਉਮੀਦਵਾਰਾਂ ਐੱਨ.ਡੀ.ਪੀ. ਦੀ ਰਜਨੀ ਸ਼ਰਮਾ ਨੂੰ ਕੇਵਲ 750, ਪੀਪਲਜ਼ ਪਾਰਟੀ ਵਿਜੈ ਕੁਮਾਰ ਨੂੰ 349 ਅਤੇ ਆਜ਼ਾਦ ਉਮੀਦਵਾਰ ਨੂੰ 271 ਵੋਟਾਂ ਮਿਲੀਆਂ।
ਆਪਣੀ ਇਸ ਸ਼ਾਨਦਾਰ ਜਿੱਤ ‘ਤੇ ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਦੇ ਵੋਟਰਾਂ, ਸੁਪੋਰਟਰਾਂ ਤੇ ਵਾਲੰਟੀਅਰਾਂ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਆਪਣੇ ਹਲਕੇ ਬਰੈਂਪਟਨ ਸਾਊਥ ਤੇ ਬਰੈਂਪਟਨ ਵਾਸੀਆਂ ਦੀ ਸੇਵਾ ਕਰਨਗੇ ਅਤੇ ਪਾਰਲੀਮੈਂਟ ਵਿੱਚ ਉਨ੍ਹਾਂ ਦੀ ਆਵਾਜ਼ ਹੋਰ ਬੁਲੰਦ ਕਰਨਗੇ।

 

Check Also

ਕੈਨੇਡਾ ‘ਚ ਲਿਬਰਲ ਪਾਰਟੀ ਦੀ ਬਣੀ ਰਹੇਗੀ ਸਰਕਾਰ

ਲਿਬਰਲ ਪਹਿਲੇ, ਕੰਸਰਵੇਟਿਵ ਦੂਜੇ ਅਤੇ ਬਲਾਕ ਕਿਊਬਿਕ ਤੀਜੇ ਸਥਾਨ ‘ਤੇ, ਐਨਡੀਪੀ ਨੂੰ ਮਿਲੀਆਂ 7 ਸੀਟਾਂ …